ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਧਨੌਲਾ ਡਰੇਨ ਦੀ ਸਫ਼ਾਈ ਨਾ ਹੋਣ ਤੋਂ ਦੁਖੀ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਵਿਭਾਗ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 11-07-2026
ਰੂੜੇਕੇ ਕਲਾਂ, 10 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਮੀਂਹ ਦੇ ਪਾਣੀ ਦੇ ਨਿਕਾਸ ਲਈ ਪਿੰਡ ਧੌਲਾ ਤੇ ਹੰਡਿਆਇਆ ਵਿਚਕਾਰ ਦੀ ਲੰਘਦੀ ਧਨੌਲਾ ਡਰੇਨ ਦੀ ਸਫ਼ਾਈ ਨਾ ਹੋਣ ਕਰ ਕੇ ਇਲਾਕੇ ਪਿੰਡ ਧੌਲਾ ਤੇ ਹੰਡਿਆਇਆ ਦੇ ਡਰੇਨ ਨਜ਼ਦੀਕ ਜ਼ਮੀਨਾਂ ਦੇ ਕਾਸ਼ਤਕਾਰ ਕਿਸਾਨਾਂ ਨੇ ਇਕੱਤਰ ਹੋ ਕੇ ਡਰੇਨ ਦੀ ਸਫ਼ਾਈ ਸਹੀ ਸਮੇਂ ’ਤੇ ਨਾ ਕਰਵਾਉਣ ਦੇ ਰੋਸ ਵਜੋਂ ਪੰਜਾਬ ਸਰਕਾਰ ਅਤੇ ਡਰੇਨ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਕ੍ਰਾਂਤੀਕਾਰੀ ਦੇ ਝੰਡੇ ਲੈ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਦਿੰਦੇ ਹੋਏ ਦੁਖੀ ਕਿਸਾਨਾਂ ਧਰਮ ਸਿੰਘ ਧੌਲਾ, ਸਾਗਰ ਸਿੰਘ ਧੌਲਾ, ਹਰਬੰਸ ਸਿੰਘ ਧੌਲਾ, ਮਨਜਿੰਦਰ ਸਿੰਘ ਹੰਡਿਆਇਆ, ਅਮਰਜੀਤ ਸਿੰਘ ਹੰਡਿਆਇਆ, ਗੁਰਵਿੰਦਰ ਸਿੰਘ ਹੰਡਿਆਇਆ, ਗੁਰਜੰਟ ਸਿੰਘ ਹੰਡਿਆਇਆ ਆਦਿ ਨੇ ਦੱਸਿਆ ਕਿ ਡਰੇਨ ਵਿਭਾਗ ਬਰਨਾਲਾ ਵਲੋਂ ਧਨੌਲਾ ਡਰੇਨ ਦੀ ਬਿਲਕੁਲ ਵੀ ਸਫ਼ਾਈ ਨਹੀਂ ਕਰਵਾਈ ਗਈ ਹੈ। ਡਰੇਨ ਦੇ ਵਿਚ ਵੱਡੀ ਪੱਧਰ ’ਤੇ ਫੈਲੀ ਪਾਣੀ ਵਾਲੀ ਬੇਲ ਨੇ ਪੂਰੀ ਡਰੇਨ ਨੂੰ ਬੰਦ ਕੀਤਾ ਹੋਇਆ ਹੈ। ਡਰੇਨ ਵਿਚ ਦੀ ਮੀਂਹ ਦੇ ਪਾਣੀ ਦਾ ਨਿਕਾਸ ਨਹੀਂ ਹੋ ਸਕਦਾ ਹੈ। ਜਿਸ ਕਰ ਕੇ ਜੇਕਰ ਥੋੜ੍ਹਾ ਜਿਹਾ ਮੀਂਹ ਵੀ ਪੈ ਗਿਆ ਤਾਂ ਡਰੇਨ ਬੰਦ ਹੋਣ ਕਰ ਕੇ ਡਰੇਨ ਕਿਸਾਨਾਂ ਦੇ ਖੇਤਾਂ ਵਿਚ ਟੁੱਟ ਜਾਵੇਗੀ। ਵੱਡੀ ਮਾਤਰਾ ਵਿਚ ਡਰੇਨ ਵਿਚ ਭਰੀ ਹੋਈ ਹਾਨੀਕਾਰਕ ਬੂਟੀ ਕਿਸਾਨਾਂ ਦੇ ਖੇਤਾਂ ਵਿਚ ਫੈਲ ਜਾਵੇਗੀ। ਪਾਣੀ ਅਤੇ ਹਾਨੀਕਾਰਕ ਬੂਟੀ ਕਿਸਾਨਾਂ ਦੇ ਖੇਤਾਂ ਵਿਚ ਫੈਲਣ ਕਰ ਕੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਜਾਣਗੀਆਂ। ਭਾਵੇਂਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਬਰਸਾਤੀ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਦੀਆਂ ਡਰੇਨਾਂ ਦੀ ਸਫ਼ਾਈ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪ੍ਰੰਤੂ ਧਨੌਲਾ ਡਰੇਨ ਦੇ ਵਿਚ ਵੱਡੀ ਮਾਤਰਾ ਵਿਚ ਹਾਨੀਕਾਰਕ ਬੂਟੀ ਪੈਦਾ ਹੋਣ ਕਰ ਕੇ ਸਰਕਾਰ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਪਿਛਲੇ ਸਮੇਂ ਉਕਤ ਡਰੇਨ ਬਰਨਾਲਾ ਮਾਨਸਾ ਮੁੱਖ ਮਾਰਗ ਨਜ਼ਦੀਕ ਟਰਾਈਡੈਂਟ ਉਦਯੋਗ ਧੌਲਾ ਵਿਖੇ ਟੁੱਟ ਗਈ ਸੀ। ਜਿਸ ਕਾਰਨ ਡਰੇਨ ਦੀ ਗਾਦ, ਹਾਨੀਕਾਰਕ ਬੂਟੀ ਤੇ ਪਾਣੀ ਵੱਡੀ ਮਾਤਰਾ ਵਿਚ ਹੰਡਿਆਇਆ ਤੇ ਧੌਲਾ ਦੇ ਕਿਸਾਨਾਂ ਦੇ ਖੇਤਾਂ ਵਿਚ ਭਰਨ ਕਰ ਕੇ ਕਿਸਾਨਾਂ ਦੀ 30 ਏਕੜ ਫ਼ਸਲ ਬਰਬਾਦ ਹੋ ਗਈ ਸੀ। ਡਰੇਨ ਵਿਚ ਵੱਡੀ ਮਾਤਰਾਂ ਵਿਚ ਫੈਲੀ ਹਾਨੀਕਾਰਕ ਬੂਟੀ ਕਾਰਨ ਗੁਜ਼ਰਾਂ ਦੀਆਂ ਕਰੀਬ 10-15 ਮੱਝਾਂ ਦੀ ਡਰੇਨ ਦੀ ਗਾਦ ਵਿਚ ਧਸਣ ਕਰ ਕੇ ਮੌਤ ਹੋ ਗਈ ਸੀ। ਡਰੇਨ ਵਿਭਾਗ ਬਰਨਾਲਾ ਦੇ ਅਧਿਕਾਰੀ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋਣ ਅਤੇ ਹੋਰ ਜਾਨਲੇਵਾ ਹਾਦਸੇ ਵਾਪਰਨ ਦੀ ਉਡੀਕ ਕਰ ਰਹੇ ਹਨ। ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਪ੍ਰੰਤੂ ਡਰੇਨ ਦੀ ਸਹੀ ਸਮੇਂ ’ਤੇ ਸਫ਼ਾਈ ਨਾ ਕਰਵਾ ਕੇ ਵਿਭਾਗ ਦੇ ਅਧਿਕਾਰੀਆਂ ਨੇ ਅਣਗਹਿਲੀ ਵਰਤੀ ਹੈ। ਇਕੱਤਰ ਹੋਏ ਸਮੂਹ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਡੀ.ਸੀ. ਬਰਨਾਲਾ ਤੋਂ ਮੰਗ ਕੀਤੀ ਹੈ ਕਿ ਧਨੌਲਾ ਡਰੇਨ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ। ਇਸ ਮੌਕੇ ਗੁਰਪਿਆਰ ਸਿੰਘ, ਨਿਰਭੈ ਸਿੰਘ, ਗੁਰਮੇਲ ਸਿੰਘ, ਜਸਵੀਰ ਸਿੰਘ, ਲਖਵਿੰਦਰ ਸਿੰਘ, ਮੱਖਣ ਸਿੰਘ, ਨਵਦੀਪ ਸਿੰਘ, ਜਰਨੈਲ ਸਿੰਘ, ਬਾਰਾ ਸਿੰਘ, ਬੇਅੰਤ ਸਿੰਘ, ਜਗਰਾਜ ਸਿੰਘ, ਭਿੰਦਰ ਸਿੰਘ, ਇੰਦਰਜੀਤ ਸਿੰਘ ਤੋਂ ਇਲਾਵਾ ਕਿਸਾਨ ਹਾਜ਼ਰ ਸਨ।
ਕੀ ਕਹਿਣਾ ਹੈ ਡਰੇਨ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਦਾ:
ਜਦੋਂ ਇਸ ਸਬੰਧੀ ਡਰੇਨ ਵਿਭਾਗ ਬਰਨਾਲਾ ਦੇ ਐਕਸੀਅਨ ਨਮਨ ਜੈਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਵਾਰ ਵਾਰ ਫ਼ੋਨ ਕਰਨ ਤੇ ਵੀ ਗੱਲ ਸੁਣਨੀ ਮੁਨਾਸਬ ਨਹੀਂ ਸਮਝੀ ਵਿਭਾਗ ਦੇ ਐਸ.ਡੀ.ਓ ਮੋਹਿਤ ਸਤੀਜਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਧਨੌਲਾ ਡਰੇਨ ਦੀ ਸਫ਼ਾਈ ਲਈ ਟੈਂਡਰ ਹੋ ਚੁੱਕੇ ਹਨ। ਜਲਦੀ ਹੀ ਡਰੇਨ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਅੱਜ ਅਤੇ ਭਲਕੇ ਸਾਰੇ ਪੋਲਿੰਗ ਬੂਥਾਂ ’ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ-ਜ਼ਿਲ੍ਹਾ ਚੋਣ ਅਫ਼ਸਰ ਅਗਲੀ ਖ਼ਬਰ ਚੋਰਾਂ ਦੇ ਹੌਸਲੇ ਬੁਲੰਦ... ਪੁਲਿਸ ਦੀ ਢਿੱਲੀ ਕਾਰਵਾਈ ਦੇ ਚੱਲਦੇ ਚੋਰਾਂ ਨੇ ਬੰਦ ਪਈ ਕੋਠੀ ਨੂੰ ਚਾਰ ਦਿਨਾਂ ’ਚ ਦੂਜੀ ਵ...
Ad Position 24
No active advertisement