ਸਿੱਖਾਂ ਦਾ ਇਤਿਹਾਸ ਸ਼ਹੀਦੀਆਂ ਨਾਲ ਭਰਿਆ ਹੋਇਆ ਹੈ। 18ਵੀਂ ਸਦੀ ਵਿਚ ਸਿੱਖਾਂ ਉੱਪਰ ਵਾਪਰੇ ਦੋ ਘੱਲੂਘਾਰਿਆਂ ਦਾ ਇਤਿਹਾਸ ਵੱਖਰਾ ਹੀ ਹੈ। ਇਹ ਦੋਵੇਂ ਘੱਲੂਘਾਰੇ ਛੋਟੇ ਤੇ ਵੱਡੇ ਘੱਲੂਘਾਰੇ ਦੇ ਨਾਂਅ ਨਾਲ ਜਾਣੇ ਜਾਂਦੇ ਹਨ। ਛੋਟਾ ਘੱਲੂਘਾਰਾ 17 ਮਈ 1746 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ ਵਿਚ ਵਾਪਰਿਆ। ਵੱਡਾ ਘੱਲੂਘਾਰਾ ਇਸ ਛੋਟੇ ਘੱਲੂਘਾਰੇ ਤੋਂ 16 ਸਾਲ ਬਾਅਦ 5 ਫਰਵਰੀ 1762 ਨੂੰ ਰੋਹੀੜੇ (ਨੇੜੇ ਕੁੱਪ) ਜ਼ਿਲ੍ਹਾ ਸੰਗਰੂਰ ਦੀ ਧਰਤੀ 'ਤੇ ਵਾਪਰਿਆ। ਮੁਗਲਾਂ ਦਾ ਰਾਜ ਲਗਭਗ ਖ਼ਤਮ ਹੋ ਚੱਲਿਆ ਸੀ ਤੇ ਮਰਹੱਟੇ ਤਾਕਤ ਫੜਦੇ ਜਾ ਰਹੇ ਸਨ। ਉਨ੍ਹਾਂ ਦੀ ਤਾਕਤ ਘੱਟ ਕਰਨ ਲਈ ਅਫ਼ਗਾਨ ਧਾੜਵੀ ਅਹਿਮਦ ਸ਼ਾਹ ਅਬਦਾਲੀ ਨੇ ਮਰਹੱਟਿਆਂ 'ਤੇ ਹੱਲਾ ਬੋਲ ਦਿੱਤਾ। ਏਸ਼ੀਆ ਦੇ ਵੱਡੇ ਸੈਨਾਪਤੀਆਂ ਵਿਚ ਗਿਣੇ ਜਾਣ ਵਾਲੇ ਅਬਦਾਲੀ ਨੇ ਹਿੰਦੁਸਤਾਨ ਉੱਪਰ ਅੱਠ ਹਮਲੇ ਕੀਤੇ। ਆਪਣੇ ਪੰਜਵੇਂ ਹਮਲੇ ਸਮੇਂ ਪਾਣੀਪਤ ਦੇ ਮੈਦਾਨ ਵਿਚ ਯੁੱਧ ਕਰਨ ਸਮੇਂ ਉਸ ਨੇ ਮਰਹੱਟਿਆਂ ਦਾ ਚੰਗੀ ਤਰ੍ਹਾਂ ਲੱਕ ਤੋੜ ਦਿੱਤਾ। ਅਬਦਾਲੀ ਮਰਹੱਟਿਆਂ ਨੂੰ ਲੁੱਟ ਕੇ ਇਕ ਮਹਾਨ ਜੇਤੂ ਦੇ ਰੂਪ ਵਿਚ ਕਾਬਲ ਜਾ ਰਿਹਾ ਸੀ। ਪੰਜਾਬ ਵਿਚ ਦੀ ਲੰਘਦਿਆਂ ਖ਼ਾਲਸੇ ਨੇ ਉਸ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਦਾ ਫ਼ੈਸਲਾ ਕੀਤਾ। ਸਰਦਾਰ ਚੜ੍ਹਤ ਸਿੰਘ ਸ਼ੁਕਰਚਕੀਆ ਆਪਣੇ ਯੋਧਿਆਂ ਨਾਲ ਅਬਦਾਲੀ ਦੇ ਪਿੱਛੇ ਲੱਗ ਗਿਆ। ਅਬਦਾਲੀ ਜਿਹੜਾ ਮਾਲ ਮਰਹੱਟਿਆਂ ਤੋਂ ਲੁੱਟ ਕੇ ਲਿਜਾ ਰਿਹਾ ਸੀ, ਉਹ ਸਾਰਾ ਮਾਲ ਹੱਲਾ ਬੋਲ ਕੇ ਸਿੱਖਾਂ ਨੇ ਆਪਣੇ ਕਬਜ਼ੇ ਵਿਚ ਕਰ ਲਿਆ। ਇਹ ਸਭ ਵੇਖ ਕੇ ਅਬਦਾਲੀ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ। ਤਿੰਨ ਚੁਗਲਖੋਰਾਂ ਮਹੰਤ ਆਕਲ ਦਾਸ ਹੰਡਾਲੀਆ ਜੰਡਿਆਲੇ ਵਾਲਾ, ਚੁਗਲਾ ਰਾਮ ਰੰਧਾਵਾ, ਰਾਜਾ ਘੁਮੰਡ ਤੋਂ ਇਲਾਵਾ ਹੋਰ ਨਵਾਬ/ਚੌਧਰੀਆਂ ਨੇ ਅਬਦਾਲੀ ਨੂੰ ਸਿੱਖਾਂ ਖ਼ਿਲਾਫ਼ ਬਹੁਤ ਭੜਕਾ ਦਿੱਤਾ, ਜਿਸ 'ਤੇ ਅਬਦਾਲੀ ਨੇ ਸਿੰਘਾਂ 'ਤੇ ਛੇਵਾਂ ਹਮਲਾ ਕਰਕੇ ਉਨ੍ਹਾਂ ਦਾ ਖ਼ੁਰਾ-ਖੋਜ ਮਿਟਾਉਣ ਦੇ ਹੁਕਮ ਚਾੜ੍ਹ ਦਿੱਤੇ।
ਜਦੋਂ ਸਿੰਘਾਂ ਨੂੰ ਅਬਦਾਲੀ ਦੇ ਛੇਵੇਂ ਹਮਲੇ ਦੀ ਸੂਹ ਮਿਲੀ ਕਿ ਅਬਦਾਲੀ ਬੜੀ ਤੇਜ਼ੀ ਨਾਲ ਮਾਲਵੇ ਦੇ ਇਲਾਕੇ ਵੱਲ ਸਿੰਘਾਂ 'ਤੇ ਹੱਲਾ ਬੋਲ ਕੇ ਉਨ੍ਹਾਂ ਦਾ ਖ਼ੁਰਾ-ਖੋਜ ਮਿਟਾਉਣ ਆ ਰਿਹਾ ਹੈ ਤਾਂ ਖ਼ਾਲਸੇ ਨੇ ਬੜੀ ਦੂਰਅੰਦੇਸ਼ੀ ਵਾਲਾ ਫ਼ੈਸਲਾ ਕੀਤਾ ਕਿ ਸਭ ਤੋਂ ਪਹਿਲਾਂ ਟੱਬਰਾਂ ਤੇ ਬੱਚਿਆਂ ਦੀ ਰੱਖਿਆ ਕੀਤੀ ਜਾਵੇ। ਜੇਕਰ ਪਰਿਵਾਰ ਬਚੇ ਰਹੇ ਤਾਂ ਸਿੱਖ ਕੌਮ ਬਚੀ ਰਹੇਗੀ ਅਤੇ ਜੇਕਰ ਸਿੱਖ ਕੌਮ ਬਚੀ ਰਹੀ ਤਾਂ ਸਿੱਖ ਧਰਮ ਬਚਿਆ ਰਹੇਗਾ। ਰੋਹੀੜੇ (ਕੁੱਪ) ਦੀ ਥੇਹ ਨੇੜੇ 50-55 ਹਜ਼ਾਰ ਦੀ ਗਿਣਤੀ ਵਿਚ ਸਿੱਖ ਇਕੱਠੇ ਹੋ ਗਏ। ਇਸ ਗਿਣਤੀ ਵਿਚ ਬੱਚੇ, ਬੁੱਢੇ ਤੇ ਔਰਤਾਂ ਵੀ ਸ਼ਾਮਿਲ ਸਨ। ਇਨ੍ਹਾਂ ਪਰਿਵਾਰਾਂ ਨੂੰ ਬਰਨਾਲੇ ਵਿਖੇ ਜਿੱਥੇ ਬਾਬਾ ਆਲਾ ਸਿੰਘ ਦਾ ਰਾਜ ਸੀ, ਸੁਰੱਖਿਅਤ ਥਾਂ ਵੱਲ ਲਿਜਾਇਆ ਜਾ ਰਿਹਾ ਸੀ। ਸਿੱਖ ਸਰਦਾਰਾਂ ਨੂੰ ਉਮੀਦ ਸੀ ਕਿ ਅਬਦਾਲੀ ਨੂੰ ਸਿੱਖਾਂ ਤੱਕ ਪੁੱਜਣ ਲਈ ਕਈ ਦਿਨ ਲੱਗ ਜਾਣਗੇ। ਅਬਦਾਲੀ 3 ਫਰਵਰੀ 1762 ਨੂੰ ਲਾਹੌਰ ਪਹੁੰਚ ਗਿਆ। ਸਿੱਖਾਂ ਨੂੰ ਉਮੀਦ ਸੀ ਕਿ ਹਾਲੇ ਲਾਹੌਰ ਆਰਾਮ ਕਰਕੇ ਫਿਰ ਇੱਧਰ ਆਵੇਗਾ ਪਰ ਅਬਦਾਲੀ ਮਾਰੋ-ਮਾਰ ਕਰਦਾ 50 ਹਜ਼ਾਰ ਫ਼ੌਜ ਤੇ 20-25 ਹਜ਼ਾਰ ਮੁਸਲਿਮ ਮੁਲਖਈਆਂ ਸਮੇਤ 5 ਫ਼ਰਵਰੀ ਨੂੰ ਰੋਹੀੜੇ ਆ ਕੇ ਸਿੱਖਾਂ ਨੂੰ ਘੇਰ ਲਿਆ। ਇੱਧਰੋਂ ਨਵਾਬ ਜੈਨ ਖ਼ਾਂ ਸਰਹਿੰਦ ਤੇ ਨਵਾਬ ਮਲੇਰਕੋਟਲਾ ਆਪਣੀ ਸੈਨਾ ਲੈ ਕੇ ਆ ਗਏ।
ਪੰਜਾਬ 12 ਮਿਸਲਾਂ ਦੇ ਰੂਪ ਵਿਚ ਸਿੱਖਾਂ ਦੇ ਕਬਜ਼ੇ ਵਿਚ ਆ ਚੁੱਕਾ ਸੀ। ਦਲ ਖ਼ਾਲਸਾ ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਵਿਚ ਮਜ਼ਬੂਤ ਦਲ ਬਣ ਚੁੱਕਾ ਸੀ। ਇਸ ਜੰਗ ਦੀ ਕਮਾਨ ਜੱਸਾ ਸਿੰਘ ਆਹਲੂਵਾਲੀਆ ਨੇ ਸੰਭਾਲ ਲਈ ਅਤੇ ਉਨ੍ਹਾਂ ਦਾ ਸਾਥ ਸਰਦਾਰ ਸ਼ਾਮ ਸਿੰਘ ਕਰੋੜ ਸਿੰਘੀਆ ਤੇ ਸਰਦਾਰ ਚੜ੍ਹਤ ਸਿੰਘ ਸ਼ੁਕਚਕੀਆ ਵਰਗੇ ਜਰਨੈਲ ਦੇ ਰਹੇ ਸਨ। ਘਮਸਾਨ ਦੀ ਜੰਗ ਜਾਰੀ ਹੋ ਚੁੱਕੀ ਸੀ। ਇਸ ਵਿਚ ਲੜਨ ਵਾਲੇ ਸਿੰਘਾਂ ਦੀ ਗਿਣਤੀ ਘੱਟ ਸੀ ਅਤੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਦੀ ਗਿਣਤੀ ਵੱਧ ਸੀ। ਸਿੰਘਾਂ ਨੂੰ ਆਪਣੀ ਮੌਤ ਨਾਲੋਂ ਜ਼ਿਆਦਾ ਚਿੰਤਾ ਵਹੀਰ ਨੂੰ ਬਚਾਉਣ ਦੀ ਸੀ। ਸਾਰੇ ਸਿੰਘ ਵਹੀਰ ਦੇ ਆਲੇ-ਦੁਆਲੇ ਘੇਰਾ ਬੰਨ੍ਹ ਕੇ ਦੁਸ਼ਮਣ ਫੌਜਾਂ ਨਾਲ ਲੜ ਰਹੇ ਸਨ। ਜੱਸਾ ਸਿੰਘ ਅਹਲੂਵਾਲੀਆ ਵਹੀਰ ਨੂੰ ਕਹਿ ਰਹੇ ਸਨ ਕਿ ਲੜ-ਲੜ ਕੇ ਤੁਰਦੇ ਜਾਓ।
