ਮਹਿਲ ਕਲਾਂ, 23 ਜਨਵਰੀ (ਅਵਤਾਰ ਸਿੰਘ ਅਣਖੀ)-ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣ ਅਤੇ ਪੰਜਾਬ ਨੂੰ ਬਚਾਉਣ ਲਈ ਸਮੂਹ ਪੰਥਕ ਧਿਰਾਂ ਨੂੰ ਇਕ ਮੁੱਠ ਹੋ ਕੇ ਏਕਤਾ ਨਾਲ ਚੋਣ ਮੈਦਾਨ ਵਿਚ ਉੱਤਰਨਾ ਸਮੇਂ ਦੀ ਮੁੱਖ ਲੋੜ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਕਾਰਜਕਾਰੀ ਪ੍ਰਧਾਨ ਸ: ਈਮਾਨ ਸਿੰਘ ਮਾਨ ਨੇ ਕੀਤਾ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਨਸ਼ਿਆਂ ਅਤੇ ਗੈਂਗਸਟਰਵਾਦ ਦੀ ਅੱਗ 'ਚ ਝੁਲਸ ਰਿਹਾ ਹੈ | ਕੇਂਦਰ ਤੇ ਰਾਜ ਦੀਆਂ ਸਰਕਾਰਾਂ ਮਿਲ ਕੇ ਨੌਜਵਾਨ ਪੀੜ੍ਹੀ ਨੂੰ ਨਸਲਕੁਸ਼ੀ ਵੱਲ ਧੱਕ ਰਹੀਆਂ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਸੱਤਾਧਾਰੀ ਤਾਕਤਾਂ ਦੀਆਂ ਮਾਰੂ ਨੀਤੀਆਂ ਕਾਰਨ ਨੌਜਵਾਨਾਂ ਦਾ ਖ਼ੂਨ ਬੇਰਹਿਮੀ ਨਾਲ ਵਗਾਇਆ ਜਾ ਰਿਹਾ ਹੈ, ਜਦ ਕਿ ਸਰਕਾਰਾਂ ਮੂੰਹ ਮੋੜ ਕੇ ਖੜੀਆਂ ਹਨ | ਉਨ੍ਹਾਂ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਸਾਰੀਆਂ ਪੰਥਕ ਧਿਰਾਂ ਨੂੰ ਆਪਸੀ ਮਤਭੇਦ ਭੁਲਾ ਕੇ ਇੱਕਜੁੱਟ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਸੱਤਾ ਤੋਂ ਆਮ ਆਦਮੀ ਪਾਰਟੀ ਅਤੇ ਭਾਜਪਾ ਵਰਗੀਆਂ ਤਾਕਤਾਂ ਨੂੰ ਦੂਰ ਰੱਖ ਕੇ ਪੰਜਾਬ, ਪੰਥ ਅਤੇ ਨੌਜਵਾਨਾਂ ਦੇ ਭਵਿੱਖ ਦੀ ਰੱਖਿਆ ਕੀਤੀ ਜਾ ਸਕੇ | ਇਸ ਮੌਕੇ ਹਲਕਾ ਇੰਚਾਰਜ ਭਾਈ ਗੁਰਜੰਟ ਸਿੰਘ ਕੱਟੂ, ਜੀਤ ਸਿੰਘ ਮਾਂਗੇਵਾਲ, ਜਥੇਦਾਰ ਮੁਖ਼ਤਿਆਰ ਸਿੰਘ ਛਾਪਾ ਆਦਿ ਆਗੂ ਹਾਜ਼ਰ ਸਨ |