ਬਰਨਾਲਾ, 25 ਅਪ੍ਰੈਲ (ਰਾਜ ਪਨੇਸਰ)-'ਆਪ' ਦੀਆਂ ਨੀਤੀਆਂ ਤੋਂ ਦੁਖੀ ਹੋ ਕੇ 7 ਰਾਜ ਸਭਾ ਮੈਂਬਰ ਭਾਜਪਾ ਵਿਚ ਸ਼ਾਮਿਲ ਹੋਣ ਨਾਲ ਪੰਜਾਬ ਅੰਦਰ 2027 ਵਿਚ ਭਾਜਪਾ ਸਰਕਾਰ ਬਣਨ ਦੇ ਸੰਕੇਤ ਮਿਲ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਹਲਕਾ ਭਦੌੜ ਦੇ ਇੰਚਾਰਜ ਤੇ ਮੌਜੂਦਾ ਬਰਨਾਲਾ ਤੋਂ ਕੌਂਸਲਰ ਧਰਮ ਸਿੰਘ ਫੌਜੀ ਨੇ ਕੀਤਾ ਤੇ ਕਿਹਾ ਕਿ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਚੁਟਕਲੇ ਸੁਣਾ ਕੇ ਆਈ 'ਆਪ' ਸਰਕਾਰ ਦੇ 4 ਸਾਲ ਬੀਤਣ 'ਤੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ | ਇਨ੍ਹਾਂ ਦੇ ਲੀਡਰ ਵੀ ਆਪਣੀ ਸਰਕਾਰ ਤੋਂ ਦੁਖੀ ਹਨ ਅਤੇ ਕੁਝ ਇਨ੍ਹਾਂ ਦੇ ਲੀਡਰ ਆਏ ਦਿਨ ਲੋਕਾਂ ਦੀਆਂ ਜਮੀਨਾਂ ਹੜੱਪਣ ਤੇ ਅਫਸਰਸ਼ਾਹੀ ਤੇ ਬੇ-ਮਤਲਬ ਦਾ ਰੋਹਬ ਮਾਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ | ਸ: ਫੌਜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਾਗੀ ਹੋਏ 7 ਮੈਂਬਰ ਰਾਜ ਸਭਾ ਨੇ ਭਾਜਪਾ ਦਾ ਪੱਲਾ ਫੜਿਆ ਹੈ, ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇਕਰ ਪੰਜਾਬ ਅੰਦਰ ਵਿਕਾਸ ਕਾਰਜ ਕਰਵਾ ਸਕਦਾ ਹੈ ਤਾਂ ਉਹ ਭਾਜਪਾ ਹੀ ਹੈ | 7 ਰਾਜ ਸਭਾ ਮੈਂਬਰ ਹੀ ਨਹੀਂ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ 50 ਦੇ ਕਰੀਬ ਐਮ.ਐਲ.ਏ ਵੀ ਆਮ ਆਦਮੀ ਪਾਰਟੀ ਛੱਡਣ ਦੀ ਤਿਆਰੀ ਕਰ ਰਹੇ ਹਨ ਜਿਸ ਕਾਰਨ 'ਆਪ' ਦੀ ਸੀਨੀਅਰ ਲੀਡਰਸ਼ਿਪ ਦੋਚਿੱਤੀ 'ਚ ਫਸਦੀ ਨਜ਼ਰ ਆ ਰਹੀ ਹੈ | ਪੰਜਾਬ ਅੰਦਰ 2027 ਵਿਚ ਭਾਜਪਾ ਆਪਣੇ ਦਮ 'ਤੇ ਹੀ ਸਰਕਾਰ ਬਣਾਉਣ ਜਾ ਰਹੀ ਹੈ ਤੇ ਪੰਜਾਬ ਅੰਦਰੋਂ ਨਸ਼ਾ, ਬੇਰਜਗਾਰੀ, ਭਿ੍ਸ਼ਟਾਚਾਰ, ਗੈਂਗਸਟਰਵਾਦ ਜੜ੍ਹੋਂ ਖਤਮ ਕਰ ਦੇਵੇਗੀ |