ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਪੰਚਾਇਤ ਵਿਭਾਗ ਵਲੋਂ ਪਿੰਡ ਛੀਨੀਵਾਲ ਕਲਾਂ ਦੀ ਸਰਪੰਚ ਸੁਖਦੀਪ ਕੌਰ ਮੁਅੱਤਲ

Ad Position 21
No active advertisement
ਅਜੀਤ ਡੈਸਕ 03-07-2026
ਮਹਿਲ ਕਲਾਂ, 2 ਜੁਲਾਈ (ਅਵਤਾਰ ਸਿੰਘ ਅਣਖੀ)-ਡਾਇਰੈਕਟੋਰੇਟ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਵਲੋਂ ਇਕ ਵੱਡੀ ਪ੍ਰਸ਼ਾਸਨਿਕ ਕਾਰਵਾਈ ਕਰਦਿਆਂ ਬਲਾਕ ਮਹਿਲ ਕਲਾਂ ਦੇ ਅਧੀਨ ਆਉਂਦੇ ਪਿੰਡ ਛੀਨੀਵਾਲ ਕਲਾਂ ਦੀ ਸਰਪੰਚ ਸੁਖਦੀਪ ਕੌਰ ਪਤਨੀ ਨਿਰਭੈ ਸਿੰਘ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਪੰਜਾਬ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 20(4) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ (ਆਈ.ਏ.ਐੱਸ.) ਵਲੋਂ ਜਾਰੀ ਹੁਕਮਾਂ ਤਹਿਤ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਬਰਨਾਲਾ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਹਿਲ ਕਲਾਂ ਵਲੋਂ ਭੇਜੀਆਂ ਗਈਆਂ ਜਾਂਚ ਰਿਪੋਰਟਾਂ ਵਿਚ ਇਹ ਸਾਹਮਣੇ ਆਇਆ ਸੀ ਕਿ ਸਰਪੰਚ ਸੁਖਦੀਪ ਕੌਰ ਵਲੋਂ ਪਿੰਡ ਛੀਨੀਵਾਲ ਕਲਾਂ ਵਿਖੇ ਪਿਸ਼ੌਰਾ ਸਿੰਘ ਦੇ ਘਰ ਤੋਂ ਲੈ ਕੇ ਜਸਪਾਲ ਸਿੰਘ ਦੇ ਘਰ ਤੱਕ ਗਲੀ-ਨਾਲੀ ਬਣਾਉਣ ਦਾ ਕੰਮ ਬਿਨਾਂ ਕਿਸੇ ਤਕਨੀਕੀ ਜਾਂ ਪ੍ਰਸ਼ਾਸਨਿਕ ਮਨਜ਼ੂਰੀ ਦੇ ਸ਼ੁਰੂ ਕਰਵਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ, ਸਰਪੰਚ ਵਲੋਂ ਗ੍ਰਾਮ ਪੰਚਾਇਤ ਦੀ ਪ੍ਰਾਪਰਟੀ ਦੀ ਸਾਂਭ-ਸੰਭਾਲ ਅਤੇ ਆਪਣੇ ਸੰਵਿਧਾਨਿਕ ਅਹੁਦੇ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਘੋਰ ਲਾਪਰਵਾਹੀ ਵਰਤੀ ਗਈ। ਵਿਭਾਗ ਵਲੋਂ ਸਰਪੰਚ ਨੂੰ ਆਪਣਾ ਪੱਖ ਰੱਖਣ ਲਈ 15 ਦਿਨਾਂ ਦੇ ਅੰਦਰ-ਅੰਦਰ ਸਪਸ਼ਟੀਕਰਨ ਦੇਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਪਰ ਸਰਪੰਚ ਵਲੋਂ ਇਸ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਅਤੇ ਪੰਚਾਇਤ ਸਕੱਤਰ ਵਲੋਂ ਤਾਮੀਲ ਕਰਵਾਏ ਗਏ ਪੱਤਰ ਨੂੰ ਲੈਣ ਉਪਰੰਤ ਦਸਤਖ਼ਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਵਿਭਾਗ ਨੇ ਸਰਪੰਚ ਦੇ ਇਸ ਰਵੱਈਏ ਨੂੰ ਸਰਕਾਰੀ ਹੁਕਮਾਂ ਦੀ ਉਲੰਘਣਾ ਅਤੇ ਅਹੁਦੇ ਦੀ ਦੁਰਵਰਤੋਂ ਮੰਨਦਿਆਂ ਇਹ ਸਖ਼ਤ ਕਾਰਵਾਈ ਕੀਤੀ ਹੈ। ਹੁਕਮਾਂ ਅਨੁਸਾਰ, ਮੁਅੱਤਲੀ ਦੇ ਸਮੇਂ ਦੌਰਾਨ ਸਰਪੰਚ ਸੁਖਦੀਪ ਕੌਰ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿਚ ਭਾਗ ਨਹੀਂ ਲੈ ਸਕਣਗੇ ਅਤੇ ਪੰਚਾਇਤ ਦਾ ਰਿਕਾਰਡ, ਫ਼ੰਡ ਅਤੇ ਹੋਰ ਜਾਇਦਾਦ ਦਾ ਚਾਰਜ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵੱਲੋਂ ਨਾਮਜ਼ਦ ਕੀਤੇ ਜਾਣ ਵਾਲੇ ਪੰਚ ਨੂੰ ਸੌਂਪਿਆ ਜਾਵੇਗਾ। ਇਸ ਦੇ ਨਾਲ ਹੀ ਵਿਭਾਗ ਨੇ ਬੈਂਕਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਸਰਪੰਚ ਦੇ ਨਾਂ ’ਤੇ ਚੱਲਦੇ ਗ੍ਰਾਮ ਪੰਚਾਇਤ ਦੇ ਖਾਤੇ ਤੁਰੰਤ ਸੀਲ ਕੀਤੇ ਜਾਣ ਅਤੇ ਕਿਸੇ ਵੀ ਕਿਸਮ ਦੀ ਅਦਾਇਗੀ ਰੋਕ ਦਿੱਤੀ ਜਾਵੇ। ਇਸ ਸਬੰਧੀ ਸਰਪੰਚ ਬੀਬੀ ਸੁਖਦੀਪ ਕੌਰ ਦਾ ਪੱਖ ਜਾਣ ਨਾਲ ਵਾਰ-ਵਾਰ ਸੰਪਰਕ ਕਰਨ ’ਤੇ ਵੀ ਉਨ੍ਹਾਂ ਫ਼ੋਨ ਨਹੀਂ ਚੁੱਕਿਆ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਵੈਨ ਰਾਹੀਂ ਹਰ ਪਿੰਡ ਵਿਚ ਦਿਖਾਈ ਜਾਵੇਗੀ ਵਿਸ਼ੇਸ਼ ਦਸਤਾਵੇਜ਼ੀ ਅਗਲੀ ਖ਼ਬਰ ਰੂੜੇਕੇ ਕਲਾਂ ਮੀਂਹ ਦਾ ਪਾਣੀ ਪਿੰਡ ਵਾਸੀਆਂ ਦੇ ਘਰਾਂ ’ਚ ਵੜਿਆ, ਲੋਕਾਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
Ad Position 24
No active advertisement