ਮਹਿਲ ਕਲਾਂ, 25 ਅਪ੍ਰੈਲ (ਤਰਸੇਮ ਸਿੰਘ ਗਹਿਲ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਗਿੰਦਰਜੀਤ ਸਿੰਘ ਬਬਲਾ ਰਾਏਸਰ ਦੀ ਅਗਵਾਈ ਹੇਠ ਜਥੇਬੰਦੀ ਦੇ ਵੱਖ-ਵੱਖ ਆਗੂਆਂ ਵਲੋਂ ਮਾਰਕੀਟ ਕਮੇਟੀ ਮਹਿਲ ਕਲਾਂ ਅਧੀਨ ਆਉਂਦੇ ਖ਼ਰੀਦ ਕੇਂਦਰ ਮਹਿਲ ਕਲਾਂ ਸਮੇਤ ਵੱਖ-ਵੱਖ ਅਨਾਜ ਮੰਡੀਆਂ ਦਾ ਦੌਰਾ ਕਰ ਕੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਇਸ ਸਮੇਂ ਜਥੇਬੰਦੀ ਦੇ ਆਗੂਆਂ ਨੇ ਮਹਿਲ ਕਲਾਂ ਵਿਖੇ ਆੜ੍ਹਤੀਆਂ ਵਲੋਂ ਬੋਰੀਆਂ ਵਿਚ ਭਰੀ ਜਾ ਰਹੀ ਕਣਕ ਦਾ ਵਜ਼ਨ ਕਰਨ ਲਈ ਵਰਤੇ ਜਾ ਰਹੇ ਫ਼ਰਸ਼ੀ ਕੰਡਿਆਂ ਦਾ ਤੋਲ ਚੈੱਕ ਕੀਤਾ ਅਤੇ ਕਿਹਾ ਕਿ ਸਰਕਾਰੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਕਿਸਾਨ ਕਿਸਾਨ ਕਿਸੇ ਵੀ ਤਰ੍ਹਾਂ ਦੀ ਕਾਟ-ਕਟਾਈ ਆੜ੍ਹਤੀਆਂ ਜਾਂ ਖ਼ਰੀਦ ਏਜੰਸੀਆਂ ਨੂੰ ਨਹੀਂ ਦੇਣਗੇ | ਅਨਾਜ ਮੰਡੀ ਮਹਿਲ ਕਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਨਗਿੰਦਰਜੀਤ ਸਿੰਘ ਬਬਲਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਚੁੱਕੀ ਹੈ, ਖ਼ਰੀਦ ਪ੍ਰਬੰਧਾਂ ਵਿਚ ਸਰਕਾਰੀ ਅਣਦੇਖੀ ਕਰ ਕੇ ਖ਼ਰੀਦ ਕੇਂਦਰਾਂ ਵਿਚ ਅੱਜ ਦਾ ਕਿਸਾਨ ਰੁਲ ਰਿਹਾ ਹੈ | ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਣਕ ਦੇ ਵੱਡੇ-ਵੱਡੇ ਲੱਗੇ ਅੰਬਾਰ ਮਾੜੇ ਖ਼ਰੀਦ ਪ੍ਰਬੰਧਾਂ ਦੀ ਪੋਲ ਨੂੰ ਖ਼ੋਲ ਰਹੇ ਹਨ ਤੇ ਸਰਕਾਰ ਵਲੋਂ ਖ਼ਰੀਦ ਪ੍ਰਬੰਧਾਂ 'ਤੇ ਕੀਤੇ ਜਾ ਰਹੇ ਫੋਕੇ ਦਾਅਵਿਆਂ ਅਗਵਾਈ ਭਰ ਰਹੇ ਹਨ | ਇਸ ਸਮੇਂ ਜ਼ਿਲ੍ਹਾ ਪ੍ਰਧਾਨ ਬਬਲਾ ਤੇ ਸਾਬਕਾ ਸਰਪੰਚ ਭੁਪਿੰਦਰ ਪਾਲ ਰਾਏਸਰ ਆਦਿ ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਖ਼ਰੀਦ ਪ੍ਰਬੰਧਾਂ ਵਿਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਅਤੇ ਇਸ ਤੋਂ ਇਲਾਵਾ ਮਾਰਕੀਟ ਵਿਚ ਵਿਕ ਰਹੇ ਜਾਅਲੀ ਬੀਜ ਅਤੇ ਖਾਦਾਂ ਦੇ ਵਪਾਰੀਆਂ ਉੱਤੇ ਸ਼ਿਕੰਜਾ ਕੱਸਣ ਦੀ ਕਾਰਵਾਈ ਨੂੰ ਤੇਜ਼ ਕਰਨ ਦੀ ਮੰਗ ਕੀਤੀ ਗਈ | ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਵੱਖ-ਵੱਖ ਕਿਸਾਨ ਆਗੂ ਹਾਜ਼ਰ ਸਨ |