ਬਰਨਾਲਾ, 23 ਮਈ (ਰਾਜ ਪਨੇਸਰ)-ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 44 ਜਿੱਥੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਓ.ਐਸ.ਡੀ. ਹਸਨਪ੍ਰੀਤ ਭਾਰਦਵਾਜ ਚੋਣ ਲੜ ਰਹੇ ਹਨ ਉਥੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਪੀ.ਏ ਬਿੱਟੂ ਸ਼ਰਮਾ ਵੀ ਚੋਣ ਮੈਦਾਨ ਵਿਚ ਹਨ | ਵਿਧਾਇਕ ਕਾਲਾ ਢਿੱਲੋਂ ਵਲੋਂ ਆਪਣੇ ਉਮੀਦਵਾਰ ਬਿੱਟੂ ਸ਼ਰਮਾ ਦੇ ਹੱਕ 'ਚ ਡੋਰ ਟੂ ਡੋਰ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸ ਤੋਂ ਬਾਅਦ ਵਾਰਡ ਵਿਚ ਕਾਂਗਰਸ ਅਤੇ 'ਆਪ' ਦੇ ਉਮੀਦਵਾਰਾਂ 'ਚ ਮੁਕਾਬਲੇ ਦੀ ਸਥਿਤੀ ਬਣ ਚੁੱਕੀ ਹੈ | ਉਂਝ ਭਾਵੇਂ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਇੱਥੇ ਆਪਣਾ ਉਮੀਦਵਾਰ ਖੜ੍ਹਾ ਕੀਤਾ ਗਿਆ ਅਤੇ ਇਕ ਆਮ ਆਦਮੀ ਪਾਰਟੀ ਦਾ ਬਾਗ਼ੀ ਉਮੀਦਵਾਰ ਵੀ ਆਜ਼ਾਦ ਤੌਰ 'ਤੇ ਮੈਦਾਨ ਵਿਚ ਇਹ ਪ੍ਰੰਤੂ ਮੁੱਖ ਮੁਕਾਬਲਾ ਹਸਨਪ੍ਰੀਤ ਭਾਰਦਵਾਜ ਅਤੇ ਬਿੱਟੂ ਸ਼ਰਮਾ ਵਿਚਕਾਰ ਹੀ ਹੋਵੇਗਾ | ਵਾਰਡ ਨੰਬਰ 44 ਵਿਚ ਬੀਤੇ ਦੋ ਦਿਨਾਂ ਤੋਂ 'ਕੁੱਲੀਆਂ ਤੇ ਮਹਿਲਾਂ' ਵਿਚਕਾਰ ਟੱਕਰ ਦੇ ਪ੍ਰਚਾਰ ਨੇ ਸੱਤਾਧਾਰੀ ਪਾਰਟੀ ਲਈ ਅÏਖੀ ਸਥਿਤੀ ਪੈਦਾ ਕੀਤੀ ਹੋਈ ਹੈ, ਇਸ ਪ੍ਰਚਾਰ ਨੇ ਇੱਥੇ ਸਰਮਾਏਦਾਰਾਂ ਅਤੇ ਮਜ਼ਦੂਰਾਂ ਦੀ ਟੱਕਰ ਦੇ ਹਾਲਾਤ ਪੈਦਾ ਕਰ ਦਿੱਤੇ ਹਨ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਵਾਰਡ ਨੰਬਰ 44 ਵਿਚ ਦਲਿਤ ਵੋਟਰਾਂ ਅਤੇ ਹੋਰ ਪਛੜੀਆਂ ਸ਼੍ਰੇਣੀਆਂ ਦੇ ਵੋਟਰਾਂ ਦੀ ਗਿਣਤੀ ਚੰਗੇ ਚੰਗੇ ਆਗੂਆਂ ਦੇ ਸਮੀਕਰਨ ਵਿਗਾੜਨ ਦੇ ਸਮਰੱਥ ਹੈ | ਹਾੱਟ ਸੀਟ ਹੋਣ ਕਰ ਕੇ ਸ਼ਹਿਰ ਦੇ ਵਾਰਡ ਨੰਬਰ 44 ਵੱਲ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ |