16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਉਦਾਸੀ ਸੰਪਰਦਾਇ ਦਾ ਗੁਰਬਾਣੀ ਵਿਆਖਿਆ 'ਚ ਯੋਗਦਾਨ

Ad Position 21
repet_subhas-goyals [Copy P29]
ਅਜੀਤ ਡੈਸਕ 02-02-2026

ਗੁਰਬਾਣੀ ਮੱਧਕਾਲ ਦਾ ਅਜਿਹਾ ਮਹੱਤਵਪੂਰਨ ਪਵਿੱਤਰ ਪਾਠ ਹੈ, ਜੋ ਸੰਗੀਤ ਸੁਮੇਲ ਰਾਹੀਂ ਗਿਆਨਮੂਲਕ ਪ੍ਰਵਚਨ ਉਸਾਰਦਾ ਹੈ। ਗੁਰਬਾਣੀ ਨੂੰ ਸਮਝਣਾ ਸਧਾਰਨ ਪਾਠਕ ਲਈ ਥੋੜ੍ਹਾ ਕਠਿਨ ਹੁੰਦਾ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਗੁਰਬਾਣੀ ਦੀ ਵਿਆਖਿਆ ਦੇ ਯਤਨ ਨਿਰੰਤਰ ਹੁੰਦੇ ਰਹੇ ਹਨ। ਇਸੇ ਲੋੜ ਦੇ ਸਿੱਟੇ ਵਜੋਂ ਕਈ ਪ੍ਰਣਾਲੀਆਂ ਵੀ ਸਥਾਪਤ ਹੋਈਆਂ, ਜੋ ਗੁਰਬਾਣੀ ਵਿਆਖਿਆ ਵੱਲ ਰੁਚਿਤ ਹਨ। ਇਸ ਸੰਦਰਭ ਵਿਚ ਸਹਿਜ ਪ੍ਰਣਾਲੀ, ਭਾਈ ਪ੍ਰਣਾਲੀ, ਪਰਮਾਰਥ ਪ੍ਰਣਾਲੀ, ਉਦਾਸੀ ਪ੍ਰਣਾਲੀ, ਨਿਰਮਲਾ ਪ੍ਰਣਾਲੀ, ਸੰਪਰਦਾਇ ਪ੍ਰਣਾਲੀ, ਸਿੰਘ ਸਭਾਈ ਪ੍ਰਣਾਲੀ ਤੇ ਹੋਰ ਪ੍ਰਣਾਲੀਆਂ ਵਿਕਸਿਤ ਹੋਈਆਂ। ਇਨ੍ਹਾਂ ਦੁਆਰਾ ਗੁਰਬਾਣੀ ਦੀ ਕੀਤੀ ਵਿਆਖਿਆ ਸਦਕਾ ਨਾ ਕੇਵਲ ਸਧਾਰਨ ਪਾਠਕ ਨੂੰ ਗੁਰਬਾਣੀ ਦੇ ਗਿਆਨਮੂਲਕ ਕਾਵਿਮਈ ਮੁਹਾਵਰੇ ਸਮਝਣ 'ਚ ਆਸਾਨੀ ਹੋਈ, ਸਗੋਂ ਇਨ੍ਹਾਂ ਦੇ ਸਦਕਾ ਹੀ ਗੁਰਮਤਿ ਦੇ ਪ੍ਰਚਾਰ-ਪਸਾਰ ਵਿਚ ਉੱਨਤੀ ਹੋਈ।
ਗੁਰਬਾਣੀ ਵਿਆਖਿਆ ਦੀ ਪਰੰਪਰਾ ਦਾ ਅਧਿਐਨ ਕਰਦਿਆਂ ਇਹ ਤੱਥ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਜਿੱਥੇ ਵੱਖ-ਵੱਖ ਵਿਆਖਿਆ ਸੰਪਰਦਾਵਾਂ ਨੇ ਗੁਰਬਾਣੀ ਵਿਆਖਿਆ ਵਿਚ ਵਡਮੁੱਲਾ ਹਿੱਸਾ ਪਾਇਆ, ਉੱਥੇ ਇਸ ਸੰਬੰਧ 'ਚ ਉਦਾਸੀ ਸੰਪਰਦਾਇ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਹੈ। ਉਦਾਸੀ ਸੰਪਰਦਾਇ ਦੀ ਸਥਾਪਨਾ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀਚੰਦ ਜੀ ਦੁਆਰਾ ਕੀਤੀ ਗਈ। ਬਾਬਾ ਸ੍ਰੀਚੰਦ ਜੀ ਵਿਰਕਤ ਰੁਚੀਆਂ ਦੇ ਧਾਰਨੀ ਸਨ। ਗ੍ਰਹਿਸਥ ਮਾਰਗ ਤੋਂ ਉਪਰਾਮਤਾ ਤੇ ਸੰਸਾਰਕ ਮੋਹ-ਮਾਇਆ ਤੋਂ ਉਦਾਸੀਨਤਾ ਕਾਰਨ ਉਨ੍ਹਾਂ ਨੇ ਇਸ ਨਵੀਂ ਸੰਪਰਦਾਇ ਦੀ ਸਥਾਪਨਾ ਕੀਤੀ, ਜਿਸ ਨੇ ਸਿੱਖ ਧਰਮ ਦੇ ਪ੍ਰਚਾਰ ਤੇ ਪਸਾਰ ਵਿਚ ਵਡਮੁੱਲਾ ਯੋਗਦਾਨ ਪਾਇਆ।
ਬਾਬਾ ਸ੍ਰੀਚੰਦ ਜੀ ਦੇ ਸਮੇਂ ਉਦਾਸੀ ਸੰਪਰਦਾਇ ਦਾ ਬਹੁਤ ਪਸਾਰ ਹੋਇਆ ਤੇ ਇਨ੍ਹਾਂ ਤੋਂ ਬਾਅਦ ਉਦਾਸੀ ਮਤ ਦੇ ਮੁੱਖ ਆਗੂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਹੋਏ, ਜਿਨ੍ਹਾਂ ਨੇ ਇਸ ਦੇ ਵਿਕਾਸ ਹਿੱਤ ਅਨੇਕਾਂ ਮੁੱਲਵਾਨ ਕਾਰਜ ਕੀਤੇ। ਇਸ ਸੰਬੰਧ ਵਿਚ ਉਨ੍ਹਾਂ ਦੀ ਸਭ ਤੋਂ ਵੱਡੀ ਦੇਣ ਚਾਰ ਵੱਡੇ ਪ੍ਰਚਾਰ ਕੇਂਦਰਾਂ ਦੀ ਸਥਾਪਨਾ ਕਰਨਾ ਸੀ। ਉਨ੍ਹਾਂ ਨੇ ਆਪਣੇ ਸੇਵਕਾਂ ਬਾਲੂ, ਹਸਨਾ, ਅਲਮਸਤਾ, ਫੂਲ ਸ਼ਾਹ ਤੇ ਗੋਇੰਦਾ ਜਾਂ ਗੋਂਦਾ ਰਾਹੀਂ ਕ੍ਰਮਵਾਰ ਦੇਹਰਾਦੂਨ, ਨਾਨਕ ਮਤਾ, ਹੈਦਰਾਬਾਦ ਅਤੇ ਬਹਾਦਰਗੜ੍ਹ ਵਿਖੇ ਪ੍ਰਚਾਰ ਕੇਂਦਰ ਸਥਾਪਤ ਕਰਵਾਏ, ਜਿਨ੍ਹਾਂ ਨੂੰ ਚਾਰ ਧੂਣਿਆਂ ਦਾ ਨਾਂਅ ਦਿੱਤਾ ਗਿਆ। ਇਨ੍ਹਾਂ ਤੋਂ ਇਲਾਵਾ ਛੇ ਬਖ਼ਸ਼ਿਸ਼ਾਂ ਜੋ ਛੇ ਉਦਾਸੀ ਸੰਤਾਂ ਨੇ ਵੱਖ-ਵੱਖ ਗੁਰੂ ਸਾਹਿਬਾਨ ਤੋਂ ਪ੍ਰਾਪਤ ਕੀਤੀਆਂ ਅਤੇ ਦਸਨਾਮੀ ਸਾਧੂ ਕਹਾਏ, ਨੇ ਵੀ ਉਦਾਸੀ ਮੱਤ ਦੇ ਪ੍ਰਚਾਰ ਵਿਚ ਭਰਪੂਰ ਯੋਗਦਾਨ ਪਾਇਆ।
