ਤਪਾ ਮੰਡੀ, 2 ਜੁਲਾਈ (ਪ੍ਰਵੀਨ ਗਰਗ)-ਅੰਦਰਲੀ ਅਨਾਜ ਮੰਡੀ ਵਿਚ ਮੀਂਹ ਦਾ ਪਾਣੀ ਭਰਨ ਨਾਲ ਮੂੰਗੀ ਦੀ ਫ਼ਸਲ ਦੇ ਖ਼ਰਾਬ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ, ਜਿਸ ਦਾ ਵੱਡਾ ਕਾਰਨ ਮੰਡੀ ਦੀ ਬਣਾਈ ਨਵੀਂ ਸੜਕ ਅਨਾਜ ਮੰਡੀ ਨਾਲੋਂ ਜ਼ਿਆਦਾ ਉੱਚੀ ਚੁੱਕ ਦਿੱਤੀ, ਜਿਸ ਕਾਰਨ ਮੀਂਹ ਦਾ ਪਾਣੀ ਇਕੱਠਾ ਹੋ ਕੇ ਛੱਪੜ ਦਾ ਰੂਪ ਧਾਰਨ ਕਰ ਗਿਆ। ਇਸ ਸਬੰਧੀ ਰੋਸ ਪ੍ਰਗਟ ਕਰਦਿਆਂ ਮਜ਼ਦੂਰਾਂ ਜਗਤਾਰ ਸਿੰਘ, ਗੋਰਾ ਸਿੰਘ, ਭਾਨਾ ਸਿੰਘ, ਜੀਵਨ ਕੁਮਾਰ ਅਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਮੀਂਹ ਦੇ ਪਾਣੀ ਕਾਰਨ ਮੂੰਗੀ ਨਾਲ ਭਰੀਆਂ ਬੋਰੀਆਂ ਅਤੇ ਖੁੱਲ੍ਹੀ ਪਈ ਮੂੰਗੀ ਪੂਰੀ ਤਰ੍ਹਾਂ ਭਿੱਜ ਗਈ, ਜਿਸ ਨਾਲ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ। ਉਨ੍ਹਾਂ ਦਾ ਕਹਿਣਾ ਹੈ ਕਿ ਮੰਡੀ ਵਿਚ ਸੜਕ ਬਣਾਉਣ ਸਮੇਂ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਨਾ ਹੋਣ ਕਰ ਕੇ ਹਰ ਵਾਰ ਇਹੋ ਜਿਹੀ ਸਥਿਤੀ ਬਣ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਗਰ ਕੌਂਸਲ ਨੇ ਮਜ਼ਦੂਰਾਂ ਅਤੇ ਆੜ੍ਹਤੀਆਂ ਲਈ ਬਾਥਰੂਮ ਅਤੇ ਪਖਾਨੇ ਵੀ ਨਹੀਂ ਬਣਾਏ ਗਏ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਜ਼ਦੂਰਾਂ ਨੇ ਪ੍ਰਸ਼ਾਸਨ ਤੋਂ ਨੁਕਸਾਨ ਦਾ ਮੁਆਵਜ਼ਾ ਅਤੇ ਪੱਕੇ ਹੱਲ ਦੀ ਮੰਗ ਕੀਤੀ ਹੈ। ਇਸ ਸਬੰਧੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ-ਕਰਮਚਾਰੀਆਂ ਦਾ ਕਹਿਣਾ ਹੈ ਕਿ ਮੂੰਗੀ ਦੀ ਫ਼ਸਲ ਲੁਹਾਉਣ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ੈੱਡਾਂ ਦਾ ਪ੍ਰਬੰਧ ਕੀਤਾ ਗਿਆ ਪਰ ਆੜ੍ਹਤੀਏ ਬਾਹਰਲੀ ਮੰਡੀ ’ਚ ਮੂੰਗੀ ਲੁਹਾਣ ਤੋਂ ਗੁਰੇਜ਼ ਕਰ ਰਹੇ ਹਨ। ਕਮੇਟੀ ਵਲੋਂ ਬਾਹਰਲੀ ਅਨਾਜ ਮੰਡੀ ’ਚ ਸਾਰੇ ਪ੍ਰਬੰਧ ਕੀਤੇ ਗਏ ਹਨ, ਅੰਦਰਲੀ ਅਨਾਜ ਮੰਡੀ ਨੂੰ ਮੰਡੀਕਰਨ ਬੋਰਡ ਵਲੋਂ ਡੀ-ਨੋਟੀਫਾਈਡ ਐਲਾਨਿਆ ਹੋਇਆ ਹੈ ਜਿੱਥੇ ਮਾਰਕੀਟ ਕਮੇਟੀ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕੋਈ ਸਹੂਲਤ ਨਹੀਂ ਦੇ ਸਕਦੀ। ਇਸ ਲਈ ਅੰਦਰਲੀ ਅਨਾਜ ਮੰਡੀ ’ਚ ਹੋਏ ਨੁਕਸਾਨ ਦੀ ਭਰਵਾਈ ਲਈ ਖ਼ੁਦ ਆੜ੍ਹਤੀਏ ਜ਼ਿੰਮੇਵਾਰ ਹਨ। ਦੂਜੇ ਪਾਸੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਤਾਜੋਕੇ ਨੇ ਕਿਹਾ ਕਿ ਬਾਹਰਲੀ ਅਨਾਜ ਮੰਡੀ ’ਚ ਮੂੰਗੀ ਦੀਆਂ ਬੋਰੀਆਂ ਦੀ ਰਾਖੀ ਕਰਨੀ ਮੁਸ਼ਕਲ ਹੈ, ਹਰ ਸਮੇਂ ਚੋਰੀ ਹੋਣ ਦਾ ਡਰ ਬਣਿਆਂ ਰਹਿਣ ਕਾਰਨ ਸਮੂਹ ਆੜ੍ਹਤੀਆਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਕਹਿ ਦਿੱਤਾ ਸੀ ਕਿ ਜਿੱਥੇ ਸਰਕਾਰ ਸਾਨੂੰ ਆੜ੍ਹਤ ਘੱਟ ਦੇ ਕੇ ਗਲਾ ਘੁੱਟ ਰਹੀ ਹੈ ਉੱਥੇ ਮੂੰਗੀ ਖ਼ਰਾਬ ਹੋਣ ਦੀ ਵੀ ਭਰਵਾਈ ਖ਼ੁਦ ਕਰ ਲੈਣਗੇ, ਲੇਕਿਨ ਮੂੰਗੀ ਦੀ ਫ਼ਸਲ ਅੰਦਰਲੀ ਮੰਡੀ ‘ਚ ਹੀ ਵਿਕੇਗੀ।