ਨਾਕਾਬੰਦੀ ਤੇ ਪੈਟਰੋਲਿੰਗ ਸਿਰਫ਼ ਕਾਗ਼ਜ਼ਾਂ ਤੱਕ ਸੀਮਤ
ਗੜ੍ਹਸ਼ੰਕਰ, 28 ਜੂਨ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਸਟੇਸ਼ਨ ਤੇ ਇਸ ਅਧੀਨ ਆਉਂਦੀਆਂ ਪੁਲਿਸ ਚੌਕੀਆਂ ’ਚ ਨਫ਼ਰੀ ਦੀ ਵੱਡੀ ਤੋਟ ਚੱਲ ਰਹੀ ਹੈ ਤੇ ਅਜਿਹੇ ਹਾਲਤਾਂ ਵਿਚ ਇਲਾਕੇ ਦੀ ਸੁਰੱਖਿਆ ਤੇ ਪੁਲਿਸ ਸਟੇਸ਼ਨ ਦੇ ਪ੍ਰਬੰਧ ‘ਰੱਬ ਆਸਰੇ’ ਜਾਪ ਰਹੇ ਹਨ। ਇਸ ਸਮੇਂ ਹਾਲਾਤ ਇਹ ਬਣੇ ਹੋਏ ਹਨ ਕਿ ਜੇਕਰ ਇਕੋ ਸਮੇਂ ਇਲਾਕੇ ਵਿਚ ਲੜਾਈ ਝਗੜਾ ਜਾਂ ਸੜਕ ਹਾਦਸੇ ਦੀਆਂ ਘਟਨਾਵਾਂ ਵਾਪਰ ਜਾਣ ਤਾਂ ਥਾਣੇਦਾਰ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਪਹਿਲਾ ਕਿਸੇ ਪਾਸੇ ਜਾਵੇ। ਪੁਲਿਸ ਨਫ਼ਰੀ ਦੀ ਘਾਟ ਨੇ ਜਿਥੇ ਪੁਲਿਸ ਦੇ ਨਾਕਾਬੰਦੀ ਤੇ ਪੈਟਰੋਲਿੰਗ ਸਿਸਟਮ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਭਾਵ ਹੁਣ ਨਾਕਾਬੰਦੀ ਤੇ ਪੈਟਰੋਲਿੰਗ ਕਾਗ਼ਜ਼ਾਂ ਤੱਕ ਸੀਮਤ ਰਹਿ ਗਈ ਹੈ। ਇਲਾਕੇ ਦੀ ਗੱਲ ਛੱਡੋ ਰਾਤ ਸਮੇਂ ਤਾਂ ਗੜ੍ਹਸ਼ੰਕਰ ਸ਼ਹਿਰ ਵਿਚ ਵੀ ਕੋਈ ਮੁਲਾਜ਼ਮ ਨਜ਼ਰ ਨਹੀਂ ਆਉਂਦਾ। ਨਫ਼ਰੀ ਦੀ ਘਾਟ ਪੱਖੋਂ ਪੁਲਿਸ ਸਟੇਸ਼ਨ ਦੇ ਹਾਲਾਤ ਐਨੇ ਤਰਸਯੋਗ ਬਣੇ ਹੋਏ ਹਨ। ਸਰਕਾਰ ਦੇ ਕਿਸੇ ਮੰਤਰੀ ਦੀ ਸੁਰੱਖਿਆ ’ਚ ਲੱਗੀ ਨਫ਼ਰੀ ਤੋਂ ਮਸਾਂ ਅੱਧੀ ਨਫ਼ਰੀ ਵੀ ਪੁਲਿਸ ਸਟੇਸ਼ਨ ਦੇ ਪ੍ਰਬੰਧ ਤੇ ਇਲਾਕੇ ਦੇ ਸੁਰੱਖਿਆ ਦੇਖ ਰਹੀ ਹੈ। ਪੁਲਿਸ ਸਟੇਸ਼ਨ ਗੜ੍ਹਸ਼ੰਕਰ ’ਚ ਇਲਾਕੇ ਤੇ ਵਸੋਂ ਪੱਖੋਂ ਘੱਟੋ-ਘੱਟ 15 ਥਾਣੇਦਾਰਾਂ ਦੀ ਲੋੜ ਹੈ ਤੇ ਪਿਛਲੇ ਸਮਿਆਂ ’ਚ 10 ਦੇ ਕਰੀਬ ਥਾਣੇਦਾਰ ਡਿਊਟੀ ’ਤੇ ਤਾਇਨਾਤ ਵੀ ਰਹੇ ਹਨ, ਪਰ ਇਸ ਸਮੇਂ 3-4 