ਬਰਨਾਲਾ, 10 ਜੁਲਾਈ (ਰਾਜ ਪਨੇਸਰ)-ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦੇ ਬਰਨਾਲਾ ਅੰਦਰ ਚੋਰਾਂ ਦੇ ਹੌਸਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਬੇਖ਼ੌਫ ਹੋਏ ਚੋਰ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਹੁਣ ਤਾਂ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਉਨ੍ਹਾਂ ਵਲੋਂ ਬੀਤੀ 7 ਜੁਲਾਈ ਨੂੰ ਸਥਾਨਕ ਗੁਰਸੇਵਕ ਨਗਰ ਵਿਖੇ ਇਕ ਕੋਠੀ ਵਿਚੋਂ ਕੂਲਰ/ਪੱਖਿਆਂ ਦੀਆਂ ਮੋਟਰਾਂ, ਭਾਂਡੇ ਤੇ ਹੋਰ ਕੀਮਤੀ ਸਮਾਨ ਲੈ ਕੇ ਫ਼ਰਾਰ ਹੋ ਗਏ ਸਨ ਅਤੇ ਮੁੜ ਬੀਤੀ ਰਾਤ ਚੋਰਾਂ ਵਲੋਂ ਇਸ ਕੋਠੀ ਨੂੰ ਮੁੜ ਤੋਂ ਨਿਸ਼ਾਨਾ ਬਣਾਇਆ ਗਿਆ ਅਤੇ ਚੋਰ ਕੋਠੀ ਵਿਚੋਂ ਅਲਮਾਰੀਆਂ ਵਿਚ ਪਿਆ ਸਮਾਨ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਗੁਰਸੇਵਕ ਨਗਰ ਵਿਖੇ ਮਹਿੰਦਰ ਸਿੰਘ ਦੀ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਜਿੱਥੇ ਪਹਿਲੀ ਚੋਰੀ ਸਮੇਂ ਚੋਰ ਐਲਮੋਨੀਅਮ ਦੀ ਵਿੰਡੋ ਤੋੜ ਕੇ ਚੋਰ ਅੰਦਰ ਦਾਖਲ ਹੋ ਗਏ, ਜਿਨ੍ਹਾਂ ਬੇਲ/ਬੂਟੇ ਕੱਟਣ ਵਾਲੇ ਕੈਂਚੀ ਨਾਲ ਅਲਮਾਰੀਆਂ, ਪੇਟੀਆਂ ਤੇ ਟਰੰਕਾਂ ਦੇ ਜਿੰਦਰੇ ਤੋੜ ਕੇ ਸਮਾਨ ਦੀ ਫਰੋਲਾ ਫਰਾਲੀ ਕੀਤੀ ਅਤੇ ਬਾਅਦ ਵਿਚ ਪੱਖੇ/ਕੂਲਰਾਂ ਦੀਆਂ ਮੋਟਰਾਂ, ਭਾਂਡੇ ਤੇ ਹੋਰ ਕੀਮਤੀ ਸਮਾਨ ਸਮੇਤ ਐਲਮੋਨੀਅਮ ਦੀ ਵਿੰਡੋ ਤੇ ਹੋਰ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਏ ਸਨ। ਉਸ ਸਮੇਂ ਚੋਰੀ ਸਬੰਧੀ ਗੁਆਂਢੀਆਂ ਨੂੰ ਸਵੇਰੇ ਪਤਾ ਲੱਗਿਆ, ਜਿੰਨਾ ਮਹਿੰਦਰ ਸਿੰਘ ਦੇ ਰਿਸ਼ਤੇਦਾਰਾਂ ਨੂੰ ਚੋਰੀ ਦੀ ਘਟਨਾ ਸਬੰਧੀ ਸੂਚਨਾ ਦਿੱਤੀ, ਕਿਉਂਕਿ ਮਹਿੰਦਰ ਸਿੰਘ ਦੇ ਲੜਕੇ ਵਿਦੇਸ਼ ਰਹਿੰਦੇ ਹਨ ਉਹ ਕੁੱਝ ਕੁ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਮਿਲਣ ਲਈ ਵਿਦੇਸ਼ ਗਿਆ ਸੀ, ਜਿਸ ਤੋਂ ਬਾਅਦ ਰਿਸ਼ਤੇਦਾਰਾਂ ਵਲੋਂ ਥਾਣਾ ਸਿਟੀ-2 ਬਰਨਾਲਾ ਵਿਖੇ ਲਿਖਤੀ ਦਰਖ਼ਾਸਤ ਦਿੱਤੀ ਗਈ ਸੀ, ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦੇ ਚੋਰਾਂ ਨੇ ਇਸ ਕੋਠੀ ਨੂੰ ਮੁੜ ਤੋਂ ਨਿਸ਼ਾਨਾ ਬਣਾਇਆ ਅਤੇ ਕੋਠੀ ਵਿਚ ਦਾਖ਼ਲ ਹੋ ਕੇ ਮੁੜ ਤੋਂ ਉੱਥੋਂ ਹੋਰ ਕੀਮਤੀ ਸਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਲੋਕਾਂ ਵਿਚ ਵੀ ਸਹਿਮ ਦਾ ਮਾਹੌਲ ਹੈ ਅਤੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਲਾਕੇ ਵਿਚ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ ਤਾਂ ਜੋ ਚੋਰੀ ਦੀ ਵਾਰਦਾਤਾਂ ਨੂੰ ਰੋਕਿਆ ਜਾ ਸਕੇ। ਜਦੋਂ ਇਸ ਸਬੰਧੀ ਥਾਣਾ ਸਿਟੀ-2 ਦੇ ਐਸ.ਐਚ.ਓ ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਆਸ-ਪਾਸ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ, ਜਲਦੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਧਨੌਲਾ ਰੋਡ ’ਤੇ ਪੁਲਿਸ ਵਲੋਂ ਰਾਤ ਦੀ ਗਸ਼ਤ ਵੀ ਵਧਾਈ ਜਾਵੇਗੀ।
ਚੋਰਾਂ ਦੇ ਹੌਸਲੇ ਬੁਲੰਦ... ਪੁਲਿਸ ਦੀ ਢਿੱਲੀ ਕਾਰਵਾਈ ਦੇ ਚੱਲਦੇ ਚੋਰਾਂ ਨੇ ਬੰਦ ਪਈ ਕੋਠੀ ਨੂੰ ਚਾਰ ਦਿਨਾਂ ’ਚ ਦੂਜੀ ਵਾਰ ਬਣਾਇਆਂ ਨਿਸ਼ਾਨਾ
ਅਜੀਤ ਡੈਸਕ
11-07-2026