ਸ਼ਹਿਣਾ, 2 ਮਈ (ਸੁਰੇਸ਼ ਗੋਗੀ)-ਸਹਿਕਾਰੀ ਕੋਆਪੇ੍ਰਟਿਵ ਬੈਂਕ ਪੱਖੋ ਕੈਂਚੀਆਂ ਅੱਗੇ-ਵੱਖ ਵੱਖ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਨੇ ਧਰਨਾ ਦੇ ਕੇ ਬੈਂਕ ਮੈਨੇਜਰ ਅਤੇ ਸਹਿਕਾਰਤਾ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਧਰਨੇ 'ਤੇ ਬੈਠੇ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਵਲੋਂ ਜੋ ਲਿਮਟਾਂ ਜਾਂ ਹੱਦ ਕਰਜ਼ੇ ਭਰੇ ਜਾ ਰਹੇ ਹਨ, ਉਸ ਦੇ ਪੈਸੇ ਬੈਂਕ ਵਲੋਂ ਵਾਪਸ ਨਹੀਂ ਕੀਤੇ ਜਾ ਰਹੇ | ਉਨ੍ਹਾਂ ਕਿਹਾ ਕਿ ਹੱਦ ਕਰਜ਼ਿਆਂ 'ਤੇ ਪ੍ਰਤੀ ਏਕੜ 23 ਹਜ਼ਾਰ ਦੀ ਰਾਸ਼ੀ ਮਿਲਦੀ ਸੀ, ਜੋ ਕਿ ਸਰਕਾਰ ਨੇ 30 ਹਜ਼ਾਰ ਰੁਪਏ ਕਰ ਦਿੱਤੀ ਪਰ ਬੈਂਕ ਅਧਿਕਾਰੀ ਪਿਛਲੀ ਕਿਸ਼ਤ ਵੀ ਦੇਣ ਲਈ ਤਿਆਰ ਨਹੀਂ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਕੈਸ਼ ਬੈਂਕ ਵਲੋਂ ਨਹੀਂ ਦਿੱਤਾ ਜਾ ਰਿਹਾ, ਬਲਕਿ ਕਿਸਾਨਾਂ ਦੀਆਂ ਅੰਦਰ ਜਾਣ ਸਮੇਂ ਬੈਂਕ ਮੈਨੇਜਰ ਵਲੋਂ ਵੀਡੀਓ ਬਣਾਈ ਜਾਂਦੀ ਹੈ ਅਤੇ ਵਿਵਹਾਰ ਵੀ ਮਾੜਾ ਕੀਤਾ ਜਾਂਦਾ ਹੈ | ਚੀਮਾ ਸੁਸਾਇਟੀ ਦੇ ਪ੍ਰਧਾਨ ਸੁਖਵੰਤ ਸਿੰਘ ਕਾਲਾ ਨੇ ਕਿਹਾ ਕਿ ਚੀਮਾ ਸੁਸਾਇਟੀ ਦਾ ਤਿੰਨ ਪ੍ਰਤੀਸ਼ਤ ਮੁਆਫ਼ੀ ਦਾ ਪੈਸਾ ਤਕਰੀਬਨ 7 ਲੱਖ ਰੁਪਏ ਬੈਂਕ ਕੋਲ ਲੰਬੇ ਸਮੇਂ ਤੋਂ ਪਿਆ ਹੈ ਜਿਸ ਨੂੰ ਬੈਂਕ ਮੈਨੇਜਰ ਨਹੀਂ ਦੇ ਰਿਹਾ | ਇਸੇ ਤਰ੍ਹਾਂ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਪ੍ਰੇਸ਼ਾਨੀ ਦੇ ਕਾਰਨ ਬੈਂਕ ਅੱਗੇ ਧਰਨਾ ਲਾਉਣਾ ਪੈ ਰਿਹਾ ਹੈ, ਜੋ ਕਿਸਾਨ ਇਸ ਦੁਨੀਆ ਵਿਚ ਨਹੀਂ ਰਹੇ, ਉਨ੍ਹਾਂ ਦੇ ਪਰਿਵਾਰਕ ਅਤੇ ਵਾਰਿਸਾਂ ਦੇ ਨਵੇਂ ਖਾਤੇ ਨਹੀਂ ਖੋਲੇ੍ਹ ਜਾ ਰਹੇ | ਜਿਨ੍ਹਾਂ ਦਾ ਲੱਖਾਂ ਰੁਪਏ ਬੈਂਕ ਵਿਚ ਲਾਵਾਰਸ ਪਿਆ ਹੈ | ਕਿਸਾਨਾਂ ਨੇ ਕਿਹਾ ਕਿ ਜੇਕਰ ਛੇਤੀ ਹੱਲ ਨਾ ਕੀਤਾ ਤਾਂ ਇਸ ਧਰਨੇ ਨੂੰ ਜ਼ਿਲ੍ਹਾ ਪੱਧਰੀ ਕੀਤਾ ਜਾਵੇਗਾ | ਇਸ ਮੌਕੇ ਦਰਸ਼ਨ ਸਿੰਘ ਉਗੋਕੇ ਜ਼ਿਲ੍ਹਾ ਪ੍ਰਧਾਨ ਡਕੌਂਦਾ, ਦਰਸ਼ਨ ਸਿੰਘ ਚੀਮਾ ਬਲਾਕ ਆਗੂ ਉਗਰਾਹਾਂ, ਗੁਰਮੇਲ ਸਿੰਘ ਜਗਜੀਤਪੁਰਾ, ਗੋਗੀ ਚੀਮਾ, ਸੋਨੀ ਸਿੱਧੂ, ਜਗਤਾਰ ਸਿੰਘ ਥਿੰਦ, ਜੀਤ ਸਿੰਘ ਗਿਆਨੀ ਉਗੋਕੇ, ਲਛਮਣ ਸਿੰਘ ਉਗੋਕੇ, ਨੱਥਾ ਸਿੰਘ ਚਹਿਲ ਜੋਧਪੁਰ, ਪਾਲ ਸਿੰਘ ਈਨਾ ਜੋਧਪੁਰ, ਰਾਜਿੰਦਰ ਸਿੰਘ ਚੀਮਾ, ਸਾਧੂ ਸਿੰਘ, ਗੁਲਜ਼ਾਰ ਸਿੰਘ, ਹੰਸਾ ਸਿੰਘ ਜਾਗਲ, ਨਛੱਤਰ ਸਿੰਘ ਚੀਮਾ, ਮੁਖਤਿਆਰ ਸਿੰਘ ਜੋਧਪੁਰ, ਗੁਰਪ੍ਰੀਤ ਸਿੰਘ ਗੁਰੀ ਜੋਧਪੁਰ, ਸੁਖਦੇਵ ਸਿੰਘ ਜਗਜੀਤਪੁਰ ਆਦਿ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ | ਇਸ ਸਮੇਂ ਬੈਂਕ ਮੈਨੇਜਰ ਟਿੰਕੂ ਮਿੱਤਲ ਨੇ ਕਿਹਾ ਕਿ ਜੋ ਹੱਦ ਕਰਜ਼ੇ 23 ਹਜ਼ਾਰ ਦੀ ਬਿਜਾਏ 30 ਹਜ਼ਾਰ ਦੇਣ ਦੀ ਕਿਸਾਨ ਮੰਗ ਕਰਦੇ ਹਨ, ਉਸ ਸਬੰਧੀ ਬੈਂਕਾਂ ਨੂੰ ਕੋਈ ਪੱਤਰ ਜਾਰੀ ਨਹੀਂ ਹੋਇਆ | ਪੂਰੇ ਪੰਜਾਬ ਵਿਚ ਇਹ ਮਸਲਾ ਗਰਮਾਇਆ ਹੋਇਆ ਹੈ | ਉਨ੍ਹਾਂ ਕਿਹਾ ਕਿ ਪੁਰਾਣੇ ਹੱਦ ਕਰਜ਼ੇ ਦੀ ਬਣਦੀ ਰਕਮ ਬੈਂਕ ਦੇਣ ਲਈ ਤਿਆਰ ਹੈ | ਉਨ੍ਹਾਂ ਕਿਹਾ ਕਿ ਬੈਂਕ ਵਿਚ ਕਿਸੇ ਨਾਲ ਵੀ ਵਿਵਹਾਰ ਮਾੜਾ ਨਹੀਂ ਕੀਤਾ ਜਾਂਦਾ | ਇਸ ਉਪਰੰਤ ਥਾਣਾ ਮੁਖੀ ਮੈਡਮ ਰੈਨੂੰ ਪਰੋਚਾ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਉਨ੍ਹਾਂ ਬੈਂਕ ਮੈਨੇਜਰ ਦੀ ਕਿਸਾਨਾਂ ਦੇ ਵਫ਼ਦ ਨਾਲ ਮੀਟਿੰਗ ਵੀ ਕਰਵਾਈ, ਪਰ ਮੀਟਿੰਗ ਬੇਸਿੱਟਾ ਰਹੀ |