ਤਪਾ ਮੰਡੀ, 14 ਜੂਨ (ਪ੍ਰਵੀਨ ਗਰਗ)-ਜੁਗਾੜੂ ਰੇਹੜੀ ਚਾਲਕਾਂ ਅਤੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵਲੋਂ ਰੇਲਵੇ ਪਾਰਕ ਤਪਾ ਵਿਖੇ ਇੱਕ ਸਾਂਝੀ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਆਗੂ ਭੋਲਾ ਸਿੰਘ ਝੱਬਰ, ਨਾਨਕ ਸਿੰਘ ਤਪਾ ਅਤੇ ਹੋਰ ਆਗੂਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਜੁਗਾੜੂ ਰੇਹੜੀਆਂ ਨੂੰ ਬੰਦ ਕਰਨ ਸਬੰਧੀ ਜਾਰੀ ਕੀਤੇ ਗਏ ਹੁਕਮ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਜੇ ਸਰਕਾਰ ਰੇਹੜੀਆਂ ਬੰਦ ਕਰਨਾ ਚਾਹੁੰਦੀ ਹੈ ਤਾਂ ਪਹਿਲਾਂ ਇਨ੍ਹਾਂ ਨਾਲ ਆਪਣਾ ਰੋਜ਼ਗਾਰ ਚਲਾ ਰਹੇ ਲੋਕਾਂ ਦੇ ਪੁਨਰਵਾਸ ਅਤੇ ਰੋਜ਼ੀ-ਰੋਟੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ | ਆਗੂਆਂ ਨੇ ਕਿਹਾ ਕਿ ਜੁਗਾੜੂ ਰੇਹੜੀਆਂ ਨਾਲ ਅਨੇਕਾਂ ਗ਼ਰੀਬ ਪਰਿਵਾਰਾਂ ਦਾ ਗੁਜ਼ਾਰਾ ਚੱਲ ਰਿਹਾ ਹੈ ਅਤੇ ਜੇ ਇਹ ਬੰਦ ਹੋ ਜਾਂਦੀਆਂ ਹਨ ਤਾਂ ਇਨ੍ਹਾਂ ਪਰਿਵਾਰਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਵੇਗਾ | ਇਸ ਮੌਕੇ ਜੁਗਾੜੂ ਰੇਹੜੀ ਯੂਨੀਅਨ ਦੀ ਚੋਣ ਵੀ ਕਰਵਾਈ ਗਈ, ਜਿਸ ਦੌਰਾਨ ਨਵੇਂ ਅਹੁਦੇਦਾਰਾਂ ਦੀ ਚੋਣ ਸਹਿਮਤੀ ਨਾਲ ਕੀਤੀ ਗਈ, ਜਿਸ ਵਿਚ ਭੁਪਿੰਦਰ ਸਿੰਘ ਪ੍ਰਧਾਨ, ਕਿ੍ਸ਼ਨ ਸਰੂਪ ਖ਼ਜ਼ਾਨਚੀ, ਤਾਰਾ ਸਿੰਘ ਦਰਾਜ਼ ਮੀਤ ਪ੍ਰਧਾਨ, ਅਮਨਾ ਸਿੰਘ ਪੈੱ੍ਰਸ ਸਕੱਤਰ, ਵੀਰੀ ਸਿੰਘ ਪ੍ਰਚਾਰ ਸਕੱਤਰ ਤੋਂ ਇਲਾਵਾ ਜੱਗਾ ਸਿੰਘ, ਸੂਰਜ ਭਾਨ, ਰਾਜਾ ਸਿੰਘ, ਫ਼ੌਜੀ ਸਿੰਘ, ਕਾਕਾ ਸਿੰਘ ਆਦਿ ਮੈਂਬਰ ਚੁਣੇ ਗਏ |