ਧਨੌਲਾ, 28 ਜੂਨ (ਜਤਿੰਦਰ ਸਿੰਘ ਧਨੌਲਾ)-ਸਿਵਲ ਸਰਜਨ ਬਰਨਾਲਾ ਡਾ: ਹਰੀ ਪਾਲ ਸਿੰਘ ਸਿੱਧੂ ਦੇ ਹੁਕਮਾਂ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ: ਹਰਜੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸੀ.ਐੱਚ.ਸੀ ਧਨੌਲਾ ਵਿਖੇ ਬੱਚਿਆਂ ਨੂੰ ਪੋਲੀਓ ਵਰਗੀ ਭਿਆਨਕ ਬਿਮਾਰੀ ਤੋਂ ਸੁਰੱਖਿਅਤ ਰੱਖਣ ਲਈ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਰਾਊਂਡ ਦੀ ਸ਼ੁਰੂਆਤ ਅੱਜ ਕੀਤੀ ਗਈ। ਮੁਹਿੰਮ ਨੂੰ ਸਫਲ ਬਣਾਉਣ ਅਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਨੋਡਲ ਅਫ਼ਸਰ (ਪਲਸ ਪੋਲੀਓ) ਡਾ: ਰਵਿੰਦਰ ਮਹਿਤਾ ਵਲੋਂ ਅੱਜ ਬਲਾਕ ਦੇ ਵੱਖ-ਵੱਖ ਪੋਲੀਓ ਬੂਥਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ, ਬਰਨਾਲਾ ਬਲਰਾਜ ਸਿੰਘ ਅਤੇ ਬੀ.ਈ.ਈ. ਰਤਿਕਾ ਓਬਰਾਏ ਵੀ ਮੌਜੂਦ ਰਹੇ। ਬਲਾਕ ਨੋਡਲ ਅਫ਼ਸਰ (ਪਲਸ ਪੋਲੀਓ) ਡਾ: ਰਵਿੰਦਰ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਸ਼ਾਲਵੀਰ ਦੀ ਅਗਵਾਈ ਵਿਚ ਅੱਜ ਬਲਾਕ ਧਨੌਲਾ ਦੇ ਬਡਬਰ ਵਿਖੇ ਸਥਾਪਿਤ ਪੋਲੀਓ ਬੂਥ ਤੋਂ ਇਲਾਵਾ ਉੱਚ ਜੋਖ਼ਮ ਵਾਲੇ ਇਲਾਕਿਆਂ ਦਾਣਾ ਮੰਡੀ, ਢਿੱਲਵਾਂ ਪੱਤੀ, ਸਮਾਧ, ਨਵੀਂ ਬਸਤੀ, ਬਘੇਰ ਪੱਤੀ ਅਤੇ ਅਕਾਲਗੜ੍ਹ ਕੋਠੇ ਆਦਿ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਖ਼ੁਰਾਕ ਪਿਲਾਉਣ ਦੀ ਪ੍ਰਕਿਰਿਆ, ਵੈਕਸੀਨ ਦੀ ਸਟੋਰੇਜ ਅਤੇ ਰਿਕਾਰਡ ਰੱਖਣ ਦੇ ਤਰੀਕਿਆਂ ਦੀ ਸਮੀਖਿਆ ਕੀਤੀ। ਉਨ੍ਹਾਂ ਸਾਰੇ ਬੂਥਾਂ ’ਤੇ ਦਵਾਈ ਸਹੀ ਸਮੇਂ ’ਤੇ ਉਪਲਬਧ ਹੋਣ ’ਤੇ ਤਸੱਲੀ ਪ੍ਰਗਟਾਈ ਅਤੇ ਸਟਾਫ਼ ਨੂੰ ਬੂਥ ’ਤੇ ਨਾ ਪਹੁੰਚਣ ਵਾਲੇ ਬੱਚਿਆਂ ਨੂੰ 29 ਅਤੇ 30 ਜੂਨ ਨੂੰ ਉਨ੍ਹਾਂ ਦੇ ਘਰ ਜਾ ਕੇ ਪੋਲੀਓ ਦੀ ਖ਼ੁਰਾਕ ਪਿਲਾਉਣ ਦੀ ਸਖ਼ਤ ਹਦਾਇਤ ਕੀਤੀ ਤਾਂ ਜੋ 5 ਸਾਲ ਤੱਕ ਦਾ ਕੋਈ ਵੀ ਬੱਚਾ ਇਸ ਜੀਵਨ ਰੱਖਿਅਕ ਖ਼ੁਰਾਕ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਡਿਪਟੀ ਮਾਸ ਮੀਡੀਆ ਅਫ਼ਸਰ ਬਲਰਾਜ ਸਿੰਘ ਵਲੋਂ ਸਵੇਰੇ 8 ਵਜੇ ਸੀ.ਐੱਚ.ਸੀ ਧਨੌਲਾ ਵਿਖੇ ਸਥਾਪਿਤ ਬੂਥ ’ਤੇ ਪੋਲੀਓ ਦੀ ਖ਼ੁਰਾਕ ਪਿਲਾ ਕੇ ਸੈਸ਼ਨ ਦਾ ਆਗਾਜ਼ ਕੀਤਾ ਗਿਆ। ਡਾ: ਰਵਿੰਦਰ ਮਹਿਤਾ ਨੇ ਦੱਸਿਆ ਕਿ ਬਲਾਕ ਧਨੌਲਾ ਦੇ ਵੱਖ-ਵੱਖ ਹਿੱਸਿਆਂ ਵਿਚ ਕੁੱਲ 17 ਸੁਪਰਵਾਈਜ਼ਰ 84 ਤੋਂ ਵੱਧ ਟੀਮਾਂ ਦੀ ਅਗਵਾਈ ਕਰ ਰਹੇ ਹਨ ਜਿਨ੍ਹਾਂ ਵਿਚ ਆਰ.ਐਮ.ਓ. ਡਾ: ਅਸ਼ਵਨੀ ਕੁਮਾਰ, ਡਾ: ਨਵਜੋਤ ਕਾਲੜਾ, ਡਾ: ਮੰਜੁਲਾ ਸ਼ਰਮਾ, ਡਾ: ਅਸ਼ਵਨੀ ਸਿੰਘ, ਡਾ: ਟਿੰਕੂ, ਡਾ: ਡਿੰਪਲ, ਡਾ: ਮੋਨਿਕਾ ਅਤੇ ਡਾ: ਰੀਚਾ, ਐੱਸ.ਆਈ ਹਰਮਿੰਦਰ ਸਿੰਘ, ਦਰਸ਼ਪ੍ਰੀਤ ਸਿੰਘ ਅਤੇ ਭੁਪਿੰਦਰ ਸਿੰਘ, ਐਲ.ਐੱਚ.ਵੀ ਇੰਦਰਜੀਤ ਕੌਰ, ਜਸਵੀਰ ਕੌਰ, ਰਾਜਵੀਰ ਕੌਰ, ਇੰਦਰਜੀਤ ਕੌਰ ਅਤੇ ਸੁਖਵਿੰਦਰ ਕੌਰ ਸ਼ਾਮਿਲ ਹਨ ।