ਬਰਨਾਲਾ, 28 ਅਪ੍ਰੈਲ (ਅਸ਼ੋਕ ਭਾਰਤੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਐੱਨ.ਸੀ.ਸੀ. (ਨੈਸ਼ਨਲ ਕੈਡਿਟ ਕੋਰ) ਦੇ ਨਵੇਂ ਅਕਾਦਮਿਕ ਸੈਸ਼ਨ 2026-27 ਲਈ ਕੈਡਿਟਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ | ਇਸ ਮੌਕੇ 20 ਪੰਜਾਬ ਐਨ. ਸੀ. ਸੀ. ਬਟਾਲੀਅਨ ਬਠਿੰਡਾ ਤੋਂ ਕਮਾਡਿੰਗ ਅਫ਼ਸਰ ਅਵਿਨਾਸ਼ ਪਿਤਰੇ ਦੀ ਅਗਵਾਈ ਵਿਚ ਸੂਬੇਦਾਰ ਜਗਦੀਸ਼ ਸਿੰਘ ਅਤੇ ਹੌਲਦਾਰ ਚਮਕੌਰ ਸਿੰਘ ਦੀ ਟੀਮ ਨੇ ਸਕੂਲ ਵਿਚ ਸ਼ਿਰਕਤ ਕੀਤੀ | ਪਿ੍ੰਸੀਪਲ ਡਾ: ਸੰਦੀਪ ਕੁਮਾਰ ਲੱਠ ਅਤੇ ਐੱਨ.ਸੀ.ਸੀ. ਅਫ਼ਸਰ ਸੁਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਇਹ ਚੋਣ ਮੁਕਾਬਲੇ ਕਰਵਾਏ ਗਏ | ਇਸ ਚੋਣ ਪ੍ਰਕਿਰਿਆ ਵਿਚ ਸਕੂਲ ਦੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਕੈਡਿਟਾਂ ਦੀ ਚੋਣ ਲਈ ਸਰੀਰਕ ਮਾਪਦੰਡ ਜਿਵੇਂ ਕਿ ਕੱਦ ਅਤੇ ਭਾਰ ਚੈੱਕ ਕਰਨ ਤੋਂ ਇਲਾਵਾ, ਦੌੜ ਅਤੇ ਹੋਰ ਸਰੀਰਕ ਕਸਰਤਾਂ ਦੇ ਟੈਸਟ ਵੀ ਲਏ ਗਏ | ਪਿ੍ੰਸੀਪਲ ਡਾ: ਸੰਦੀਪ ਕੁਮਾਰ ਲੱਠ ਨੇ ਕਿਹਾ ਕਿ ਐੱਨ.ਸੀ.ਸੀ. ਨੌਜਵਾਨਾਂ ਵਿਚ ਅਨੁਸ਼ਾਸਨ, ਦੇਸ਼ ਭਗਤੀ ਅਤੇ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਲਈ ਇਕ ਵਧੀਆ ਮੰਚ ਹੈ | ਉਨ੍ਹਾਂ ਦੱਸਿਆ ਕਿ ਚੁਣੇ ਗਏ ਕੈਡਿਟਾਂ ਨੂੰ ਭਵਿੱਖ ਵਿਚ ਵੱਖ-ਵੱਖ ਕੈਂਪਾਂ ਅਤੇ ਗਣਤੰਤਰ ਦਿਵਸ ਦੀ ਪਰੇਡ ਵਰਗੇ ਵੱਕਾਰੀ ਸਮਾਗਮਾਂ ਵਿਚ ਹਿੱਸਾ ਲੈਣ ਦਾ ਮੌਕਾ ਮਿਲੇਗਾ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਐੱਨ.ਸੀ.ਸੀ. ਯੂਨਿਟ ਦੇ ਨੁਮਾਇੰਦੇ ਵੀ ਹਾਜ਼ਰ ਸਨ |