ਰੂੜੇਕੇ ਕਲਾਂ, 2 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਸੀ.ਆਈ.ਐਸ.ਸੀ.ਈ ਬੋਰਡ ਨਵੀਂ ਦਿੱਲੀ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚੋਂ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੀਆਂ ਦੋ ਵਿਦਿਆਰਥਣਾਂ ਨੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਦੀ ਅਗਵਾਈ ਵਿਚ ਚੰਗੇ ਨੰਬਰ ਲੈ ਕੇ ਜ਼ਿਲ੍ਹਾ ਬਰਨਾਲਾ ਵਿਚੋਂ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ | ਸੰਸਥਾ ਦੇ ਪਿ੍ੰਸੀਪਲ ਅਮਨਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਸੰਸਥਾ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਹੁਸਨਪ੍ਰੀਤ ਕੌਰ ਪੁੱਤਰੀ ਮਨਪ੍ਰੀਤ ਸਿੰਘ ਗਿੱਲ ਨੇ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚੋਂ 97.6 ਫ਼ੀਸਦੀ ਅੰਕ ਲੈ ਕੇ ਜ਼ਿਲ੍ਹਾ ਬਰਨਾਲਾ ਵਿਚੋਂ ਪਹਿਲਾ ਸਥਾਨ, ਰਵਨੀਤ ਕੌਰ ਪੁੱਤਰੀ ਭੁਪਿੰਦਰ ਸਿੰਘ ਨੇ 97.2 ਫ਼ੀਸਦੀ ਅੰਕ ਲੈ ਕੇ ਜ਼ਿਲ੍ਹਾ ਬਰਨਾਲਾ ਵਿਚੋਂ ਦੂਜਾ ਸਥਾਨ ਹਾਸਿਲ ਕੀਤਾ ਹੈ | ਜ਼ਿਲ੍ਹਾ ਭਰ ਦੀਆਂ ਪਹਿਲੀਆਂ ਦੋ ਪੁਜ਼ੀਸ਼ਨਾਂ ਹਾਸਲ ਕਰ ਕੇ ਸੰਸਥਾ ਦੀਆਂ ਵਿਦਿਆਰਥਣਾਂ ਨੇ ਸੰਸਥਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਇਹ ਪ੍ਰਾਪਤੀ ਸੰਸਥਾ ਦੇ ਚੰਗੇ ਵਿੱਦਿਅਕ ਪ੍ਰਬੰਧ, ਤਜਰਬੇਕਾਰ ਅਧਿਆਪਕ ਤੇ ਮਾਪਿਆਂ ਵਲੋਂ ਮਿਲੇ ਭਰਪੂਰ ਸਹਿਯੋਗ ਸਦਕਾ ਮਿਲੀ ਹੈ | ਜ਼ਿਲ੍ਹਾ ਭਰ ਵਿਚੋਂ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਉਕਤ ਵਿਦਿਆਰਥਣਾਂ ਨੂੰ ਸੰਸਥਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਮਾਗਮ ਰਾਹੀ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਸੰਸਥਾ ਦੇ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ |