ਬਰਨਾਲਾ, 10 ਜੁਲਾਈ (ਰਾਜ ਪਨੇਸਰ)-ਬੀਤੀ ਕੱਲ੍ਹ ਸ਼ਹਿਰ ਬਰਨਾਲਾ ’ਚੋਂ ਅਚਾਨਕ ਲਾਪਤਾ ਹੋਏ ਦੋ ਬੱਚਿਆਂ ਨੂੰ ਥਾਣਾ ਸਿਟੀ-2 ਦੀ ਪੁਲਿਸ ਨੇ ਮੁਸਤੈਦੀ ਵਿਖਾਉਂਦਿਆਂ ਕੁੱਝ ਘੰਟਿਆਂ ’ਚ ਹੀ ਲੱਭ ਕੇ ਮਾਪਿਆਂ ਹਵਾਲੇ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐਸ.ਐਚ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਲੰਘੀ ਕੱਲ੍ਹ ਮੁਦੱਈ ਕਾਜਲ ਦੇਵੀ ਨੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਿੱਤੀ ਕਿ ਉਸ ਦਾ 13 ਸਾਲਾਂ ਲੜਕਾ ਕ੍ਰਿਸ਼ਨ ਸਕੂਲ ਪ੍ਰੋਜੈਕਟ ਲਈ ਆਪਣੇ ਦੋਸਤ ਦੇ ਘਰ ਗਿਆ ਸੀ ਜੋ ਕਿ ਕਾਫ਼ੀ ਸਮਾਂ ਬੀਤਣ ਤੋਂ ਬਾਅਦ ਘਰ ਵਾਪਸ ਨਹੀਂ ਆਇਆ, ਜਿਸ ਦੀ ਉਨ੍ਹਾਂ ਆਪਣੇ ਤੌਰ ’ਤੇ ਬਹੁਤ ਭਾਲ ਕੀਤੀ ਪਰ ਕੁੱਝ ਪਤਾ ਨਹੀਂ ਲੱਗਿਆ ਫਿਰ ਉਨ੍ਹਾਂ ਨੇ ਥਾਣਾ ਸਿਟੀ-2 ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਤੇ ਦੂਜੇ 11 ਸਾਲਾਂ ਯਾਕੂਬ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਾਡਾ ਲੜਕਾ ਆਪਣੇ ਦੋਸਤਾਂ ਨਾਲ ਬਾਹਰ ਖੇਡਣ ਗਿਆ ਸੀ ਜੋ ਕਿ ਕਾਫ਼ੀ ਸਮੇਂ ਬਾਅਦ ਵੀ ਘਰ ਵਾਪਸ ਨਹੀਂ ਪਰਤਿਆ। ਵਾਰਡ ਨੰਬਰ-2 ਮੌਜੂਦਾ ਕੌਂਸਲਰ ਜਸਪ੍ਰੀਤ ਸਿੰਘ ਨੇ ਦੋਨੋਂ ਪਰਿਵਾਰਾਂ ਦੇ ਮੈਂਬਰਾਂ ਨੂੰ ਨਾਲ ਲੈ ਕੇ ਆਪਣੇ ਤੌਰ ’ਤੇ ਭਾਲ ਕੀਤੀ, ਬਾਅਦ ’ਚ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਵਲੋਂ ਛੋਟੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਕ ਵੱਖਰੀ ਟੀਮ ਬਣਾਈ ਗਈ ਜਿਸ ਦੀ ਅਗਵਾਈ ਏ.ਐਸ.ਆਈ ਜਗਤਾਰ ਸਿੰਘ ਕਰ ਰਹੇ ਸਨ ਜਿਨ੍ਹਾਂ ਨੇ ਸ਼ਹਿਰ ਦੇ ਤਕਰੀਬਨ ਸਾਰੇ ਹੀ ਸੀ.ਸੀ.ਟੀ.ਵੀ ਕੈਮਰਿਆਂ ਦੀ ਫੋਟੇਜ ਬਰੀਕੀ ਨਾਲ ਚੈੱਕ ਕੀਤੀ ਤਾਂ ਪਤਾ ਲੱਗਿਆ ਕਿ ਬੱਚੇ ਰੇਲ ਗੱਡੀ ਰਾਹੀਂ ਅੰਬਾਲਾ ਚਲੇ ਗਏ। ਬੱਚਿਆਂ ਨੂੰ ਹਿਫ਼ਾਜ਼ਤ ਨਾਲ ਅੰਬਾਲੇ ਤੋਂ ਲਿਆ ਕੇ ਮਾਪਿਆਂ ਦੇ ਹਵਾਲੇ ਕੀਤਾ ਤਾਂ ਬੱਚਿਆਂ ਦੇ ਮਾਪਿਆਂ ਨੇ ਥਾਣਾ ਸਿਟੀ-2 ਪੁਲਿਸ ਦਾ ਦਿਲੋਂ ਧੰਨਵਾਦ ਕੀਤਾ।