16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਮਹਾਨ ਤਪੱਸਵੀ ਸੰਤ ਬਾਬਾ ਅਤਰ ਸਿੰਘ

Ad Position 21
repet_subhas-goyals [Copy P29]
ਅਜੀਤ ਡੈਸਕ 02-02-2026

ਪੰਜਾਬ ਦੀ ਧਰਤੀ ਸੂਫ਼ੀ ਸੰਤਾਂ, ਗੁਰੂਆਂ, ਪੀਰਾਂ, ਫ਼ਕੀਰਾਂ, ਮਹਾਂਪੁਰਸ਼ਾਂ ਦੁਆਰਾ ਵਰੋਸਾਈ ਹੋਈ ਹੈ। ਸਮੇਂ-ਸਮੇਂ 'ਤੇ ਇੱਥੇ ਮਹਾਨ ਸ਼ਖ਼ਸੀਅਤਾਂ ਜਨਮ ਲੈਂਦੀਆਂ ਰਹੀਆਂ ਹਨ, ਜੋ ਆਪਣੀਆਂ ਧਾਰਮਿਕ, ਸਮਾਜਿਕ, ਵਿੱਦਿਅਕ ਸੇਵਾਵਾਂ ਸਦਕਾ ਇਸ ਧਰਤੀ ਨੂੰ ਸੋਹਣੀ ਤੇ ਵਸਣਯੋਗ ਬਣਾਉਂਦੀਆਂ ਰਹੀਆਂ। ਅਜਿਹੀਆਂ ਸ਼ਖ਼ਸੀਅਤਾਂ 'ਚੋਂ ਹੀ ਇਕ ਸੰਤ ਬਾਬਾ ਅਤਰ ਸਿੰਘ ਜੀ ਸਨ, ਜਿਨ੍ਹਾਂ ਦਾ ਜਨਮ ਅੰਗਰੇਜ਼ੀ ਰਾਜ ਸਮੇਂ ਪਟਿਆਲਾ ਰਿਆਸਤ ਦੇ ਸੁਨਾਮ ਸ਼ਹਿਰ ਨੇੜੇ ਇਕ ਛੋਟੇ ਜਿਹੇ ਪਿੰਡ ਚੀਮਾ ਵਿਖੇ ਸਧਾਰਨ ਕਿਸਾਨ ਕਰਮ ਸਿੰਘ ਤੇ ਮਾਤਾ ਭੋਲੀ ਦੇ ਘਰ 28 ਮਾਰਚ 1866 ਨੂੰ ਹੋਇਆ। ਮਾਂ-ਪਿਓ ਦੋਵੇਂ ਧਾਰਮਿਕ ਬਿਰਤੀਆਂ ਨਾਲ ਓਤ-ਪੋਤ ਸਨ, ਜਿਸ ਦਾ ਉਨ੍ਹਾਂ 'ਤੇ ਡੂੰਘਾ ਪ੍ਰਭਾਵ ਪਿਆ। ਅਤਰ ਸਿੰਘ ਬਾਲਪਨ ਅਵਸਥਾ ਤੋਂ ਪਰਮਾਤਮਾ ਦੀ ਭਗਤੀ 'ਚ ਲੀਨ ਰਹਿੰਦੇ ਸਨ। ਫ਼ੌਜ ਵਿਚ ਭਰਤੀ ਹੋ ਕੇ ਉਹ ਅੰਮ੍ਰਿਤ ਦੇ ਧਾਰਨੀ ਹੋ ਕੇ ਗੁਰੂ ਵਾਲੇ ਬਣ ਗਏ। ਜਦੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਫ਼ੌਜ ਦੀ ਨੌਕਰੀ ਕਰਨ ਨਾਲ ਉਹ ਵਧੇਰੇ ਸਮਾਂ ਪ੍ਰਭੂ ਭਗਤੀ ਵਿਚ ਨਹੀਂ ਲਾ ਸਕਦੇ ਤਾਂ ਉਨ੍ਹਾਂ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਗੋਦਾਵਰੀ ਨਦੀ ਦੇ ਕੰਢੇ ਅਬਿਚਲ ਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪ੍ਰਭੂ ਭਗਤੀ ਤੇ ਸਿਮਰਨ ਕਰਨ ਲੱਗ ਪਏ। ਤਿੰਨ ਸਾਲ ਉਪਰੰਤ ਉਹ ਪੋਠੋਹਾਰ ਦੇ ਇਲਾਕੇ 'ਚ ਪਿੰਡ ਕੱਲਰ ਕਨੋਹਾ ਵਿਖੇ ਚਲੇ ਗਏ, ਜਿੱਥੇ ਉਹ 7 ਸਾਲ ਤੱਕ ਉਸ ਪਰਮ ਪਿਤਾ ਪਰਮਾਤਮਾ ਦੀ ਭਗਤੀ 'ਚ ਰਹੇ। ਸਿੰਘ ਸਭਾ ਲਹਿਰ ਨੇ ਅਤਰ ਸਿੰਘ ਜੀ ਦੀ ਪ੍ਰਭੂ ਅਰਾਧਨਾ ਵਾਲੀ ਸ਼ਖ਼ਸੀਅਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਇਸੇ ਲਹਿਰ ਤੋਂ ਪ੍ਰਭਾਵ ਕਬੂਲ ਕੇ ਉਨ੍ਹਾਂ ਨੇ ਇਕ ਕੀਰਤਨੀ ਜਥਾ ਬਣਾਇਆ।
ਧਾਰਮਿਕ ਖੇਤਰ ਤੋਂ ਇਲਾਵਾ ਉਨ੍ਹਾਂ ਵਿੱਦਿਅਕ ਖੇਤਰ ਵਿਚ ਵੀ ਬਹੁਤ ਵੱਡਾ ਯੋਗਦਾਨ ਦਿੱਤਾ। ਉਨ੍ਹਾਂ ਨੇ ਸਭ ਤੋਂ ਪਹਿਲਾਂ ਕੁੜੀਆਂ ਦੀ ਪੜ੍ਹਾਈ ਨੂੰ ਤਰਜੀਹ ਦਿੰਦੇ ਹੋਏ ਸਿੱਖ ਕੰਨਿਆ ਹਾਈ ਸਕੂਲ ਰਾਵਲਪਿੰਡੀ ਸਥਾਪਤ ਕੀਤਾ। ਫਿਰ ਸੰਤ ਸਿੰਘ ਖ਼ਾਲਸਾ ਸਕੂਲ ਚਕਵਾਲ, ਗੁਰੂ ਨਾਨਕ ਖ਼ਾਲਸਾ ਕਾਲਜ ਗੁੱਜਰਾਂਵਾਲਾ ਸਥਾਪਤ ਕੀਤੇ, ਜਿਸ ਸਮੇਂ ਮਾਲਵੇ ਨੂੰ ਜਾਂਗਲੀ ਇਲਾਕੇ ਦੇ ਤੌਰ 'ਤੇ ਜਾਣਿਆ ਜਾਂਦਾ ਸੀ। ਸੰਤ ਅਤਰ ਸਿੰਘ ਨੇ ਮਾਲਵੇ ਦੀ ਧਰਤੀ ਨੂੰ ਭਾਗ ਲਾਏ। ਉਨ੍ਹਾਂ ਸੰਗਰੂਰ ਸ਼ਹਿਰ ਦੇ ਨਜ਼ਦੀਕ ਪਿੰਡ ਬਡਰੁੱਖਾਂ ਦੇ ਬਿਲਕੁਲ ਪਾਸ ਅਕਾਲ ਕਾਲਜ ਗੁਰਸਾਗਰ ਮਸਤੂਆਣਾ ਸਾਹਿਬ ਨਾਂਅ ਦਾ ਧਾਰਮਿਕ ਤੇ ਵਿੱਦਿਅਕ ਕੇਂਦਰ ਸਥਾਪਤ ਕੀਤਾ। ਉਨ੍ਹਾਂ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਹੂਲਤ ਲਈ ਹੋਸਟਲ ਦਾ ਪ੍ਰਬੰਧ ਵੀ ਕੀਤਾ। ਉਨ੍ਹਾਂ ਇੱਥੇ ਹੀ 1906 ਵਿਚ ਪਹਿਲਾਂ ਲੜਕੀਆਂ ਦਾ ਸਕੂਲ, ਫਿਰ 1913 'ਚ ਅਕਾਲ ਹਾਈ ਸਕੂਲ ਤੇ 1920 'ਚ ਅਕਾਲ ਕਾਲਜ ਦੀ ਸ਼ੁਰੂਆਤ ਵੀ ਕੀਤੀ। ਇਸ ਕਾਲਜ ਦਾ ਉਦਘਾਟਨ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੇ ਕੀਤਾ ਤੇ ਕਾਲਜ ਦੇ ਨਾਂਅ 'ਤੇ ਜ਼ਮੀਨ ਦਿੱਤੀ। ਉਨ੍ਹਾਂ ਇੱਥੇ ਸਾਰੇ ਭਾਰਤ 'ਚੋਂ ਸਭ ਤੋਂ ਪਹਿਲਾਂ ਵੋਕੇਸ਼ਨਲ ਸਿੱਖਿਆ ਦੇਣ ਦੀ ਪਰੰਪਰਾ ਚਲਾਈ। ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਵਿੱਦਿਆ ਦੇ ਲਗਭਗ ਇਕ ਦਰਜਨ ਦੇ ਕਰੀਬ ਜਿੱਥੇ ਵਿੱਦਿਅਕ ਅਦਾਰੇ ਚੱਲ ਰਹੇ ਹਨ, ਉੱਥੇ ਹੀ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ ਸੈਂਟਰ) ਅਤੇ ਇਕ ਬੀਜ ਫਾਰਮ ਸਫਲਤਾਪੂਰਵਕ ਚੱਲ ਰਿਹਾ ਹੈ।
ਉੱਘੇ ਵਿਦਵਾਨ ਡਾ. ਇਕਬਾਲ ਸਿੰਘ ਸਕਰੌਦੀ ਨੇ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਜੀਵਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ ਦੱਸਿਆ ਕਿ ਇਕ ਵਾਰ ਚੀਫ਼ ਖ਼ਾਲਸਾ ਦੀਵਾਨ ਵਲੋਂ ਫ਼ਿਰੋਜ਼ਪੁਰ ਸ਼ਹਿਰ 'ਚ ਇਕ ਵਿੱਦਿਅਕ ਕਾਨਫਰੰਸ ਕਰਵਾਈ ਗਈ ਸੀ, ਜਿਸ ਦੌਰਾਨ ਸਰਬਸੰਮਤੀ ਨਾਲ ਉਨ੍ਹਾਂ ਦੀਆਂ ਧਾਰਮਿਕ ਤੇ ਵਿੱਦਿਅਕ ਖੇਤਰ 'ਚ ਮਹਾਨ ਘਾਲਣਾਵਾਂ ਨੂੰ ਵੇਖਦਿਆਂ ਉਨ੍ਹਾਂ ਨੂੰ ਸੰਤ ਦੀ ਉਪਾਧੀ ਦਾ ਖ਼ਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਸਕਰੌਦੀ ਦੱਸਦੇ ਹਨ ਕਿ ਪੰਡਤ ਮਦਨ ਮੋਹਨ ਮਾਲਵੀਆ ਜੋ ਬਹੁਤ ਵੱਡੇ ਵਿਦਵਾਨ ਹੋਏ ਹਨ, ਨੇ ਇਕ ਵਾਰ ਆਖਿਆ ਸੀ, 'ਜੇ ਭਾਰਤ ਦੇਸ਼ ਨੇ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਮੁਕਤ ਹੋਣਾ ਹੈ ਤਾਂ ਮੇਰੀ ਇਹ ਜ਼ੋਰਦਾਰ ਧਾਰਨਾ ਹੈ ਕਿ ਹਰ ਹਿੰਦੂ ਪਰਿਵਾਰ 'ਚ ਘੱਟੋ-ਘੱਟ ਇਕ ਸਿੱਖ ਜ਼ਰੂਰ ਹੋਵੇ।' ਉਹ ਸੰਤ ਬਾਬਾ ਅਤਰ ਸਿੰਘ ਦੀ ਅਦੁੱਤੀ ਤੇ ਸੱਚੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਸਨ। ਇਸੇ ਕਰਕੇ ਉਨ੍ਹਾਂ ਨੇ ਇਨ੍ਹਾਂ ਨੂੰ ਹਿੰਦੂ ਯੂਨੀਵਰਸਿਟੀ ਬਨਾਰਸ ਵਿਖੇ ਸੰਸਕ੍ਰਿਤ ਭਵਨ ਦੀ ਨੀਂਹ ਰੱਖਣ ਦੀ ਅਪੀਲ ਕੀਤੀ ਸੀ, ਜਿਸ 'ਤੇ ਸੰਤ ਜੀ ਨੇ 24 ਦਸੰਬਰ 1914 ਨੂੰ ਇਸ ਭਵਨ ਦਾ ਨੀਂਹ ਪੱਥਰ ਰੱਖਿਆ। ਜਦੋਂ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਤਾਂ ਸੰਤ ਬਾਬਾ ਅਤਰ ਸਿੰਘ ਨੇ ਕਾਲੀ ਦਸਤਾਰ ਸਜਾ ਕੇ ਅੰਗਰੇਜ਼ ਸਰਕਾਰ ਵਿਰੁੱਧ ਸਖ਼ਤ ਰੋਸ ਪ੍ਰਗਟਾਇਆ। ਇਸ ਤਰ੍ਹਾਂ ਉਨ੍ਹਾਂ ਵਲੋਂ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਸੰਤ ਜੀ ਦੇ ਪੈਰ 'ਤੇ ਅਚਾਨਕ ਇਕ ਛਾਲਾ ਹੋ ਗਿਆ, ਜਿਸ ਦਾ ਕਈ ਥਾਵਾਂ ਤੋਂ ਇਲਾਜ ਕਰਵਾਇਆ ਪਰ ਠੀਕ ਨਾ ਹੋ ਸਕਿਆ। ਆਖ਼ਰ ਉਹ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ 31 ਜਨਵਰੀ 1927 ਦੀ ਰਾਤ ਨੂੰ ਗੁਰੂ ਚਰਨਾਂ 'ਚ ਜਾ ਬਿਰਾਜੇ। ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨੂੰ ਸ਼ਰਧਾ, ਸਤਿਕਾਰ, ਪਿਆਰ ਤੇ ਸ਼ਰਧਾਂਜਲੀ ਭੇਟ ਕਰਨ ਲਈ ਲੱਖਾਂ ਦੀ ਗਿਣਤੀ 'ਚ ਸੰਗਤਾਂ 30 ਜਨਵਰੀ ਤੋਂ 2 ਫ਼ਰਵਰੀ ਤੱਕ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਨਤਮਸਤਕ ਹੁੰਦੀਆਂ ਹਨ।

-ਪੱਤਰ ਪ੍ਰੇਰਕ 'ਅਜੀਤ' ਮਸਤੂਆਣਾ ਸਾਹਿਬ, ਸੰਗਰੂਰ। ਮੋਬਾਈਲ : 94171-82101

Ad Position 22
No active advertisement
ਪਿਛਲੀ ਖ਼ਬਰ ਅਧਿਆਤਮਕ ਗ੍ਰੰਥਾਂ 'ਚ ਵਰਣਿਤ ਵਿਭਿੰਨ ਅਦ੍ਰਿਸ਼ ਅੰਦਰੂਨੀ ਮੰਡਲਾਂ ਦਾ ਵਰਣਨ ਅਗਲੀ ਖ਼ਬਰ ਉਦਾਸੀ ਸੰਪਰਦਾਇ ਦਾ ਗੁਰਬਾਣੀ ਵਿਆਖਿਆ 'ਚ ਯੋਗਦਾਨ
Ad Position 24