ਸ਼ਹਿਣਾ, 9 ਮਾਰਚ (ਸੁਰੇਸ਼ ਗੋਗੀ)- ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚੋਣ ਮੈਨੀਫੈਸਟੋ 'ਚ ਪੰਜਾਬ ਦੀ ਹਰ ਔਰਤ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਹ ਵਾਅਦਾ ਚਾਰ ਸਾਲ ਬਾਅਦ ਵੀ ਪੂਰਾ ਨਹੀਂ ਕੀਤਾ ਗਿਆ | ਇਹ ਸ਼ਬਦ ਐਡਵੋਕੇਟ ਸਤਨਾਮ ਸਿੰਘ ਰਾਹੀ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਚਾਰ ਸਾਲ ਲੰਘ ਜਾਣ ਦੇ ਬਾਵਜੂਦ ਜੋ ਔਰਤਾਂ ਨਾਲ ਪੈਸੇ ਦੇਣ ਦੀ ਸਰਕਾਰ ਨੇ ਗੱਲ ਕੀਤੀ ਹੈ, ਉਸ ਵਿਚ ਅਜਿਹੀਆਂ ਸ਼ਰਤਾਂ ਰੱਖ ਦਿੱਤੀਆਂ, ਕਿ ਕਿਸੇ ਵੀ ਔਰਤ ਨੂੰ ਕੋਈ ਪੈਸਾ ਸਰਕਾਰ ਤੋਂ ਪ੍ਰਾਪਤ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਚੋਣ ਮੈਨੀਫੈਸਟੋ ਅਨੁਸਾਰ ਸਰਕਾਰ ਨੇ ਹਰ ਔਰਤ ਨੂੰ ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ, ਸੀ ਪਰ ਅਜੋਕੇ ਸਮੇਂ ਦੌਰਾਨ ਜੋ ਬਜਟ ਵਿਚ ਪਾਸ ਕੀਤਾ ਗਿਆ, ਉਸ ਅਨੁਸਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ, ਕਿਸੇ ਵੀ ਤਰ੍ਹਾਂ ਦੀ ਪੈਨਸ਼ਨ ਪ੍ਰਾਪਤ ਔਰਤਾਂ ਜਿਵੇਂ ਬੁਢਾਪਾ ਤੇ ਵਿਧਵਾ ਨੂੰ ਉਪਰੋਕਤ ਇਕ ਹਜ਼ਾਰ ਰੁਪਏ ਦੀ ਰਾਸ਼ੀ ਨਹੀਂ ਮਿਲੇਗੀ | ਉਨ੍ਹਾਂ ਕਿਹਾ ਕਿ ਇਸ ਤੋਂ ਵੀ ਅੱਗੇ ਸਰਕਾਰ ਨੇ ਕਿਹਾ ਕਿ ਜੋ ਔਰਤਾਂ ਸਰਕਾਰ ਨੂੰ ਟੈਕਸ ਅਦਾਇਗੀ ਕਰਦੀਆਂ ਹਨ, ਉਨ੍ਹਾਂ ਨੂੰ ਵੀ ਇਹ ਰਾਸ਼ੀ ਪ੍ਰਾਪਤ ਨਹੀਂ ਹੋਵੇਗੀ ਅਤੇ ਨਾ ਹੀ ਪੈੱਨ ਕਾਰਡ ਧਾਰਕ ਨੂੰ ਸਰਕਾਰੀ ਹਜ਼ਾਰ ਰੁਪਏ ਦੀ ਸਹਾਇਤਾ ਮਿਲੇਗੀ | ਉਨ੍ਹਾਂ ਕਿਹਾ ਕਿ ਪੈਨ ਕਾਰਡ ਬਿਨਾਂ ਬੈਂਕ ਵਿਚ ਖਾਤਾ ਨਹੀਂ ਖੁੱਲ੍ਹਦਾ | ਜਿਸ ਲਈ ਕਿਸੇ ਵੀ ਔਰਤ ਨੂੰ ਇਕ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਮਿਲਣ ਦੀ ਸੰਭਾਵਨਾ ਨਹੀਂ |