ਥਾਣੇਦਾਰ ਹੀ ਮੌਜੂਦ ਹਨ। ਇਕ ਥਾਣੇਦਾਰ ਕੋਰਟ ਦਾ ਕੰਮ ਦੇਖ ਰਿਹਾ ਹੈ ਤੇ ਇਕ ਥਾਣੇਦਾਰ ਵਾਰੰਟ ਦਾ ਕਾਰਜ ਲਈ ਤਾਇਨਾਤ ਹੈ। ਇਥੇ ਹੈੱਡ ਕਾਂਸਟੇਬਲ 10 ਤੇ 20 ਕਾਂਸਟੇਬਲ ਤਾਇਨਾਤ ਹੋਣੇ ਚਾਹੀਦੇ ਹਨ ਪਰ ਇਸ ਸਮੇਂ ਸਿਰਫ਼ 5 ਹੈੱਡ ਕਾਂਸਟੇਬਲ, 3 ਕਾਂਸਟੇਬਲ ਹੀ ਤਾਇਨਾਤ ਹਨ। ਇਸੇ ਤਰ੍ਹਾਂ ਸਿਰਫ਼ 3 ਹਵਲਦਾਰ ਤੇ 4 ਲੇਡੀ ਕਾਂਸਟੇਬਲ ਹੀ ਡਿਊਟੀ ’ਤੇ ਤਾਇਨਾਤ ਹਨ। ਕੋਈ ਸਮਾਂ ਸੀ ਜਦੋਂ ਗੜ੍ਹਸ਼ੰਕਰ ਪੁਲਿਸ ਸਟੇਸ਼ਨ ਅਤੇ ਸੰਬੰਧਿਤ ਪੁਲਿਸ ਚੌਕੀਆਂ ਵਿਚ 100 ਦੇ ਕਰੀਬ ਹੋਮ ਗਾਰਡ ਦੇ ਜਵਾਨ ਤਾਇਨਾਤ ਸਨ ਪਰ ਇਸ ਸਮੇਂ ਪੁਲਿਸ ਸਟੇਸ਼ਨ ਗੜ੍ਹਸ਼ੰਕਰ ’ਚ 5 ਹੋਮਗਾਰਡ ਜਵਾਨ ਹੀ ਤਾਇਨਾਤ ਹਨ। ਪੁਲਿਸ ਸਟੇਸ਼ਨ ਵਿਚ ਘੱਟੋ ਘੱਟ 4 ਸੰਤਰੀ ਅਤੇ ਇਕ ਗਾਰਦ ਇੰਚਾਰਜ ਦੀ ਲੋੜ ਦੇ ਮੁਕਾਬਲੇ ਸਿਰਫ਼ 1-2 ਸੰਤਰੀਆਂ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਰਾਤ ਸਮੇਂ ਪੁਲਿਸ ਸਟੇਸ਼ਨ ਵਿਚ ਡਿਊਟੀ ਅਫ਼ਸਰ ਥਾਣੇ ਨਾਲ ਨਾਈਟ ਮੁਨਸ਼ੀ, ਇਕ ਸੰਤਰੀ ਤੇ 1-2 ਹੋਰ ਮੁਲਾਜ਼ਮ ਹੀ ਤਾਇਨਾਤ ਹੁੰਦੇ ਹਨ ਤੇ ਰਾਤ ਸਮੇਂ ਪੁਲਿਸ ਸਟੇਸ਼ਨ ਦੇ ਦੁਆਰ ਜ਼ਿਆਦਾਤਰ ਦੇਰ ਰਾਤ ਬੰਦ ਹੋ ਜਾਂਦੇ ਹਨ। ਰਾਤ ਸਮੇਂ ਕਿਸੇ ਵੀ ਛੋਟੀ/ਵੱਡੀ ਘਟਨਾ ਵਾਪਰਨ ਸਮੇਂ ਸਾਰੀ ਜ਼ਿੰਮੇਵਾਰੀ 1-2 ਮੁਲਾਜ਼ਮਾਂ ਦੇ ਸਿਰ ਪੈ ਜਾਂਦੀ ਹੈ। ਡੀ. ਐੱਸ. ਪੀ., ਐੱਸ. ਐੱਚ. ਓ. ਵਲੋਂ ਆਪਣੀ ਸਹਾਇਕ ਸਟਾਫ਼, ਗੰਨਮੈਨ ਆਦਿ ਸਟਾਫ਼ ਹਮੇਸ਼ਾ ਪੂਰਾ ਰੱਖਿਆ ਜਾਂਦਾ ਹੈ। ਇਸੇ ਤਰ੍ਹਾਂ ਮੁਨਸ਼ੀ ਵੀ ਕੰਮ ਦੇ ਭਾਰ ਅਨੁਸਾਰ ਆਪਣਾ ਸਹਾਇਕ ਸਟਾਫ਼ ਪੂਰਾ ਰੱਖਣ ਨੂੰ ਤਰਜੀਹ ਹੈ ਪਰ ਇਸ ਦੇ ਮੁਕਾਬਲੇ ਨਫ਼ਰੀ ਦੀ ਵੱਡੀ ਘਾਟ ਫ਼ੀਲਡ ਡਿਊਟੀ ਨੂੰ ਪ੍ਰਭਾਵਿਤ ਕਰਦੀ ਹੈ। ਸਮੁੰਦੜਾ ਤੇ ਬੀਣੇਵਾਲ ਚੌਕੀਆਂ ਦਾ ਕੰਮ ਵੀ ਇਕ-ਇਕ ਇੰਚਾਰਜ (ਥਾਣੇਦਾਰ) ਤੇ 3-4 ਹੋਰ ਮੁਲਾਜ਼ਮਾਂ ’ਤੇ ਹੀ ਨਿਰਭਰ ਹੈ। ਪੁਲਿਸ ਸਟੇਸ਼ਨ ਗੜ੍ਹਸ਼ੰਕਰ ਹੋਵੇ ਜਾਂ ਥਾਣੇ ਅਧੀਨ ਆਉਂਦੀਆਂ ਪੁਲਿਸ ਚੌਕੀਆਂ ਕਿਤੇ ਵੀ ਪੱਕਾ ਸਫ਼ਾਈ ਕਰਮਚਾਰੀ ਨਹੀਂ। ਜਿਸ ਸਮੇਂ ਪੁਲਿਸ ਸਟੇਸ਼ਨ ਵਿਚ ਨਫ਼ਰੀ ਦੀ ਭਰਪੂਰ ਰੌਣਕ ਰਹੀ ਸੀ, ਉਸ ਸਮੇਂ ਮੁਲਾਜ਼ਮਾਂ ਲਈ ਰੋਟੀ ਦਾ ਪ੍ਰਬੰਧ ਵੀ ਮੈੱਸ ਵੀ ਹੀ ਹੁੰਦਾ ਹੈ। ਹੁਣ ਹਾਲਾਤ ਇਹ ਹਨ ਕਿ ਨਾ ਲਾਂਗਰੀ ਰਿਹਾ ਨਾ ਮੈੱਸ ਰਹੀ। ਗੜ੍ਹਸ਼ੰਕਰ ਸ਼ਹਿਰ ਦੀ ਸਭ ਤੋਂ ਵੱਡੀ ਟ੍ਰੈਫਿਕ ਸਮੱਸਿਆ ਨਾਲ ਨਜਿੱਠਣ ਲਈ ਟ੍ਰੈਫਿਕ ਦੇ ਸਿਰਫ਼ ਦੋ ਥਾਣੇਦਾਰ ਸਾਰਾ ਸ਼ਹਿਰ ਦੇਖ ਰਹੇ ਹਨ ਜਦਕਿ ਟ੍ਰੈਫਿਕ ਇੰਚਾਰਜ ਦੀ ਪੋਸਟ ਵੀ ਸੇਵਾ-ਮੁਕਤੀ ਕਾਰਨ ਖ਼ਾਲੀ ਚੱਲ ਰਹੀ ਹੈ। ਨਫ਼ਰੀ ਦੀ ਘਾਟ ਕਾਰਨ ਡਿਊਟੀ ’ਤੇ ਤਾਇਨਾਤ ਮੁਲਾਜ਼ਮ ਮਾਨਸਿਕ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰ ਰਹੇ ਹਨ। ਕਈ ਵਾਰ ਤਾਂ ਥਾਣੇਦਾਰਾਂ ਨੂੰ ਦਿਨ-ਰਾਤ ਲਗਾਤਾਰ ਵੀ ਡਿਊਟੀ ਕਰਨੀ ਪੈ ਰਹੀ ਹੈ। ਆਪਣੇ ਘਰੇਲੂ ਕੰਮਾਂ ਜਾਂ ਹੋਰ ਕਾਰਜਾਂ ਲਈ ਮੁਲਾਜ਼ਮਾਂ ਇਕ ਦਿਨ ਦੀ ਛੁੱਟੀ ਨੂੰ ਵੀ ਤਰਸਦੇ ਹਨ। ਜ਼ਿਆਦਾਤਰ ਮੁਲਾਜ਼ਮਾਂ ਦੀ ਛੁੱਟੀ ਦੀ ਮੰਗ ਪ੍ਰਵਾਨ ਨਹੀਂ ਚੜ੍ਹਦੀ। ਕੰਮ ਦੇ ਬੋਝ ਅਤੇ ਹਾਲਤਾਂ ਦੇ ਚੱਲਦਿਆਂ ਕਈ ਮੁਲਾਜ਼ਮ ਸਮੇਂ ਤੋਂ ਪਹਿਲਾ ਸੇਵਾ-ਮੁਕਤੀ ਲੈ ਚੁੱਕੇ ਹਨ।
ਨਫ਼ਰੀ ਦੀ ਘਾਟ ਕਾਰਨ ਗੜ੍ਹਸ਼ੰਕਰ ਪੁਲਿਸ ਸਟੇਸ਼ਨ ਦੇ ਪ੍ਰਬੰਧ ਤੇ ਇਲਾਕੇ ਦੀ ਸੁਰੱਖਿਆ ‘ਰੱਬ ਆਸਰੇ’
ਅਜੀਤ ਡੈਸਕ
29-06-2026