ਸ਼ਹਿਣਾ, 17 ਅਪ੍ਰੈਲ (ਸੁਰੇਸ਼ ਗੋਗੀ)-ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਦੀ ਸਾਲਾਂ ਬੱਧੀ ਮੰਗ ਸਰਕਾਰ ਨੇ ਮਨਜ਼ੂਰ ਕੀਤੀ ਹੈ | ਇਹ ਸ਼ਬਦ ਡਾ: ਜੱਗਾ ਸਿੰਘ ਮੌੜ ਜ਼ਿਲ੍ਹਾ ਪ੍ਰਧਾਨ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਮੈਡੀਕਲ ਪੈ੍ਰਕਟੀਸ਼ਨਰ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਸੱਦੇ 'ਤੇ ਜੱਥੇਬੰਦੀ ਦਾ ਵਫ਼ਦ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਬਲਵੀਰ ਸਿੰਘ ਨੂੰ ਮਿਲਿਆ | ਉਨ੍ਹਾਂ ਦੱਸਿਆ ਕਿ ਵਫ਼ਦ ਵਿਚ ਚੇਅਰਮੈਨ ਐਚ.ਐਸ.ਰਾਣੂ, ਸਰਪ੍ਰਸਤ ਸੁਰਜੀਤ ਸਿੰਘ ਲੁਧਿਆਣਾ ਅਤੇ ਬਲਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਮੋਹਾਲੀ, ਗੁਰਮੇਲ ਸਿੰਘ ਮਾਛੀਕੇ ਸਕੱਤਰ ਸ਼ਾਮਿਲ ਸਨ | ਵਫ਼ਦ ਦੀ ਗੱਲ ਕੈਬਨਿਟ ਮੰਤਰੀਆਂ ਨੇ ਧਿਆਨ ਨਾਲ ਸੁਣਨ ਉਪਰੰਤ ਆਗੂਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਆਪਣੀ ਕਹਿਣੀ ਅਨੁਸਾਰ ਉਨ੍ਹਾਂ ਦੀ ਮੰਗ ਪੂਰੀ ਕਰੇਗੀ | ਉਨ੍ਹਾਂ ਕਿਹਾ ਕਿ ਵਫ਼ਦ ਨੇ ਦਸਤਾਵੇਜ਼ਾਂ ਦੀ ਫਾਈਲ ਪੇਸ਼ ਕਰਦਿਆਂ ਮੰਗ ਕੀਤੀ ਕਿ ਸਰਕਾਰ ਕੋਈ ਸੰਖੇਪ ਕੋਰਸ ਕਰਵਾ ਕੇ ਪੈ੍ਰਕਟੀਸ਼ਨਰਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਲਈ ਹੈਲਥ ਕੇਅਰ ਪ੍ਰੋਵਾਈਡਰ ਵਜੋਂ ਅਧਿਕਾਰਤ ਕਰਨ ਦੀ ਪ੍ਰਵਾਨਗੀ ਦੇਵੇ, ਤਾਂ ਜੋ ਇਹ ਕਿੱਤੇ ਨਾਲ ਜੁੜੇ ਲੱਖਾਂ ਲੋਕਾਂ ਦਾ ਸਵੈ ਰੁਜ਼ਗਾਰ ਬਚ ਸਕੇ | ਉਨ੍ਹਾਂ ਇਹ ਵੀ ਹਵਾਲਾ ਦਿੱਤਾ ਕਿ ਪੰਜਾਬ ਦੇ ਲੱਖਾਂ ਗ਼ਰੀਬ ਲੋਕ ਇਨ੍ਹਾਂ ਪੈ੍ਰਕਟੀਸ਼ਨਰਾਂ ਤੋਂ ਘਰ ਬੈਠੇ ਆਪਣੀਆਂ ਸਸਤੀਆਂ ਸਿਹਤ ਸੇਵਾਵਾਂ ਲੈ ਰਹੇ ਹਨ | ਇਸ ਸਮੇਂ ਡਾ: ਜੱਗਾ ਸਿੰਘ ਮੌੜ ਨੇ ਦੱਸਿਆ ਕਿ ਕੈਬਨਿਟ ਮੰਤਰੀਆਂ ਨੇ ਉਪਰੋਕਤ ਮੰਗਾਂ ਸੁਣਨ ਪਿੱਛੋਂ ਭਰੋਸਾ ਦਿਵਾਇਆ ਕਿ ਹੈਲਥ ਕੇਅਰ ਪ੍ਰੋਵਾਈਡਰ ਵਜੋਂ ਸਿਖਲਾਈ ਦਾ ਜਲਦ ਹੀ ਪ੍ਰਬੰਧ ਕੀਤਾ ਜਾਵੇਗਾ |