ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਕਿਸਾਨ ਜਥੇਬੰਦੀਆਂ ਨੇ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ’ਚ ਮੁੱਖ ਮਾਰਗ ਕੀਤਾ ਜਾਮ

Ad Position 21
No active advertisement
ਅਜੀਤ ਡੈਸਕ 29-06-2026

ਤਪਾ ਮੰਡੀ, 28 ਜੂਨ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਅੱਜ ਉਸ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਜਦੋਂ ਕਿਸਾਨ ਜਥੇਬੰਦੀਆਂ ਨੇ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ’ਚ ਮੁੱਖ ਮਾਰਗ ’ਤੇ ਧਰਨਾ ਲਾ ਕੇ ਜਾਮ ਲਗਾ ਦਿੱਤਾ ਤੇ ਪਾਵਰਕਾਮ ਅਤੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ । ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਉਗਰਾਹਾਂ ਦੇ ਆਗੂਆਂ ਨੇ ਪਿੰਡ ਤਾਜੋਕੇ ਦੇ ਕਿਸਾਨਾਂ ਨਾਲ ਮਿਲ ਕੇ ਦੋਸ਼ ਲਾਇਆ ਕਿ ਸਰਕਾਰ ਵਲੋਂ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਦੇਣ ਦੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ। ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰੂੜੇਕੇ ਕਲਾਂ, ਬਲਾਕ ਪ੍ਰਧਾਨ ਲੱਖੋਵਾਲ ਮੰਦਿਰ ਸਿੰਘ ਤਾਜੋਕੇ ਅਤੇ ਉਗਰਾਹਾਂ ਇਕਾਈ ਤਪਾ ਦੇ ਪ੍ਰਧਾਨ ਰਾਜ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਝੋਨੇ ਦੀ ਲਵਾਈ ਸਮੇਂ ਕਿਸਾਨਾਂ ਨੂੰ ਰੋਜ਼ਾਨਾ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ। ਪਰ ਹਕੀਕਤ ਵਿਚ ਸਿਰਫ਼ ਤਿੰਨ ਤੋਂ ਚਾਰ ਘੰਟੇ ਹੀ ਬਿਜਲੀ ਮਿਲ ਰਹੀ ਹੈ, ਜਿਸ ਕਾਰਨ ਖੇਤਾਂ ਵਿਚ ਝੋਨੇ ਦੀ ਫ਼ਸਲ ਸੁੱਕਣ ਲੱਗ ਪਈ ਹੈ ਅਤੇ ਕਿਸਾਨਾਂ ਨੂੰ ਡੀਜ਼ਲ, ਖਾਦ ਅਤੇ ਮਜ਼ਦੂਰੀ ਵਰਗੇ ਵਾਧੂ ਖ਼ਰਚੇ ਝੱਲਣੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਿਸਾਨਾਂ ਵਲੋਂ ਧਰਨਾ ਦਿੱਤਾ ਗਿਆ ਸੀ, ਜਿਸ ਦੌਰਾਨ ਪ੍ਰਸ਼ਾਸਨ ਨੇ ਜਲਦੀ ਹੀ ਪੂਰੀ ਬਿਜਲੀ ਸਪਲਾਈ ਦੇਣ ਦਾ ਭਰੋਸਾ ਦਿੱਤਾ ਸੀ। ਪਰ ਹਾਲਾਤ ਵਿਚ ਕੋਈ ਸੁਧਾਰ ਨਾ ਆਉਣ ਕਾਰਨ ਕਿਸਾਨਾਂ ਨੂੰ ਮੁੜ ਸੜਕਾਂ ’ਤੇ ਉੱਤਰਨਾ ਪਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਖੇਤੀ ਸੈਕਟਰ ਲਈ ਲੋੜੀਂਦੀ ਬਿਜਲੀ ਸਪਲਾਈ ਯਕੀਨੀ ਨਾ ਬਣਾਈ ਗਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਲੋੜ ਪੈਣ ’ਤੇ ਹਾਈਵੇ ਦੇ ਨਾਲ-ਨਾਲ ਹੋਰ ਮੁੱਖ ਸੜਕਾਂ ਵੀ ਜਾਮ ਕੀਤੀਆਂ ਜਾਣਗੀਆਂ। ਹਾਈਵੇ ਜਾਮ ਹੋਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਸਮੇਤ ਪੁਲਿਸ ਪਾਰਟੀ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਸੜਕ ਦੇ ਇੱਕ ਪਾਸੇ ਬੈਠਣ ਦੀ ਅਪੀਲ ਕੀਤੀ, ਪਰ ਕਿਸਾਨ ਆਪਣੀਆਂ ਮੰਗਾਂ ’ਤੇ ਡਟੇ ਰਹੇ । ਗਰਿੱਡ ’ਤੇ ਹਾਜ਼ਰ ਮੁਲਾਜ਼ਮ ਦਾ ਕਹਿਣਾ ਹੈ ਇੱਥੋਂ 18 ਫੀਡਰ ਪਿੰਡਾਂ ਨੂੰ ਬਿਜਲੀ ਸਪਲਾਈ ਦਿੱਤੀ ਜਾ ਰਹੀ ਕਿਸੇ ਨਾਲ ਵੀ ਭੇਦਭਾਵ ਨਹੀਂ ਕੀਤਾ ਜਾ ਰਿਹਾ, ਸਾਰਿਆਂ ਨੂੰ ਬਰਾਬਰ ਦੀ ਸਪਲਾਈ ਦਿੱਤੀ ਜਾ ਰਹੀ ਹੈ, ਲੇਕਿਨ ਤਾਜੋਕੇ ਅਤੇ ਘੁੜੈਲਾ ਵਾਲੇ ਕਿਸਾਨ ਕਹਿ ਰਹੇ ਹਨ ਕਿ ਬਿਜਲੀ ਸਪਲਾਈ ਘੱਟ ਮਿਲ ਰਹੀ ਹੈ । ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਖੇਤੀ ਸੈਕਟਰ ਨੂੰ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਪਾਵਰਕਾਮ ਵਲੋਂ ਕੱਟਾਂ ਸਬੰਧੀ ਦੱਸਿਆ ਜਾਂਦਾ ਹੈ । ਹਾਈਵੇ ਜਾਮ ਕਾਰਨ ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ । ਕਈ ਵਾਹਨ ਲੰਬੇ ਸਮੇਂ ਤੱਕ ਜਾਮ ਵਿਚ ਫਸੇ ਰਹੇ, ਜਦਕਿ ਬੱਸਾਂ ਵੀ ਆਪਣੇ ਨਿਰਧਾਰਿਤ ਸਮੇਂ ਨਾਲੋਂ ਦੇਰ ਨਾਲ ਮੰਜ਼ਿਲਾਂ ’ਤੇ ਪਹੁੰਚੀਆਂ। ਘਟਨਾ ਦਾ ਸੂਚਨਾ ਮਿਲਦੇ ਹੀ ਡੀ.ਐਸ.ਪੀ ਜਸਕਰਨ ਸਿੰਘ ਬਰਾੜ, ਸ਼ਹਿਣਾ ਥਾਣਾ ਦੀ ਐਸ.ਐੱਚ.ਓ. ਰੇਣੂ ਪਰੋਚਾ ਤੋਂ ਇਲਾਵਾ ਪਾਵਰਕਾਮ ਦੇ ਉਚ-ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਨੂੰ ਜਾਣੂ ਕਰਵਾਇਆ ਕਿ ਇਹ ਬਿਜਲੀ ਕੱਟ ਪਾਵਰਕਾਮ ਦੇ ਨਿਰਦੇਸ਼ਾਂ ਕਾਰਨ ਹੀ ਲਗਾਏ ਜਾ ਰਹੇ ਹਨ । ਕਿਸਾਨਾਂ ਨੇ ਕਿਹਾ ਕਿ ਜਦ ਤੱਕ ਸਰਕਾਰ ਆਪਣੇ ਵਾਅਦੇ ਮੁਤਾਬਿਕ ਪੂਰੀ ਬਿਜਲੀ ਸਪਲਾਈ ਨਹੀਂ ਦਿੰਦੀ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ । ਇਸ ਮੌਕੇ ਸੇਵਕ ਸਿੰਘ ਭੁੱਲਰ, ਗੁਲਾਬ ਸਿੰਘ ਤਪਾ, ਜਗਤਾਰ ਸਿੰਘ ਬਾਸੀ ਤਪਾ, ਨੰਬਰਦਾਰ ਮੋਹਣ ਸਿੰਘ ਤਾਜੋਕੇ, ਸਾਬਕਾ ਸਰਪੰਚ ਤਾਜੋਕੇ ਗੁਰਮੀਤ ਸਿੰਘ, ਜਗਦੇਵ ਸਿੰਘ, ਜ਼ੈਲਦਾਰ ਜਸਵਿੰਦਰ ਸਿੰਘ, ਇਕਬਾਲ ਸਿੰਘ, ਜ਼ੈਲਦਾਰ ਪਰਮਜੀਤ ਪੰਮਾ, ਗੁਰਦੀਪ ਚੱਠਾ, ਜੱਗਾ ਸਿੰਘ ਬੱਲੋਕੇ, ਬਲਵੀਰ ਸਿੰਘ, ਜਗਸੀਰ ਸਿੰਘ ਲਾਡੀ, ਜਸਵੰਤ ਸਿੰਘ, ਭੋਲਾ ਸਿੰਘ ਭੁੱਲਰ ਆਦਿ ਵੱਡੀ ਗਿਣਤੀ ’ਚ ਕਿਸਾਨਾਂ ਨੇ ਚੱਕਾ ਜਾਮ ’ਚ ਸ਼ਮੂਲੀਅਤ ਕੀਤੀ। ਖਬਰ ਲਿਖੇ ਜਾਣ ਤੱਕ ਜਾਮ ਜਾਰੀ ਸੀ।

Ad Position 22
No active advertisement
ਪਿਛਲੀ ਖ਼ਬਰ ਸਦਰ ਬਾਜ਼ਾਰ ’ਚ ਦੋ ਦੁਕਾਨਾਂ ਨੂੰ ਇੱਕੋ ਰਾਤ ਚੋਰਾਂ ਨੇ ਬਣਾਇਆ ਨਿਸ਼ਾਨਾ ਅਗਲੀ ਖ਼ਬਰ ਨਾਇਬ ਸਿੰਘ ਸੈਣੀ ਨੇ ਕੀਤੀ ਸੂਰਮਾ ਮੁਹਿੰਮ ਦੀ ਸ਼ਲਾਘਾ, ਨਸ਼ੇ ’ਤੇ ਮੰਗਿਆ 4 ਸਾਲਾਂ ਦਾ ਲੇਖਾ-ਜੋਖਾ
Ad Position 24
No active advertisement