ਅਬਦਾਲੀ ਤੇ ਉਸ ਦੇ ਜਰਨੈਲਾਂ ਨੇ ਇਕਦਮ ਇਕੱਠਾ ਹਮਲਾ ਕਰਨ ਦੀ ਯੋਜਨਾ ਬਣਾ ਲਈ। ਇਸ ਹਮਲੇ ਨਾਲ ਸਿੰਘਾਂ ਦੇ ਪੈਰ ਉੱਖੜ ਗਏ ਅਤੇ ਵਹੀਰ ਦੁਆਲਿਓਂ ਸਿੰਘਾਂ ਦਾ ਘੇਰਾ ਟੁੱਟ ਗਿਆ, ਜਿਸ ਕਾਰਨ ਵਹੀਰ ਦਾ ਬਹੁਤ ਨੁਕਸਾਨ ਹੋਇਆ। ਵੈਰੀਆਂ ਨੇ ਵੱਡੀ ਗਿਣਤੀ ਵਿਚ ਸਿੱਖ ਪਰਿਵਾਰ ਸ਼ਹੀਦ ਕਰ ਦਿੱਤੇ ਪਰ ਸਿੰਘ ਥੋੜ੍ਹੇ ਸਮੇਂ ਬਾਅਦ ਸਿੰਘ ਫਿਰ ਵਹੀਰ ਦੁਆਲੇ ਘੇਰਾ ਬਣਾਉਣ ਵਿਚ ਸਫ਼ਲ ਹੋ ਗਏ। ਸਿੰਘ ਤੁਰਦੇ-ਤੁਰਦੇ ਕੁਤਬੇ ਬਾਮਣੀ ਤੋਂ ਅੱਗੇ ਹਠੂਰ ਦੀ ਢਾਬ 'ਤੇ ਪਹੁੰਚ ਗਏ। ਕੁਤਬੇ ਦੀ ਢਾਬ 'ਤੇ ਪਹੁੰਚ ਕੇ ਢਾਬ ਦੇ ਇਕ ਪਾਸੇ ਮੁਗਲ ਸੈਨਾ ਤੇ ਦੂਸਰੇ ਪਾਸੇ ਸਿੰਘ ਫੌਜਾਂ ਨੇ ਪਾਣੀ ਪੀਤਾ। ਲੜਾਈ ਲੜਦੀ ਹੋਈ ਕੁਝ ਫੌਜ ਬਰਨਾਲੇ ਵੱਲ ਨੂੰ ਤੇ ਕੁਝ ਹਠੂਰ ਨੂੰ ਹੁੰਦੀ ਹੋਈ ਹਨੇਰੇ ਦਾ ਫ਼ਾਇਦਾ ਲੈ ਕੇ ਦੂਰ-ਦੂਰ ਪਿੰਡਾਂ ਵਿਚ ਖਿੱਲਰ ਗਈ। ਇਸ ਜੰਗ ਵਿਚ ਜੱਸਾ ਸਿੰਘ ਅਹਲੂਵਾਲੀਆੇ ਦੇ ਸਰੀਰ 'ਤੇ 32 ਅਤੇ ਸ਼ਾਮ ਸਿੰਘ ਦੇ ਸਰੀਰ 'ਤੇ 16 ਫੱਟ ਲੱਗੇ ਸਨ। ਕੋਈ ਸਿੰਘ ਅਜਿਹਾ ਨਹੀਂ ਸੀ, ਜਿਸ ਦੇ ਸਰੀਰ ਉੱਪਰ ਜਖ਼ਮਾਂ ਦੇ ਨਿਸ਼ਾਨ ਨਾ ਹੋਣ। ਇਹ ਲੜਾਈ ਰੋਹੀੜੇ ਦੇ ਮੈਦਾਨ ਤੋਂ ਲੈ ਕੇ ਗਹਿਲਾਂ ਤੱਕ ਲਗਭਗ 20 ਮੀਲ ਦੇ ਖੇਤਰ ਵਿਚ ਲੜੀ ਗਈ। ਇਸ ਘੱਲੂਘਾਰੇ ਵਿਚ ਲਗਭਗ 35 ਹਜ਼ਾਰ ਸਿੰਘ ਸ਼ਹੀਦੀਆਂ ਪਾ ਗਏ ਸਨ।
15 ਫਰਵਰੀ 1762 ਨੂੰ ਅਬਦਾਲੀ ਜਦ ਸਰਹਿੰਦ ਤੋਂ ਲਾਹੌਰ ਵੱਲ ਮੁੜਿਆ ਤਾਂ ਰਸਤੇ ਵਿਚ ਉਸ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਘੇਰਾ ਪਾ ਲਿਆ ਅਤੇ ਉੱਥੋਂ ਦੇ ਸਾਰੇ ਗੁਰਧਾਮ ਢਹਿ-ਢੇਰੀ ਕਰ ਦਿੱਤੇ। ਹਰਿਮੰਦਰ ਸਾਹਿਬ ਨੂੰ ਬਰੂਦ ਦੇ ਕੁੱਪੇ ਰੱਖ ਕੇ ਉਡਾ ਦਿੱਤਾ ਗਿਆ, ਦਰਬਾਰ ਸਾਹਿਬ ਦੇ ਸਰੋਵਰ ਨੂੰ ਇੱਟਾਂ-ਰੋੜਿਆਂ ਨਾਲ ਪੂਰ ਦਿੱਤਾ ਗਿਆ ਅਤੇ ਆਲੇ-ਦੁਆਲੇ ਦੇ ਘਰ ਦਿੱਤੇ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਵੀ ਢਹਿ-ਢੇਰੀ ਕਰ ਦਿੱਤਾ। ਕਿਸੇ ਵਲੋਂ ਦਿੱਤੀ ਗਈ ਇਤਲਾਹ 'ਤੇ ਸਿੰਘਾਂ, ਸਿੰਘਣੀਆਂ ਤੇ ਬੱਚਿਆਂ ਨੂੰ ਅਬਦਾਲੀ ਨੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਗੁਰੂ ਕਾ ਬਾਗ਼ ਦੀ ਖੁੱਲ੍ਹੀ ਜਗ੍ਹਾ 'ਤੇ ਕਤਲ ਕਰ ਦਿੱਤਾ ਗਿਆ। ਜਿਸ ਸਮੇਂ ਅਬਦਾਲੀ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਬਰੂਦ ਨਾਲ ਉਡਾਇਆ ਸੀ ਤਾਂ ਉਸ ਦੇ ਪਰਕਰਮਾ ਵਿਚ ਖੜ੍ਹੇ ਦੇ ਇਕ ਇੱਟ ਨੱਕ 'ਤੇ ਆ ਵੱਜੀ ਸੀ, ਜਿਸ ਨਾਲ ਉਸ ਨੂੰ ਅਜਿਹਾ ਜ਼ਖ਼ਮ ਲੱਗਾ ਕਿ ਨੂੰ ਮੁੜ ਅਰਾਮ ਨਾ ਆਇਆ ਤੇ ਕੈਂਸਰ ਦਾ ਰੋਗ ਬਣ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ।
ਰੋਹੀੜੇ ਸ਼ਹੀਦਾਂ ਦੀ ਯਾਦ ਵਿਚ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਜਿੱਥੇ ਹਰ ਸਾਲ ਸ਼ਹੀਦਾਂ ਦੀ ਯਾਦ ਵਿਚ 3, 4 ਤੇ 5 ਫ਼ਰਵਰੀ ਨੂੰ ਜੋੜ ਮੇਲ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
-ਮੋਬਾਈਲ : 84274-54104