ਮਹਿਲ ਕਲਾਂ, 28 ਜੂਨ (ਅਵਤਾਰ ਸਿੰਘ ਅਣਖੀ)- ਸਿਵਲ ਸਰਜਨ ਬਰਨਾਲਾ ਡਾ: ਹਰੀਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਬਲਾਕ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ’ਚ 28 ਤੋਂ 30 ਜੂਨ ਤੱਕ ਚੱਲਣ ਵਾਲੀ ਕੌਮੀ ਪਲਸ ਪੋਲੀਓ ਮੁਹਿੰਮ ਦੀ ਅੱਜ ਪਹਿਲੇ ਦਿਨ ਸਫਲਤਾ ਪੂਰਵਕ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਾ: ਗੁਰਤੇਜਿੰਦਰ ਕੌਰ ਨੇ ਕਿਹਾ ਕਿ ਬਲਾਕ ਮਹਿਲ ਕਲਾਂ ਅਧੀਨ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਾਲਾਂ ਕਿ ਭਾਰਤ ਨੂੰ ਪਹਿਲਾਂ ਹੀ ਪੋਲੀਓ ਮੁਕਤ ਦੇਸ਼ ਐਲਾਨ ਦਿੱਤਾ ਗਿਆ ਹੈ। ਪਰ ਕੁੱਝ ਗੁਆਂਢੀ ਦੇਸ਼ਾਂ ’ਚ ਅਜੇ ਵੀ ਪੋਲੀਓ ਦੇ ਮਾਮਲੇ ਆ ਰਹੇ ਹਨ। ਇਸ ਲਈ ਇਹਤਿਆਤ ਵਜੋਂ ਭਾਰਤ ’ਚ ਪਲਸ ਪੋਲਿਓ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਮੋਬਾਈਲ ਟੀਮਾਂ ਵਲੋਂ ਝੁੱਗੀਆਂ-ਝੌਪੜੀਆਂ, ਭੱਠੇ ਅਤੇ ਉਸਾਰੀ ਅਧੀਨ ਇਮਾਰਤਾਂ ’ਤੇ ਰਹਿ ਰਹੀ ਆਬਾਦੀ ਦੇ ਬੱਚਿਆਂ ਨੂੰ ਵੀ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਸਿਹਤ ਵਿਭਾਗ ਵਲੋਂ ਇਨ੍ਹਾਂ ਬੱਚਿਆਂ ਦੀ ਪਹਿਲਾਂ ਤੋਂ ਹੀ ਸ਼ਨਾਖ਼ਤ ਕਰ ਲਈ ਗਈ ਹੈ।