ਖਨੌਰੀ, 3 ਜੁਲਾਈ (ਬਲਵਿੰਦਰ ਸਿੰਘ ਥਿੰਦ) - ਖਨੌਰੀ ਵਿਖੇ ਥੋੜ੍ਹੀ ਜਿਹੀ ਬਰਸਾਤ ਪੈ ਜਾਣ ਉਪਰੰਤ ਵੈਸੇ ਤਾਂ ਸ਼ਹਿਰ ਦੇ ਕਈ ਥਾਵਾਂ ’ਤੇ ਪਾਣੀ ਖੜ੍ਹਾ ਹੋ ਜਾਂਦਾ ਹੈ ਪਰ ਸਭ ਤੋਂ ਮਾੜੇ ਹਾਲਾਤ ਤਾਂ ਖਨੌਰੀ ਦੀ ਵਿਸ਼ਵਕਰਮਾ ਟਰੱਕ ਮਾਰਕੀਟ ਵਿਖੇ ਹੁੰਦਾ ਹੈ, ਜਿਥੇ ਸੰਗਰੂਰ ਦਿੱਲੀ ਮੁੱਖ ਮਾਰਗ ਅਤੇ ਇਸ ਦੇ ਦੋਵੇਂ ਪਾਸੇ ਸਰਵਿਸ ਰੋਡਾਂ ਤੇ ਬਹੁਤ ਜ਼ਿਆਦਾ ਪਾਣੀ ਖੜ੍ਹਾ ਹੋਣ ਕਰਕੇ ਇਥੋਂ ਦੀ ਦੋ ਪਹੀਆਂ ਵਾਹਨਾਂ ਦੀ ਆਵਾਜਾਈ ਬੰਦ ਹੋ ਜਾਂਦੀ ਹੈ ਤੇ ਦੂਜਾ ਪੁਰਾਣੇ ਸੰਗਰੂਰ ਦਿੱਲੀ ਮਾਰਗ ਕੱਟ ਤੋਂ ਰਾਮ ਬਾਗ ਨੂੰ ਜਾਣ ਵਾਲੀ ਪੁਰਾਣੀ ਸੜਕ ਤੇ ਤਾਂ ਇਤਨਾ ਜ਼ਿਆਦਾ ਪਾਣੀ ਖੜ੍ਹਾ ਹੋ ਜਾਂਦਾ ਹੈ ਕਿ ਦੋ ਪਹੀਆਂ ਵਾਹਨਾਂ ਦਾ ਲੰਘਣਾ ਤਾਂ ਦੂਰ ਦੀ ਗੱਲ ਰਹੀ, ਕਾਰਾਂ ਜੀਪਾਂ ਆਦਿ ਵਾਹਨਾਂ ਦੀ ਆਵਾਜਾਈ ਵੀ ਤਕਰੀਬਨ ਬੰਦ ਹੋ ਜਾਂਦੀ ਹੈ। ਜਿਸ ਕਰਕੇ ਇਥੋਂ ਲੰਘਣ ਵਾਲਿਆਂ ਨੂੰ ਇਥੋਂ ਲੰਘਣਾ ਸਮੁੰਦਰ ਪਾਰ ਕਰਨਾ ਲੱਗਦਾ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਪਈ ਬਰਸਾਤ ਕਾਰਣ ਖਨੌਰੀ ਦੀ ਟਰੱਕ ਮਾਰਕੀਟ ਵਿਖੇ ਸਰਵਿਸ ਰੋਡਾਂ ਅਤੇ ਪੁਰਾਣੇ ਸੰਗਰੂਰ ਦਿੱਲੀ ਮਾਰਗ ਤੇ ਭਾਰੀ ਪਾਣੀ ਖੜ੍ਹਾ ਹੋਣ ਨਾਲ ਜਿੱਥੇ ਆਵਾਜਾਈ ਪ੍ਰਭਾਵਿਤ ਹੋਈ ਹੈ ਉਥੇ ਮਾਰਕੀਟ ਦੇ ਦੁਕਾਨਦਾਰਾਂ, ਗ੍ਰਾਹਕਾਂ ਅਤੇ ਇਥੋਂ ਲੰਘਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇੱਥੇ ਇਹ ਸਮੱਸਿਆ ਇਸ ਵਾਰ ਹੀ ਉਤਪੰਨ ਨਹੀਂ ਹੋਈ ਸਗੋਂ ਇਹ ਰੋਗ ਤਾਂ ਇਸ ਮਾਰਕੀਟ ਨੂੰ ਪਿਛਲੇ ਕਾਫੀ ਸਾਲਾਂ ਤੋਂ ਲੱਗਾ ਹੋਇਆ ਹੈ, ਜਿਹੜਾ ਕਿ ਸਮੇਂ ਦੇ ਨਾਲ ਹੁਣ ਨਾਸੂਰ ਬਣ ਚੁੱਕਾ ਹੈ। ਵਰਨਣਯੋਗ ਹੈ ਕਿ ਭਾਂਵੇ ਕਿ ਬਣਾਏ ਗਏ ਮੁੱਖ ਸੰਗਰੂਰ ਦਿੱਲੀ ਮਾਰਗ ਐਨ ਐਚ 52 ਦੇ ਦੋਵੇਂ ਪਾਸੇ ਬਰਸਾਤੀ ਪਾਣੀ ਦੇ ਨਿਕਾਸ ਲਈ ਮੁੱਖ ਮਾਰਗ ਅਤੇ ਸਰਵਿਸ ਰੋਡਾਂ ਦੇ ਵਿਚਕਾਰ ਦੋਵੇਂ ਪਾਸੇ ਨਾਲੇ ਬਣਾਏ ਗਏ ਹਨ ਪ੍ਰੰਤੂ ਇਨ੍ਹਾਂ ਦੀ ਚੰਗੀ ਤਰ੍ਹਾਂ ਸਫਾਈ ਨਾ ਹੋਣ ਕਾਰਨ ਇਹ ਨਾਲੇ ਬਰਸਾਤੀ ਪਾਣੀ ਦੇ ਨਿਕਾਸ ਤੋਂ ਅਸਮਰੱਥ ਨਜ਼ਰ ਆ ਰਹੇ ਹਨ ਤੇ ਦੂਜਾ ਜੋ ਪੁਰਾਣਾ ਸੰਗਰੂਰ ਦਿੱਲੀ ਮਾਰਗ ਹੈ ਉਥੇ ਤਾਂ ਬਰਸਾਤੀ ਪਾਣੀ ਦੀ ਕੋਈ ਨਿਕਾਸੀ ਨਾ ਹੋਣ ਕਰਕੇ ਥੋੜੀ ਜਿਹੀ ਬਰਸਾਤ ਨਾਲ ਹੀ ਬਹੁਤ ਜ਼ਿਆਦਾ ਪਾਣੀ ਖੜ੍ਹਾ ਹੋਣ ਕਰਕੇ ਇਸ ਸੜਕ ਤੇ ਆਵਾਜਾਈ ਤਕਰੀਬਨ ਬੰਦ ਜਹੀ ਹੋ ਕੇ ਰਹਿ ਜਾਂਦੀ ਹੈ। ਇਥੇ ਪਾਣੀ ਖੜ੍ਹਾ ਹੋਣ ਦੀ ਇਹ ਕੋਈ ਹੁਣ ਦੀ ਸਮੱਸਿਆਂ ਨਹੀਂ ਹੈ ਬਲਕਿ ਕਈ ਸਾਲਾਂ ਤੋਂ ਇਹ ਸਮਸਿਆ ਬਣੀ ਆ ਰਹੀ ਹੈ ਪਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਸਿਰਫ ਵੱਡੇ ਵੱਡੇ ਬਿਆਨ ਦੇ ਦੇ ਕੇ ਅਤੇ ਜਲਦੀ ਹੱਲ ਕੀਤੇ ਜਾਣ ਦੇ ਝੂਠੇ ਦਾਅਵੇ ਕਰ ਕਰ ਕੇ ਹੀ ਬੂੱਤਾ ਸਾਰਿਆ ਜਾਂਦਾ ਰਿਹਾ ਹੈ। ਇਸ ਸਬੰਧੀ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਰਾਂਝਾ ਬਖਸ਼ੀ ਨੇ ਦੱਸਿਆ ਕਿ ਮੁੱਖ ਮਾਰਗ ਤੇ ਜੋ ਪਾਣੀ ਦੀ ਨਿਕਾਸੀ ਲਈ ਨਾਲੇ ਬਣਾਏ ਗਏ ਹਨ ਉਹਨਾਂ ਦਾ ਵੀ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ ਕਿਉਂ ਕਿ ਉਹ ਨਿਕਾਸੀ ਨਾਲੇ ਪਾਣੀ ਦੀ ਨਿਕਾਸੀ ਲਈ ਘੱਟ ਅਤੇ ਲੋਕਾਂ ਵੱਲੋਂ ਕੂੜਾ ਕਰਕਟ ਸੁੱਟਣ ਲਈ ਜ਼ਿਆਦਾ ਵਰਤੋਂ ਵਿੱਚ ਆ ਰਹੇ ਹਨ ਅਤੇ ਉਹਨਾਂ ਦੀ ਸਫਾਈ ਵੀ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਨਗਰ ਪੰਚਾਇਤ ਖਨੌਰੀ ਵੱਲੋਂ ਦਿਖਾਵੇ ਮਾਤਰ ਇਨਾਂ ਨਾਲਿਆਂ ਦੀ ਮਾੜੀ ਮੋਟੀ ਸਫਾਈ ਕਰਨੀ ਸ਼ੁਰੂ ਕੀਤੀ ਸੀ ਪਰ ਮੁਕੰਮਲ ਸਫਾਈ ਨਾ ਹੋਣ ਕਰਕੇ ਇਥੇ ਪਾਣੀ ਖੜ੍ਹਾ ਹੋ ਜਾਣ ਦੀ ਸਮਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਸਰਵਿਸ ਰੋਡ ਵਾਲੀਆਂ ਸੜਕਾਂ ਤੇ ਪ੍ਰੀਮਿਕਸ ਪਾਈ ਗਈ ਸੀ ਪਰ ਪਾਣੀ ਖੜ੍ਹਾ ਰਹਿਣ ਕਰਕੇ ਇਨ੍ਹਾਂ ਦੀ ਫਿਰ ਮਾੜੀ ਹਾਲਤ ਹੁੰਦੀ ਜਾ ਰਹੀ ਹੈ। ਮਿਸਤਰੀ ਹਰਭਜਨ ਸਿੰਘ, ਗੁਰਮੇਲ ਸਿੰਘ, ਸੁਖਵੰਤ ਸਿੰਘ, ਕਿਸ਼ਨ ਗੋਇਲ, ਹਾਕਮ ਸਿੰਘ, ਰਾਜ ਕੁਮਾਰ, ਮਨਜੀਤ ਸਿੰਘ, ਗੁਰਮੀਤ ਸਿੰਘ, ਸੰਜੀਵ ਸਿੰਗਲਾ, ਪਰਸ਼ੋਤਮ ਲਾਲ ਆਦਿ ਸਮੇਤ ਹੋਰ ਕਈ ਲੋਕਾਂ ਨੇ ਮੰਗ ਕੀਤੀ ਹੈ ਕਿ ਟਰੱਕ ਮਾਰਕੀਟ ਵਿਖੇ ਬਰਸਾਤੀ ਪਾਣੀ ਦੇ ਨਿਕਾਸ ਦਾ ਸਹੀ ਹੱਲ ਕੀਤਾ ਜਾਵੇ ਤਾਂ ਜੋ ਆ ਰਹੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਸਕੇ।
ਇੱਕ ਨਜ਼ਰ ਏਧਰ ਵੀ... - ਮਾਮਲਾ ਸੰਗਰੂਰ -ਦਿੱਲੀ ਮੁੱਖ ਮਾਰਗ ’ਤੇ ਬਰਸਾਤਾਂ ਦੇ ਮੌਸਮ ਦੌਰਾਨ ਪਾਣੀ ਖੜ੍ਹਨ ਦਾ- ਖਨੌਰੀ ਵਿਖੇ ਥੋੜ੍ਹੀ ਜਿਹੀ ਬਰਸਾਤ ਹੋਣ ਉਪਰੰਤ ਹੀ ਟਰੱਕ ਮਾਰਕੀਟ ਧਾਰ ਲੈਂਦੀ ਹੈ ਝੀਲ ਦਾ ਰੂਪ
ਅਜੀਤ ਡੈਸਕ
04-07-2026