ਮਹਿਲ ਕਲਾਂ, 3 ਅਪ੍ਰੈਲ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਪੰਜਾਬ ਸਰਕਾਰ, ਪੰਜਾਬ ਪੁਲਿਸ ਵਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸਬ-ਡਵੀਜ਼ਨ ਮਹਿਲ ਕਲਾਂ ਦੇ ਡੀ.ਐੱਸ.ਪੀ. ਜਸਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਐੱਸ.ਐੱਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਿਸ ਵਲੋਂ ਗਸ਼ਤ ਦੌਰਾਨ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਮੁੱਖ ਅਫ਼ਸਰ ਗੁਰਪਾਲ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਸਮੇਤ ਪੁਲਿਸ ਟੀਮ ਗਸ਼ਤ ਕਰ ਰਹੀ ਸੀ | ਮਿਲੀ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਨੇੜੇ ਪੁਲ ਰਜਵਾਹਾ ਲਿੰਕ ਸੜਕ ਸਹੌਰ ਵਿਖੇ ਛਾਪੇਮਾਰੀ ਕੀਤੀ | ਇਸ ਦੌਰਾਨ ਲਵਪ੍ਰੀਤ ਸਿੰਘ ਲੱਭੂ ਆਵਾ ਬਸਤੀ ਬਰਨਾਲਾ, ਜਸਪ੍ਰੀਤ ਸਿੰਘ ਵਾਸੀ ਵਜੀਦਕੇ, ਮਨਪ੍ਰੀਤ ਸਿੰਘ ਮਨੀ ਭੱਦਲਵੱਡ ਅਤੇ ਗੁਰਪ੍ਰੀਤ ਸਿੰਘ ਗੈਂਡਾ ਵਾਸੀ ਅਮਲਾ ਸਿੰਘ ਵਾਲਾ ਨੂੰ ਕਾਬੂ ਕਰ ਕੇ ਇਨ੍ਹਾਂ ਕੋਲੋਂ ਬਿਨਾਂ ਨੰਬਰ ਵਾਲੇ ਦੋ ਮੋਟਰਸਾਈਕਲਾਂ ਸਮੇਤ ਕਿਰਚਾਂ, ਬੇਸਬਾਲ ਅਤੇ ਗੰਡਾਸੀਆਂ ਵਰਗੇ ਮਾਰੂ ਹਥਿਆਰ ਬਰਾਮਦ ਕੀਤੇ ਗਏ | ਪੁਲਿਸ ਅਨੁਸਾਰ ਗਿਰੋਹ ਦਾ ਇੱਕ ਹੋਰ ਮੈਂਬਰ ਹੈਪੀ ਸਿੰਘ ਵਾਸੀ ਵਜੀਦਕੇ ਕਲਾਂ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ, ਜਿਸ ਦੀ ਭਾਲ ਜਾਰੀ ਹੈ | ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਥਾਣਾ ਠੁੱਲੀਵਾਲ ਵਿਖੇ ਕੇਸ ਦਰਜ ਕਰ ਕੇ ਅਗਲੀ ਵਿਭਾਗੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰ ਕੇ ਅੱਗੇ ਵੇਚਦੇ ਸਨ, ਅਤੇ ਲੁੱਟਾਂ-ਖੋਹਾਂ ਦੀ ਵੱਡੀ ਵਾਰਦਾਤ ਦੀ ਤਿਆਰੀ ਕਰ ਰਹੇ ਸਨ | ਇਸ ਮੌਕੇ ਏ.ਐੱਸ.ਆਈ. ਮਨਜਿੰਦਰ ਸਿੰਘ ਸ਼ੇਰਪੁਰ, ਮੈਡਮ ਗੁਰਮੀਤ ਕੌਰ, ਮਨਿੰਦਰ ਸਿੰਘ ਅਤੇ ਸਤਨਾਮ ਸਿੰਘ ਆਦਿ ਹਾਜ਼ਰ ਸਨ |