ਰੂੜੇਕੇ ਕਲਾਂ, 24 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਧੌਲਾ ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਵਪਾਰੀਆਂ ਵਲੋਂ ਬਿਨਾਂ ਮਨਜ਼ੂਰੀ ਲਏ ਆਪਣੇ ਪ੍ਰਾਈਵੇਟ ਯਾਰਡਾਂ ਨੂੰ ਅਨਾਜ ਮੰਡੀ ਵਜੋਂ ਵਰਤ ਕੇ ਕਣਕ ਦੀ ਫ਼ਸਲ ਦੀ ਖਰੀਦ ਕੀਤੀ ਜਾ ਰਹੀ ਹੈ | ਜਿਸ ਸਬੰਧੀ ਕਿ ਜ਼ਿਲ੍ਹੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਚੁੱਪ ਧਾਰੀ ਹੋਈ ਹੈ | ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਐਗਰੀਕਲਚਰਲ ਪ੍ਰੋਡਿਉਸ ਮਾਰਕਿਟਸ ਐਕਟ 1961 ਦੀ ਧਾਰਾ 7 ਏ. ਅਤੇ 13 ਏ. ਅਧੀਨ ਡੈਲੀਗੇਟ ਕੀਤੇ ਅਤੇ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੁਮਾਰ ਅਮਿਤ ਆਈ.ਏ.ਐੱਸ. ਸਕੱਤਰ ਪੰਜਾਬ ਮੰਡੀ ਬੋਰਡ ਪੰਜਾਬ ਵਲੋਂ ਖਰੀਦ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਸੀਜ਼ਨ 2026 ਕਣਕ ਦੀ ਫ਼ਸਲ ਦੀ ਖਰੀਦ ਕਰਨ ਲਈ ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਪਾਸੋਂ ਸਿਫ਼ਾਰਸ਼ ਅਨੁਸਾਰ ਜ਼ਿਲ੍ਹਾ ਬਰਨਾਲਾ ਵਿਚ 45 ਪ੍ਰਾਈਵੇਟ ਯਾਰਡ ਨੂੰ ਮੰਡੀ ਯਾਰਡ ਘੋਸ਼ਿਤ ਕਰਦਿਆਂ ਮਨਜ਼ੂਰੀ ਦਿੱਤੀ ਗਈ ਸੀ | ਜਿਸ ਵਿਚ ਕਿ ਮਾਰਕੀਟ ਕਮੇਟੀ ਬਰਨਾਲਾ ਅਧੀਨ 10 ਪ੍ਰਾਈਵੇਟ ਯਾਰਡ, ਭਦੌੜ 6 ਯਾਰਡ, ਧਨੌਲਾ 7 ਯਾਰਡ, ਮਹਿਲ ਕਲਾਂ 14 ਪ੍ਰਾਈਵੇਟ ਯਾਰਡ ਚਲਾਉਣ ਦੀ ਮਾਨਤਾ ਹੈ ਪ੍ਰੰਤੂ ਮਾਰਕੀਟ ਕਮੇਟੀ ਬਰਨਾਲਾ ਅਧੀਨ ਮਨਜ਼ੂਰੀ ਤੋਂ ਜ਼ਿਆਦਾ ਪ੍ਰਾਈਵੇਟ ਯਾਰਡ ਬਿਨਾਂ ਮਨਜ਼ੂਰੀ ਦੇ ਚਲਾਏ ਜਾ ਰਹੇ ਹਨ | ਪਿੰਡ ਧੌਲਾ, ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਚਲਾਏ ਜਾ ਰਹੇ ਪੰਜ ਪ੍ਰਾਈਵੇਟ ਯਾਰਡ ਸਬੰਧੀ ਜਦੋਂ ਜਾਣਕਾਰੀ ਹਾਸਲ ਕਰਨ ਲਈ ਸਕੱਤਰ ਮਾਰਕੀਟ ਕਮੇਟੀ ਬਰਨਾਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਹ ਤਸੱਲੀਬਖ਼ਸ਼ ਜਵਾਬ ਦੇਣ ਦੀ ਬਜਾਏ ਟਾਲ ਮਟੋਲ ਕਰਦੇ ਰਹੇ | ਜਿਨ੍ਹਾਂ ਨੇ ਚੱਲਦੇ ਉਕਤ ਪ੍ਰਾਈਵੇਟ ਯਾਰਡ ਦੀ ਮਨਜ਼ੂਰੀ ਸਬੰਧੀ ਕੋਈ ਜਵਾਬ ਨਹੀਂ ਦਿੱਤਾ | ਹੁਣ ਸਵਾਲ ਉੱਠਦਾ ਹੈ ਕਿ ਮਾਰਕੀਟ ਕਮੇਟੀ ਬਰਨਾਲਾ ਦੇ ਅਧਿਕਾਰੀਆਂ ਵਲੋਂ ਕਿਸ ਲਾਲਚ ਜਾਂ ਮਜਬੂਰੀ ਵੱਸ ਪ੍ਰਾਈਵੇਟ ਯਾਰਡ ਬਿਨਾਂ ਮਨਜ਼ੂਰੀ ਤੋਂ ਚਲਾਏ ਜਾ ਰਹੇ ਹਨ | ਪਿੰਡ ਧੌਲਾ ਵਿਖੇ ਪ੍ਰਾਈਵੇਟ ਯਾਰਡ ਪਿਛਲੇ ਕਈ ਦਿਨਾਂ ਤੋਂ ਚਲਾਏ ਜਾ ਰਹੇ ਹਨ |