ਰੂੜੇਕੇ ਕਲਾਂ, 28 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)- ਖੇਤੀ ਸੈਕਟਰ ਲਈ ਬਿਜਲੀ ਸਪਲਾਈ ਨਾ ਆਉਣ ਕਰ ਕੇ ਅਤੇ ਪਿਛਲੇ ਦਿਨਾਂ ਤੋਂ ਲੈ ਕੇ ਲਗਾਤਾਰ ਲੱਗ ਰਹੇ ਲੰਮੇ ਬਿਜਲੀ ਕੱਟਾਂ ਤੋਂ ਦੁਖੀ ਹੋ ਕੇ ਪਾਵਰਕਾਮ ਦੇ ਬਿਜਲੀ ਗਰਿੱਡ ਧੌਲਾ ਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਦੀ ਅਗਵਾਈ ’ਚ ਪਿੰਡ ਧੌਲਾ, ਬਿਲਾਸਪੁਰ ਧੌਲਾ, ਫ਼ਤਿਹਪੁਰ ਧੌਲਾ, ਨਾਨਕਪੁਰ ਧੌਲਾ, ਕਾਹਨੇਕੇ ਆਦਿ ਪਿੰਡਾਂ ਦੇ ਕਿਸਾਨਾਂ ਨੇ ਇਕੱਤਰ ਹੋ ਕੇ ਗਰਿੱਡ ਦਾ ਘਿਰਾਓ ਕਰ ਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨੂੰ ਆ ਰਹੀ ਬਿਜਲੀ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਬਿਜਲੀ ਗਰਿੱਡ ਧੌਲਾ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਲਜਿੰਦਰ ਸਿੰਘ ਧੌਲਾ ਅਤੇ ਬਲਾਕ ਸੰਮਤੀ ਮੈਂਬਰ ਕਲੱਬ ਪ੍ਰਧਾਨ ਰਾਜਿੰਦਰ ਸਿੰਘ ਬਿਲਾਸਪੁਰ ਧੌਲਾ, ਗਾਂਧੀ ਸਿੰਘ, ਭੋਲਾ ਮਹੰਤ, ਕਾਕਾ ਸਿੰਘ, ਬਲਕਰਨ ਸਿੰਘ ਔਲਖ, ਗੁਰਲਾਲ ਸਿੰਘ ਪੰਚ, ਬੂਟਾ ਸਿੰਘ, ਭੋਲਾ ਸਿੰਘ, ਸਾਗਰ ਸਿੰਘ ਸੇਵਾ ਮੁਕਤ ਸਕੱਤਰ ਸਭਾ ਕਾਹਨੇਕੇ, ਗੁਰਚਰਨ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦਾ ਸੀ ਕਿਸਾਨਾਂ ਨੂੰ ਖੇਤੀ ਸੈਕਟਰ ਲਈ ਦਿਨ ਸਮੇਂ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਵਾਂਗਾ ਪ੍ਰੰਤੂ ਇਹ ਗੱਲਾਂ ਸਿਰਫ਼ ਸਟੇਜਾਂ ਤੱਕ ਹੀ ਰਹਿ ਗਈਆਂ ਹਨ। ਕਿਸਾਨਾਂ ਨੂੰ ਪਿਛਲੇ ਕਈ ਦਿਨਾਂ ਤੋਂ ਲੈ ਕੇ ਖੇਤੀ ਸੈਕਟਰ ਲਈ ਬਿਲਕੁਲ ਵੀ ਬਿਜਲੀ ਸਪਲਾਈ ਨਹੀਂ ਮਿਲ ਰਹੀ ਹੈ। ਸਿਰਫ਼ 2 ਘੰਟੇ ਬਿਜਲੀ ਸਪਲਾਈ ਆਉਂਦੀ ਹੈ। ਪਿਛਲੇ ਦਿਨਾਂ ਤੋਂ ਲੈ ਕੇ ਬਿਜਲੀ ਸਪਲਾਈ ਨਾ ਆਉਣ ਕਰ ਕੇ ਸੋਕੇ ਵਰਗੇ ਹਾਲਾਤ ਪੈਦਾ ਹੋ ਚੁੱਕੇ ਹਨ। ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਰਹੀਆਂ ਹਨ। ਪਿਛਲੇ ਦਿਨਾਂ ਤੋਂ ਲੈ ਕੇ ਕਿਸਾਨ ਆਗੂਆਂ ਵਲੋਂ ਪਾਵਰਕਾਮ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਪ੍ਰੰਤੂ ਖੇਤਾਂ ਲਈ ਕਿਸਾਨਾਂ ਨੂੰ ਬਿਜਲੀ ਸਪਲਾਈ ਨਹੀਂ ਮਿਲ ਰਹੀ ਹੈ। ਕਈ ਗ਼ਰੀਬ ਕਿਸਾਨਾਂ ਦਾ ਝੋਨਾ ਪਾਣੀ ਤੋਂ ਬਿਨਾ ਖ਼ਤਮ ਹੋ ਰਿਹਾ ਹੈ। ਝੋਨੇ ਦੇ ਸੀਜ਼ਨ ਦੇ ਸ਼ੁਰੂਆਤ ਵਿਚ ਹੀ ਬਿਜਲੀ ਸਪਲਾਈ ਦਾ ਦਿਵਾਲਾ ਨਿਕਲ ਚੁੱਕਿਆ ਹੈ। ਇਕੱਤਰ ਹੋਏ ਸਮੂਹ ਕਿਸਾਨਾਂ ਤੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖੇਤੀ ਸੈਕਟਰ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ ਜੇਕਰ ਕਿਸਾਨਾਂ ਦੀ ਸਮੱਸਿਆ ਸਰਕਾਰ ਨੇ ਹੱਲ ਨਾ ਕੀਤੀ ਤਾਂ ਆਉਂਦੇ ਦਿਨਾਂ ਦੌਰਾਨ ਪੱਕਾ ਮੋਰਚਾ ਲਾ ਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਜੱਗਾ ਸਿੰਘ, ਗੁਲਾਬ ਸਿੰਘ, ਬਿੰਦਰ ਸਿੰਘ, ਦਰਸ਼ਨ ਸਿੰਘ, ਭਜਨ ਸਿੰਘ ਆਦਿ ਤੋਂ ਇਲਾਵਾ ਕਿਸਾਨ ਹਾਜ਼ਰ ਸਨ।