ਸਮਰਾਲਾ, 10 ਜੁਲਾਈ (ਕੁਲਵਿੰਦਰ ਸਿੰਘ, ਗੋਪਾਲ ਸੋਫਤ)-ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਸਕਿੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਮੇਨ ਚੌਂਕ ਸਮਰਾਲਾ ਵਿਖੇ ਹੋਈ। ਮੀਟਿੰਗ ਦੌਰਾਨ ਪਿਛਲੇ ਅਰਸੇ ਦੌਰਾਨ ਪਾਵਰਕਾਮ ਪੈਨਸ਼ਨਰਾਂ ਵਲੋਂ ਕੀਤੇ ਸੰਘਰਸ਼ਾਂ ਦੀ ਪੜਚੋਲ ਕਰਦੇ ਹੋਏ ਮੀਟਿੰਗ ਨੂੰ ਸੰਬੋਧਨ ਕਰਦੇ ਸਿਕੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਬੇਰੁਖ਼ੀ ਨੂੰ ਦੇਖਦੇ ਹੋਏ ਸਾਂਝੇ ਫ਼ਰੰਟ ਵਲੋਂ ਸੰਘਰਸ਼ ਨੂੰ ਤੇਜ ਕਰਦੇ ਹੋਏ 17 ਜੁਲਾਈ ਨੂੰ ਚੰਡੀਗੜ੍ਹ ਵਿਖੇ ਰੋਸ ਧਰਨਾ ਅਤੇ ਵਿਸ਼ਾਲ ਮਾਰਚ ਕੀਤਾ ਜਾਵੇਗਾ, ਜਿਸ ਵਿਚ ਪੂਰੇ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਪਾਵਰਕਾਮ ਪੈਨਸ਼ਨਰਜ਼ ਐਸੋ. ਦੇ ਸਾਥੀ ਇਸ ਰੋਸ ਰੈਲੀ ਵਿਚ ਪੂਰੀ ਬੱਸ ਜੋ ਮਾਛੀਵਾੜਾ ਤੋਂ ਸਵੇਰੇ 8.30 ਵਜੇ ਚੱਲੇਗੀ ਅਤੇ ਸਮਰਾਲਾ ਖਮਾਣੋਂ ਹੁੰਦੀ ਹੋਈ ਚੰਡੀਗੜ੍ਹ ਧਰਨੇ ਵਿਚ ਭਰਵੀਂ ਸ਼ਮੂਲੀਅਤ ਕਰੇਗੀ। ਇਸੇ ਤਰ੍ਹਾਂ 29 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਪਾਵਰਕਾਮ ਪੈਨਸ਼ਨਰ ਅਤੇ ਪੰਜਾਬ ਭਰ ਦੇ ਪੈਨਸ਼ਨਰ ਇੱਕ ਵਿਸ਼ਾਲ ਧਰਨਾ ਦੇਣ ਜਾ ਰਹੇ ਹਨ, ਪੰਜਾਬ ਸਰਕਾਰ ਘੂਕ ਨੀਂਦ ਵਿਚ ਸੁੱਤੀ ਪਈ ਹੈ, ਜੋ ਕਿਪੈਨਸ਼ਨਰਾਂ ਦੀਆਂ ਮੰਨੀਆਂ ਮੰਗਾਂ ਵੱਲ ਉੱਕਾ ਧਿਆਨ ਨਹੀਂ ਦੇ ਰਹੀ ਹੈ, ਨੂੰ ਜ਼ਬਰਦਸਤ ਹਲੂਣਾ ਦਿੱਤਾ ਜਾਵੇਗਾ। ਇਸ ਧਰਨੇ ਵਿਚ ਸ਼ਮੂਲੀਅਤ ਕਰਨ ਲਈ ਇੱਕ ਵੱਡੀ ਬੱਸ ਮਾਛੀਵਾੜਾ ਤੋਂ ਸਵੇਰੇ 8 ਵਜੇ ਤੋਂ ਚੱਲ ਕੇ ਸਮਰਾਲਾ ਰਾਹੀਂ ਹੁੰਦੀ ਹੋਈ ਸੰਗਰੂਰ ਪੁੱਜੇਗੀ। ਪਾਵਰਕਾਮ ਦੇ ਜੋ ਠੇਕਾ ਮੁਲਾਜ਼ਮ ਪਟਿਆਲਾ ਵਿਖੇ ਸੰਘਰਸ਼ ਕਰ ਰਹੇ ਹਨ, ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ, ਉਨ੍ਹਾਂ ਨੂੰ ਵਿੱਤੀ ਸਹਾਇਤਾ ਭੇਜਣ ਦਾ ਫ਼ੈਸਲਾ ਵੀ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਇੰਜ. ਪ੍ਰੇਮ ਸਿੰਘ ਰਿਟਾ. ਐੱਸ. ਡੀ. ਓ., ਇੰਜ. ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਰਾਜਿੰਦਰਪਾਲ ਵਡੇਰਾ ਡਿਪਟੀ ਸੀ. ਏ. ਓ., ਜਗਤਾਰ ਸਿੰਘ ਪੈ੍ਰੱਸ ਸਕੱਤਰ, ਇੰਜ. ਦਰਸ਼ਨ ਸਿੰਘ ਵਿੱਤ ਸਕੱਤਰ, ਸੁਰਜੀਤ ਵਿਸ਼ਾਦ, ਭੁਪਿੰਦਰਪਾਲ ਸਿੰਘ ਚਹਿਲਾਂ, ਦਰਸ਼ਨ ਸਿੰਘਕੋਟਾਲਾ,ਪ੍ਰੇਮ ਚੰਦ ਭਲਾ ਲੋਕ, ਜਸਵੰਤ ਸਿੰਘ ਢੰਡਾ, ਮਹੇਸ਼ ਕੁਮਾਰ ਖਮਾਣੋਂ, ਗੁਰਦੀਪ ਸਿੰਘ ਕਟਾਣੀ, ਹਰਪਾਲ ਸਿੰਘ ਸਿਹਾਲਾ, ਅਮਰਜੀਤ ਮਾਛੀਵਾੜਾ, ਕਿਰਨ ਕਪੂਰ ਏ. ਓ., ਕੰਵਰਦੀਪ ਸਿੰਘ ਮਾਂਗਟ ਜੇ. ਈ. ਆਦਿ ਨੇ ਸੰਬੋਧਨ ਕੀਤਾ। ਅਖੀਰ ਵਿਚ ਪ੍ਰਧਾਨ ਸਿਕੰਦਰ ਸਿੰਘ ਵਲੋਂ ਮੀਟਿੰਗ ਵਿਚ ਸ਼ਾਮਲ ਪੈਨਸ਼ਨਰਾਂ ਦਾ ਧੰਨਵਾਦ ਕਰਦੇ ਹੋਏ ਉਪਰੋਕਤ ਸੰਘਰਸ਼ਾਂ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।