ਦੋਰਾਹਾ, 29 ਮਈ (ਮਨਜੀਤ ਸਿੰਘ ਗਿੱਲ, ਜਸਵੀਰ ਝੱਜ)-ਦੋਰਾਹਾ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ 'ਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 8 ਵਾਰਡਾਂ 'ਚ ਜਿੱਤ ਦਰਜ ਕਰਕੇ ਸ਼ਹਿਰ ਦੀ ਸਿਆਸਤ ਵਿੱਚ ਆਪਣਾ ਦਬਦਬਾ ਸਾਬਤ ਕੀਤਾ ਹੈ | ਚੋਣ ਨਤੀਜਿਆਂ ਤੋਂ ਬਾਅਦ ਪਾਰਟੀ ਵਰਕਰਾਂ ਅਤੇ ਸਮਰਥਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਜਿੱਤ ਦੀ ਖ਼ੁਸ਼ੀ 'ਚ ਵਰਕਰਾਂ ਵਲੋਂ ਲੱਡੂ ਵੰਡੇ ਗਏ ਅਤੇ ਨਾਅਰੇਬਾਜ਼ੀ ਕਰਕੇ ਜਸ਼ਨ ਮਨਾਇਆ ਗਿਆ | ਚੋਣ ਨਤੀਜਿਆਂ ਅਨੁਸਾਰ ਕਾਂਗਰਸ ਪਾਰਟੀ ਨੂੰ 5 ਵਾਰਡਾਂ ਵਿਚ ਜਿੱਤ ਮਿਲੀ, ਜਦੋਂ ਕਿ 2 ਵਾਰਡਾਂ 'ਚ ਆਜ਼ਾਦ ਉਮੀਦਵਾਰ ਵੀ ਜਿੱਤ ਦਰਜ ਕਰਨ ਵਿਚ ਕਾਮਯਾਬ ਰਹੇ | ਇਸ ਵਾਰ ਦੀ ਚੋਣ ਵਿੱਚ ਸਭ ਤੋਂ ਵੱਧ ਚਰਚਾ ਪ੍ਰਧਾਨ ਪੱਪੂ ਦੀ ਰਹੀ, ਜਿਨ੍ਹਾਂ ਨੇ ਆਪਣੀਆਂ ਤਿੰਨੋਂ ਸੀਟਾਂ 'ਤੇ ਜਿੱਤ ਹਾਸਿਲ ਕਰਕੇ ਆਪਣੀ ਮਜ਼ਬੂਤ ਪਕੜ ਸਾਬਤ ਕੀਤੀ | ਚੋਣ ਨਤੀਜੇ ਐਲਾਨ ਹੋਣ ਦੇ ਨਾਲ ਹੀ ਦੋਰਾਹਾ ਸ਼ਹਿਰ 'ਚ 'ਆਪ' ਸਮਰਥਕਾਂ ਵੱਲੋਂ ਜਸ਼ਨ ਦਾ ਮਾਹੌਲ ਬਣ ਗਿਆ | ਇਸ ਮੌਕੇ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਦੋਰਾਹਾ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸ ਪੱਖੀ ਸੋਚ 'ਤੇ ਮੋਹਰ ਲਗਾਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਰਟੀ ਵਰਕਰਾਂ ਵੱਲੋਂ ਲੋਕਾਂ ਦੇ ਵਿਚ ਰਹਿ ਕੇ ਕੀਤੇ ਕੰਮਾਂ ਦਾ ਨਤੀਜਾ ਅੱਜ ਚੋਣ ਨਤੀਜਿਆਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ | ਉਨ੍ਹਾਂ ਕਿਹਾ ਕਿ ਦੋਰਾਹਾ ਸ਼ਹਿਰ ਦੇ ਵਿਕਾਸ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਤੇਜ਼ੀ ਨਾਲ ਕੰਮ ਕਰਵਾਏ ਜਾਣਗੇ ਅਤੇ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ | ਪ੍ਰਾਪਤ ਨਤੀਜਿਆਂ ਅਨੁਸਾਰ ਵਿੱਚ ਵਾਰਡ ਨੰਬਰ 1 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਤਮੰਨਾ ਮਲਹੋਤਰਾ 81 ਵੋਟਾਂ ਨਾਲ ਜੇਤੂ ਰਹੀ | ਵਾਰਡ ਨੰਬਰ 2 ਤੋਂ 'ਆਪ' ਦੇ ਉਮੀਦਵਾਰ ਰਾਹੁਲ ਬੈਕਟਰ ਰਿੱਕੀ 27 ਵੋਟਾਂ ਨਾਲ ਜਿੱਤੇ | ਵਾਰਡ ਨੰਬਰ 3 ਤੋਂ ਆਪ ਦੀ ਉਮੀਦਵਾਰ ਪੂਜਾ 205 ਵੋਟਾਂ ਨਾਲ ਜੇਤੂ ਰਹੀ | ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਅਮਰੀਕ ਚੰਦ 118 ਵੋਟਾਂ ਨਾਲ ਜਿੱਤੇ, ਜਦਕਿ ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਿ੍ਆ ਸ਼ਰਮਾ 47 ਵੋਟਾਂ ਨਾਲ ਜੇਤੂ ਰਹੀ | ਇਸੇ ਤਰ੍ਹਾਂ ਵਾਰਡ ਨੰਬਰ 6 ਤੋਂ ਆਪ ਦੇ ਅਨਮੋਲ ਸ਼ਰਮਾ 113 ਵੋਟਾਂ ਨਾਲ ਜੇਤੂ ਰਹੇ | ਵਾਰਡ ਨੰਬਰ 7 ਤੋਂ ਕਾਂਗਰਸ ਦੀ ਉਮੀਦਵਾਰ ਰਣਜੀਤ ਕੌਰ ਗਹੀਰ 462 ਵੋਟਾਂ ਨਾਲ ਜਿੱਤੀ | ਵਾਰਡ ਨੰਬਰ 8 ਤੋਂ ਆਪ ਦੇ ਉਮੀਦਵਾਰ ਸੁਦਰਸ਼ਨ ਸ਼ਰਮਾ ਪੱਪੂ 211 ਵੋਟਾਂ ਨਾਲ ਜੇਤੂ ਰਹੇ | ਵਾਰਡ ਨੰਬਰ 9 ਤੋਂ ਆਜ਼ਾਦ ਉਮੀਦਵਾਰ ਪੰਕਜ ਗੌਤਮ 47 ਵੋਟਾਂ ਨਾਲ ਜਿੱਤੇ, ਜਦਕਿ ਵਾਰਡ ਨੰਬਰ 10 ਤੋਂ ਆਪ ਦੇ ਉਮੀਦਵਾਰ ਕੰਵਲਜੀਤ ਸਿੰਘ ਬਿੱਟੂ 15 ਵੋਟਾਂ ਨਾਲ ਜੇਤੂ ਰਹੇ | ਵਾਰਡ ਨੰਬਰ 11 ਤੋਂ ਕਾਂਗਰਸ ਦੇ ਉਮੀਦਵਾਰ ਕੁਲਵੰਤ ਸਿੰਘ ਕਾਲੂ 211 ਵੋਟਾਂ ਨਾਲ ਜੇਤੂ ਰਹੇ | ਵਾਰਡ ਨੰਬਰ 12 ਤੋਂ ਆਪ ਦੀ ਉਮੀਦਵਾਰ ਜਸਵੰਤ ਕੌਰ ਲੋਹਟ 164 ਵੋਟਾਂ ਨਾਲ ਜਿੱਤੀ | ਵਾਰਡ ਨੰਬਰ 13 ਤੋਂ ਕਾਂਗਰਸ ਦੇ ਉਮੀਦਵਾਰ ਇੰਦਰਜੀਤ ਸਿੰਘ ਸ਼ਾਲੂ ਬਾਬਾ 33 ਵੋਟਾਂ ਨਾਲ ਜੇਤੂ ਰਹੇ | ਵਾਰਡ ਨੰਬਰ 14 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਣਵੀਰ ਸਿੰਘ 40 ਵੋਟਾਂ ਨਾਲ ਜਿੱਤੇ, ਜਦਕਿ ਵਾਰਡ ਨੰਬਰ 15 ਤੋਂ ਆਪ ਦੀ ਉਮੀਦਵਾਰ ਹਰਜੀਤ ਕੌਰ 7 ਵੋਟਾਂ ਨਾਲ ਜੇਤੂ ਰਹੀ |