ਇਸ ਪ੍ਰਕਾਰ ਉਦਾਸੀ ਮਤ ਦੇ ਅਨੇਕਾਂ ਸੰਤ-ਪ੍ਰਚਾਰਕਾਂ ਨੇ ਆਪਣੇ ਮਤ ਨਾਲ-ਨਾਲ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਪ੍ਰਚਾਰਨ ਦਾ ਵੀ ਬਹੁਮੁੱਲਾ ਕਾਰਜ ਕੀਤਾ। ਅਸਲ ਵਿਚ ਗੁਰੂ ਨਾਨਕ ਦੇਵ ਜੀ ਸਬੰਧੀ ਜਿੰਨੇ ਵੀ ਗੁਰੂਧਾਮ ਬਣੇ, ਉਹ ਸਭ ਉਦਾਸੀ ਸੰਤਾਂ ਦੀ ਹੀ ਦੇਣ ਹਨ। ਘਰ-ਬਾਰ ਦੀ ਚਿੰਤਾ ਤੋਂ ਮੁਕਤ ਹੋ ਕੇ ਇਨ੍ਹਾਂ ਸੰਤਾਂ ਨੇ ਜਨਮ ਸਾਖੀਆਂ ਵਿਚ ਦੱਸੇ ਸਥਾਨਾਂ ਅਤੇ ਉੱਥੋਂ ਦੇ ਨਿਵਾਸੀਆਂ ਤੋਂ ਪੁੱਛ-ਪੜਤਾਲ ਕਰ ਕੇ ਗੁਰਧਾਮਾਂ ਦੀ ਉਸਾਰੀ ਕੀਤੀ ਤੇ ਉੱਥੇ ਕਥਾਵਾਰਤਾ ਦੀ ਵਿਵਸਥਾ ਕਰ ਕੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਦੂਰ-ਦੂਰ ਤੱਕ ਪਹੁੰਚਾਇਆ ਅਤੇ ਸਿੱਖ ਮਤ ਦਾ ਸਮੁੱਚੇ ਦੇਸ਼ ਵਿਚ ਵਿਸਤਾਰ ਕੀਤਾ। ਮੱਧ ਕਾਲੀਨ ਸਮੇਂ ਧਰਮ ਦੇ ਖੇਤਰ 'ਚ ਪ੍ਰਚੱਲਿਤ ਪਰੰਪਰਾ ਦਾ ਅਨੁਸਰਨ ਕਰਦਿਆਂ ਉਦਾਸੀ ਸੰਪਰਦਾਇ ਦੇ ਸਾਧੂਆਂ ਨੇ ਇਕ ਖ਼ਾਸ ਕਿਸਮ ਦਾ ਪਹਿਰਾਵਾ ਵੀ ਧਾਰਨ ਕੀਤਾ। ਭਾਵੇਂ ਕਿ ਪਹਿਲਾਂ-ਪਹਿਲ ਇਹ ਸਾਧੂ ਜਟਾਧਾਰੀ ਸਨ ਪਰ ਕਾਲੰਤਰ ਵਿਚ ਇਨ੍ਹਾਂ ਨੇ ਸਿਰ ਦੇ ਵਾਲ ਸਾਫ਼ ਕਰਵਾ ਕੇ ਮੁੰਡਿਤ ਰੂਪ ਧਾਰਨ ਕਰ ਲਿਆ ਅਤੇ ਬਾਅਦ ਵਿਚ ਇਹ ਆਪਣੇ ਸਰੀਰ ਤੇ ਸਵਾਹ ਮਲਣ ਦਾ ਕਾਰਜ ਵੀ ਕਰਨ ਲੱਗੇ ਅਤੇ ਭਸਮਾਧਾਰੀ ਬਣ ਗਏ।
ਉਦਾਸੀ ਮਤ ਦੇ ਪ੍ਰਸਿੱਧ ਸੰਤਾਂ ਜਿਨ੍ਹਾਂ 'ਚ ਸੇਵਾਦਾਸ ਉਦਾਸੀ, ਮਹਾਤਮਾ ਸੰਤਰੇਣ, ਬਾਬਾ ਹਰੀਆ, ਬਾਬਾ ਰਾਮਦਾਸ ਆਦਿ ਪ੍ਰਮੁੱਖ ਹਨ, ਨੇ ਸਾਹਿਤ ਸਿਰਜਣਾ ਕਰ ਕੇ ਇਸ ਸੰਪਰਦਾਇ ਦੇ ਪ੍ਰਚਾਰ-ਪਸਾਰ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ। ਇਸ ਤੋਂ ਇਲਾਵਾ ਇਸ ਮਤ ਦੇ ਸੁਆਮੀ ਅਨੰਦਘਨ ਵਰਗੇ ਵਿਦਵਾਨ ਵਿਆਖਿਆਕਾਰ ਨੇ ਗੁਰਬਾਣੀ ਦੀ ਵਿਆਖਿਆ ਕਰ ਕੇ ਅਮੋਲਕ ਕਾਰਜ ਵੀ ਕੀਤਾ ਹੈ। ਭਾਵੇਂ ਕਿ ਉਦਾਸੀ ਸੰਪਰਦਾਇ ਦੇ ਸੰਤਾਂ ਨੇ ਆਪਣੇ ਮੱਤ ਦੇ ਪ੍ਰਚਾਰ ਦਾ ਕਾਰਜ ਵੱਡੀ ਪੱਧਰ 'ਤੇ ਕੀਤਾ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਗੁਰਬਾਣੀ ਦੀ ਵਿਆਖਿਆ ਕਰਨ ਦਾ ਕਾਰਜ ਕਰ ਕੇ ਇਸ ਖੇਤਰ ਵਿਚ ਵੀ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਇਸ ਸੰਪਰਦਾਇ ਨੇ ਗੁਰਬਾਣੀ ਵਿਆਖਿਆ ਦੇ ਖੇਤਰ ਵਿਚ ਸੁਆਮੀ ਸਦਾਨੰਦ ਵਰਗੇ ਵਿਦਵਾਨ ਵਿਆਖਿਆਕਾਰ ਦਿੱਤੇ ਹਨ। ਇਸ ਦੇ ਨਾਲ ਹੀ ਸੰਤ ਬਿਸ਼ਨ ਦਾਸ ਉਦਾਸੀ ਨੇ ਗੁਰੂ ਗ੍ਰੰਥ ਸਾਹਿਬ ਕੋਸ਼ ਤਿਆਰ ਕਰ ਕੇ ਇਸ ਪਰੰਪਰਾ ਨੂੰ ਅੱਗੇ ਤੋਰਨ ਦਾ ਕਾਰਜ ਕੀਤਾ। ਇਸ ਤੋਂ ਇਲਾਵਾ ਗੁਰਬਾਣੀ ਟੀਕਾਕਾਰੀ ਦੇ ਖੇਤਰ 'ਚ ਉਦਾਸੀ ਸੰਤ ਸੁਆਮੀ ਅਨੰਦਘਨ ਦਾ ਵੀ ਵੱਡਾ ਯੋਗਦਾਨ ਹੈ। ਸੁਆਮੀ ਅਨੰਦਘਨ ਨੇ ਜਪੁਜੀ, ਆਰਤੀ, ਓਅੰਕਾਰ, ਸਿਧਗੋਸਟਿ, ਅਨੰਦ, ਆਸਾ ਦੀ ਵਾਰ ਬਾਣੀਆਂ ਦੇ ਟੀਕੇ ਕਰ ਕੇ ਗੁਰਬਾਣੀ ਵਿਆਖਿਆ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਸੁਆਮੀ ਸਦਾਨੰਦ ਨੇ ਵੀ ਜਪੁਜੀ ਸਟੀਕ ਨਾਮਕ ਟੀਕਾ ਲਿਖ ਕੇ ਗੁਰਬਾਣੀ ਵਿਆਖਿਆ 'ਚ ਉਦਾਸੀ ਸੰਪਰਦਾਇ ਰਾਹੀਂ ਆਪਣਾ ਯੋਗਦਾਨ ਦਿੱਤਾ।
ਇਸ ਪ੍ਰਕਾਰ ਉਦਾਸੀ ਸੰਪਰਦਾਇ ਦੇ ਵੱਖ-ਵੱਖ ਸੰਤਾਂ-ਵਿਦਵਾਨਾਂ ਦੁਆਰਾ ਕੀਤੀ ਟੀਕਾਕਾਰੀ ਕਾਰਨ ਹੀ ਉਦਾਸੀ ਸੰਪਰਦਾਇ ਦੀ ਗੁਰਬਾਣੀ ਵਿਆਖਿਆ ਪ੍ਰਣਾਲੀ ਵਿਕਸਿਤ ਹੋਈ ਅਤੇ ਇਸ ਨੇ ਗੁਰਬਾਣੀ ਵਿਆਖਿਆ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ।

-238, ਏਕਰੂਪ ਐਵੀਨਿਊ, ਮਜੀਠਾ ਰੋਡ, ਅੰਮ੍ਰਿਤਸਰ।
ਮੋਬਾਈਲ : 81464-84447

Ad Position 22
No active advertisement
ਪਿਛਲੀ ਖ਼ਬਰ ਮਹਾਨ ਤਪੱਸਵੀ ਸੰਤ ਬਾਬਾ ਅਤਰ ਸਿੰਘ ਅਗਲੀ ਖ਼ਬਰ ਸ਼ਹੀਦੀਆਂ ਦੀ ਗਾਥਾ ਸੁਣਾਉਂਦਾ ਵੱਡਾ ਘੱਲੂਘਾਰਾ
Ad Position 24