ਲਹਿਰਾਗਾਗਾ, 2 ਜੁਲਾਈ (ਅਸ਼ੋਕ ਗਰਗ) - ਲੰਘੀ ਰਾਤ ਪਈ ਤੇਜ਼ ਬਰਸਾਤ ਕਾਰਨ ਬੱਸ ਸਟੈਂਡ ਨੇੜਲੇ ਰੇਲਵੇ ਅੰਡਰਪਾਸ ਪੁਲ ਵਿੱਚ ਪਾਣੀ ਨੱਕੋ-ਨੱਕ ਭਰ ਜਾਣ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਪੁਲ ਵਿੱਚ ਪਾਣੀ ਖੜ੍ਹ ਜਾਣ ਕਾਰਨ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਕਰਯੋਗ ਹੈ ਕਿ ਓਵਰਬ੍ਰਿਜ ਦੀ ਮੁਰੰਮਤ ਦਾ ਕੰਮ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ, ਜਿਸ ਕਰਕੇ ਪਾਤੜਾਂ ਰੋਡ ਵਾਲਾ ਰਸਤਾ ਪਹਿਲਾਂ ਹੀ ਬੰਦ ਪਿਆ ਹੋਇਆ ਹੈ। ਹੁਣ ਅੰਡਰਪਾਸ ਪੁਲ ਵਿੱਚ ਪਾਣੀ ਭਰਨ ਨਾਲ ਲੋਕਾਂ ਲਈ ਵੱਡੀ ਮੁਸੀਬਤ ਖੜੀ ਹੋ ਗਈ ਹੈ। ਵੱਡੀ ਗਿਣਤੀ ਵਿੱਚ ਪੈਦਲ ਆਉਣ ਜਾਣ ਵਾਲੇ ਲੋਕ ਆਪਣੀ ਜਾਨ ਜੋਖਮ ਵਿੱਚ ਪਾ ਕੇ ਅੰਡਰ ਪਾਸ ਪੁੱਲ ਉੱਪਰ ਰੇਲਵੇ ਲਾਈਨਾਂ ਕਰਾਸ ਕਰਕੇ ਲੰਘ ਰਹੇ ਹਨ। ਸ਼ਹਿਰ ਦੇ ਵਿਚਕਾਰੋਂ ਲੰਘਦੀ ਰੇਲਵੇ ਲਾਈਨ ਕਾਰਨ ਲਹਿਰਾਗਾਗਾ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਪਾਸੇ ਸ਼ਹਿਰ ਅਤੇ ਦੂਜੇ ਪਾਸੇ ਪਿੰਡ ਵਾਲਾ ਇਲਾਕਾ ਵਸਦਾ ਹੈ।ਸੁਨਾਮ ਤੋਂ ਵਾਇਆ ਨੰਗਲਾ ਅਤੇ ਪਾਤੜਾਂ ਤੋਂ ਲਹਿਰਾਗਾਗਾ ਆਉਣ ਵਾਲੀਆਂ ਬੱਸਾਂ ਲਈ ਵੀ ਰਸਤਾ ਪ੍ਰਭਾਵਿਤ ਹੋ ਗਿਆ ਹੈ। ਪੁਲ ਵਿੱਚ ਪਾਣੀ ਭਰ ਜਾਣ ਕਾਰਨ ਬੱਸਾਂ ਅਤੇ ਹੋਰ ਵਾਹਨਾਂ ਦੀ ਆਵਾਜਾਈ ਬੰਦ ਹੋਣ ਨਾਲ ਲੋਕਾਂ ਦਿਕ਼ਤ ਆ ਰਹੀ ਹੈ।ਨਗਰ ਕੌਂਸਲ ਲਹਿਰਾਗਾਗਾ ਦੇ ਸਫਾਈ ਕਰਮਚਾਰੀਆਂ ਨੂੰ ਪੁਲ ਹੇਠ ਖੜ੍ਹੇ ਪਾਣੀ ਦੀ ਨਿਕਾਸੀ ਲਈ ਕਈ ਦਿਨ ਜਦੋ ਜਹਿਦ ਕਰਨੀ ਪੈ ਸਕਦੀ ਹੈ। ਪਿੰਡ ਵਾਲੀ ਸਾਈਡ ਪੁਲਿਸ ਥਾਣਾ, ਕਚਹਿਰੀਆਂ ਸਥਿਤ ਹਨ, ਜਦਕਿ ਦੂਜੇ ਪਾਸੇ ਡਾਕ ਘਰ, ਮਾਰਕੀਟ ਕਮੇਟੀ ਦਫ਼ਤਰ, ਪੁਲਿਸ ਚੌਂਕੀ ਸਮੇਤ ਕਈ ਸਰਕਾਰੀ ਦਫ਼ਤਰ ਮੌਜੂਦ ਹਨ। ਇਸ ਕਾਰਨ ਲੋਕਾਂ ਨੂੰ ਰੋਜ਼ਾਨਾ ਦੇ ਕੰਮਾਂ ਲਈ ਆਉਣ-ਜਾਣ ਵਿੱਚ ਭਾਰੀ ਮੁਸ਼ਕਿਲਾਂ ਪੇਸ਼ ਆਵੇਗੀ। ਦੋਵੇਂ ਪਾਸਿਆਂ ਦੀ ਆਵਾਜਾਈ ਲਈ ਹੁਣ ਸਿਰਫ ਰੇਲਵੇ ਫਾਟਕ ਵਾਲਾ ਰਸਤਾ ਹੀ ਬਚਿਆ ਹੈ। ਰੇਲ ਗੱਡੀਆਂ ਦੀ ਆਵਾਜਾਈ ਵੱਧ ਹੋਣ ਕਾਰਨ ਫਾਟਕ ਅਕਸਰ ਬੰਦ ਰਹਿੰਦਾ ਹੈ, ਜਿਸ ਨਾਲ ਉੱਥੇ ਵਾਹਨਾਂ ਦੀ ਲੰਬੀ ਕਤਾਰ ਅਤੇ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਮਾਰਕਫੈੱਡ ਪੰਜਾਬ ਦੇ ਸਾਬਕਾ ਡਾਇਰੈਕਟਰ ਗੁਰਸੰਤ ਸਿੰਘ ਭੁਟਾਲ, ਸਮਾਜ ਸੇਵੀ ਗੁਰਮੇਲ ਸਿੰਘ ਖਾਈ, ਲੋਕ ਚੇਤਨਾ ਮੰਚ ਦੇ ਜਗਜੀਤ ਸਿੰਘ ਭੁਟਾਲ, ਬਾਬਰਜੀਤ ਸਿੰਘ ਗਰੇਵਾਲ ਨੇ ਪ੍ਰਸ਼ਾਸਨ ਤੋਂ ਜਲਦ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ।