ਟੱਲੇਵਾਲ, 25 ਜੂਨ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵਲੋਂ 4 ਜੁਲਾਈ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੋਸ ਰੈਲੀ ਨੂੰ ਲੈ ਕੇ ਜਥੇਬੰਦੀ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਆਗੂ ਕਮਲਜੀਤ ਕੌਰ ਬਰਨਾਲਾ ਦੀ ਅਗਵਾਈ ਹੇਠ ਪਿੰਡ ਗਹਿਲ, ਦੀਵਾਨਾ, ਸੱਦੋਵਾਲ ਤੋਂ ਇਲਾਵਾ ਹੋਰ ਵੱਖ-ਵੱਖ ਪਿੰਡਾਂ ਵਿਚ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਮਹਿਲਾਵਾਂ ਦੀਆਂ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ਵਿਚ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਮਲਜੀਤ ਕੌਰ ਬਰਨਾਲਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਖੇਤੀਬਾੜੀ, ਪਾਣੀ, ਜੰਗਲ, ਜ਼ਮੀਨ ਅਤੇ ਮੰਡੀ ਪ੍ਰਣਾਲੀ ਲਗਾਤਾਰ ਖ਼ਤਰੇ ਹੇਠ ਆ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਵੱਡੇ ਘਰਾਨਿਆਂ ਨੂੰ ਲਾਭ ਪਹੁੰਚਾਉਣ ਲਈ ਲੋਕਾਂ ਦੇ ਹੱਕਾਂ ’ਤੇ ਲਗਾਤਾਰ ਡਾਕਾ ਮਾਰਿਆ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਿਨੋਂ-ਦਿਨ ਗੰਭੀਰ ਹੁੰਦੀਆਂ ਜਾ ਰਹੀਆਂ ਹਨ। ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਅੱਜ ਵੀ ਅਧੂਰੇ ਹਨ। ਸਾਰੀਆਂ ਫ਼ਸਲਾਂ ਦੀ ਸਰਕਾਰੀ ਖਰੀਦ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਨਾਲ ਯਕੀਨੀ ਬਣਾਈ ਜਾਵੇ ਅਤੇ ਡਾ: ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਸੀ-2+50 ਫ਼ੀਸਦੀ ਫ਼ਾਰਮੂਲਾ ਤੁਰੰਤ ਲਾਗੂ ਕੀਤਾ ਜਾਵੇ। ਇਸ ਦੇ ਨਾਲ ਹੀ ਬਜ਼ੁਰਗਾਂ, ਵਿਧਵਾਵਾਂ ਅਤੇ ਹੋਰ ਲੋੜਵੰਦ ਵਰਗਾਂ ਦੀ ਸਮਾਜਿਕ ਸੁਰੱਖਿਆ ਪੈਨਸ਼ਨ ਘੱਟੋ-ਘੱਟ 10 ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 4 ਜੁਲਾਈ ਦੀ ਚੰਡੀਗੜ੍ਹ ਰੋਸ ਰੈਲੀ ਸਿਰਫ਼ ਕਿਸਾਨਾਂ ਦਾ ਨਹੀਂ, ਸਗੋਂ ਹਰ ਮਿਹਨਤਕਸ਼ ਵਰਗ ਦੇ ਹੱਕਾਂ ਦੀ ਲੜਾਈ ਦਾ ਵੱਡਾ ਮੰਚ ਹੋਵੇਗੀ। ਇਸ ਲਈ ਮਹਿਲ ਕਲਾਂ ਖੇਤਰ ਤੋਂ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ ਅਤੇ ਮਹਿਲਾਵਾਂ ਚੰਡੀਗੜ੍ਹ ਪਹੁੰਚ ਕੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨਗੇ। ਇਸ ਮੌਕੇ ਜੁਗਿੰਦਰ ਸਿੰਘ ਮਹਿਲ, ਇੰਦਰ ਸਿੰਘ, ਸੁਖਵਿੰਦਰ ਕੌਰ ਹਮੀਦੀ, ਪਰਮਜੀਤ ਕੌਰ ਹਮੀਦੀ, ਜਿੰਦਰ ਕੌਰ, ਪਾਲ ਕੌਰ, ਸੁਖਵਿੰਦਰ ਕੌਰ, ਹਰਜਿੰਦਰ ਕੌਰ, ਸੁਰਜੀਤ ਕੌਰ, ਕੁਲਦੀਪ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਮਨਜੀਤ ਕੌਰ, ਹਰਪਾਲ ਕੌਰ ਸਮੇਤ ਹੋਰ ਆਗੂ ਅਤੇ ਵੱਡੀ ਗਿਣਤੀ ਵਿਚ ਕਿਸਾਨ ਤੇ ਮਹਿਲਾਵਾਂ ਹਾਜ਼ਰ ਸਨ।