ਭਦੌੜ, 3 ਜੁਲਾਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਸੂਬੇ ਵਿਚਲੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪੈਨਸ਼ਨਰਜ਼ ਨਾਲ ਕੀਤੇ ਅਨੇਕਾਂ ਵਾਅਦਿਆਂ ਨੂੰ ਪੂਰੀ ਤਰ੍ਹਾਂ ਦਰ ਕਿਨਾਰਾ ਕਰ ਕੇ ਆਪਣਾ ਮੂੰਹ ਮੋੜ ਚੁੱਕੀ ਹੈ ਜਿਸ ਕਾਰਨ ਪੈਨਸ਼ਨਰਜ਼ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਭਦੌੜ ਦੇ ਪ੍ਰਧਾਨ ਮਾ: ਰਣਧੀਰ ਸਿੰਘ, ਜਨਰਲ ਸਕੱਤਰ ਬਲਵਿੰਦਰ ਸਿੰਘ ਭਲੇਰੀਆ, ਸੀਨੀ. ਪ੍ਰਧਾਨ ਗੁਰਚਰਨ ਸਿੰਘ ਅਤੇ ਮਾ: ਅਮਰਜੀਤ ਚੌਧਰੀ ਨੇ ਮੀਟਿੰਗ ਉਪਰੰਤ ਗੱਲਬਾਤ ਕਰਦੇ ਹੋਏ ਕੀਤਾ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸੱਤਾ ’ਤੇ ਕਾਬਜ਼ ਸਰਕਾਰ ਸਿਰਫ਼ ਅਤੇ ਸਿਰਫ਼ ਝੂਠ ਦੇ ਸਹਾਰੇ ਚੱਲ ਰਹੀ ਹੈ ਪੰਜਾਬ ਵਿਚ ਕਾਨੂੰਨ ਵਿਵਸਥਾ ਦਾ ਪੂਰੀ ਤਰ੍ਹਾਂ ਜਨਾਜ਼ਾ ਨਿਕਲ ਚੁੱਕਿਆ ਹੈ, ਜਿਸ ਕਾਰਨ ਵਪਾਰੀ, ਮਜ਼ਦੂਰ ਅਤੇ ਆਮ ਜਨਤਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ ਉੱਥੇ ਸੂਬੇ ਵਿਚਲੇ ਸਮੂਹ ਮੁਲਾਜ਼ਮ ਵੀ ਸਰਕਾਰ ਪੂਰੀ ਤਰ੍ਹਾਂ ਦੁਖੀ ਹਨ ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਰੋਜ਼ਾਨਾ ਸੂਬੇ ਦੇ ਲੋਕਾਂ ਨੂੰ ਲੁਭਾਉਣ ਲਈ ਮੁਫ਼ਤ ਸਹੂਲਤਾਂ ਦੇ ਰਹੀ ਹੈ ਤੇ ਮੁਲਾਜ਼ਮਾਂ ਦੇ ਡੀ.ਏ ਨੂੰ ਸਰਕਾਰ ਖ਼ਜ਼ਾਨੇ ਉਪਰ ਬੋਝ ਦੱਸ ਰਹੀ ਹੈ ਉੱਥੇ ਹਾਈਕੋਰਟ ਨੇ ਪੈਨਸ਼ਨਰਜ਼ ਰਹਿੰਦੇ ਬਕਾਏ ਦੇਣ ਦੇ ਹੁਕਮਾਂ ਦੀ ਪਾਲਨਾ ਨਹੀਂ ਕਰ ਰਹੀ ਜਿਸ ਤੋਂ ਸਾਫ਼ ਨਜ਼ਰ ਆਉਂਦਾ ਸਰਕਾਰ ਅੰਦਰੋਂ ਪੂਰੀ ਤਰ੍ਹਾਂ ਖੋਖਲੀ ਹੋ ਚੁੱਕੀ ਹੈ ਜਿਸ ਦਾ ਖ਼ਮਿਆਜ਼ਾ ਸਰਕਾਰ ਨੂੰ ਵਿਧਾਨ ਸਭਾ ਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ। ਇਸ ਸਮੇਂ ਦਰਸ਼ਨ ਸਿੰਘ ਪਟਵਾਰੀ, ਸੈਕਟਰੀ ਗੁਰਦੀਪ ਸਿੰਘ ਗੋਂਦਾਰਾ, ਜਸਵੰਤ ਸਿੰਘ ਗਰੇਵਾਲ, ਮਿੱਠੂ ਸਿੰਘ ਜੰਗੀਆਣਾ, ਗੁਰਜੰਟ ਸਿੰਘ ਜੰਗੀਆਣਾ, ਮਾ: ਸ਼ਮਸ਼ੇਰ ਸਿੰਘ ਸੰਧੂ ਕਲਾ, ਹਰਚੰਦ ਸਿੰਘ ਕਲਰਕ, ਕੁਲਦੀਪ ਕੁਮਾਰ ਦੁੱਗਲ, ਹਾਕਮ ਸਿੰਘ ਫ਼ੌਜੀ, ਜੋਰਾ ਸਿੰਘ, ਰਾਮ ਚੰਦਰ, ਰਾਜ ਕੁਮਾਰ, ਤੇਜਾ ਸਿੰਘ, ਮੱਖਣ ਸਿੰਘ ਅਤੇ ਦਰਬਾਰਾ ਸਿੰਘ ਆਦਿ ਹਾਜ਼ਰ ਸਨ।