16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਜੋੜ ਮੇਲੇ 'ਤੇ ਵਿਸ਼ੇਸ਼ ਪਿੰਡ ਖਡਿਆਲਾ ਸੈਣੀਆਂ ਤੋਂ ਪਹਿਲੀ ਨੂੰ ਚੱਲੇਗਾ ਪੈਦਲ ਸੰਗ

Ad Position 21
repet_subhas-goyals [Copy P29]
ਅਜੀਤ ਡੈਸਕ 23-02-2026

ਪੰਜਾਬ ਦੀ ਧਰਤੀ ਨੂੰ ਗੁਰੂਆਂ, ਪੀਰਾਂ, ਸੂਰਬੀਰਾਂ, ਦੇਸ਼ ਪ੍ਰੇਮੀਆਂ ਤੇ ਸਾਧੂ-ਸੰਤਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ, ਜਿੱਥੇ ਵੱਖ-ਵੱਖ ਧਰਮਾਂ, ਜਾਤੀਆਂ, ਕੌਮਾਂ, ਫਿਰਕਿਆਂ ਦੇ ਲੋਕ ਇਕ ਗੁਲਦਸਤੇ ਦੀ ਤਰ੍ਹਾਂ ਰਹਿੰਦੇ ਹਨ। ਇਸ ਗੁਲਦਸਤੇ ਦਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਇਕ ਇਤਿਹਾਸਕ ਨਗਰ ਪਿੰਡ ਖਡਿਆਲਾ ਸੈਣੀਆਂ (ਬੁੱਲ੍ਹੋਵਾਲ) ਹੈ, ਜਿੱਥੋਂ ਪਿਛਲੇ 251 ਸਾਲਾਂ ਤੋਂ ਵੀ ਪਹਿਲਾਂ ਸਿੰਘਾਂ ਨੇ ਜਥੇ ਦੇ ਰੂਪ 'ਚ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਲਈ ਪੈਦਲ ਯਾਤਰਾ ਆਰੰਭ ਕੀਤੀ ਸੀ, ਇਹ ਅੱਜ ਵੀ ਜਾਰੀ ਹੈ ਤੇ ਹਰ ਸਾਲ ਪਹਿਲੀ ਮਾਰਚ ਨੂੰ ਆਰੰਭ ਹੁੰਦੀ ਹੈ। ਲੱਖਾਂ ਦੀ ਤਦਾਦ ਵਿਚ ਸੰਗਤਾਂ ਚਾਰ ਦਿਨਾਂ ਅੰਦਰ ਵੱਖ-ਵੱਖ ਨਗਰਾਂ ਵਿਚ ਠਹਿਰਾਉ ਕਰਦੀਆਂ ਜੈਕਾਰਿਆਂ ਦੀ ਗੂੰਜ ਵਿਚ ਡੇਰਾ ਬਾਬਾ ਨਾਨਕ ਪਹੁੰਚ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਬਸਤਰ ਚੋਲਾ ਸਾਹਿਬ ਦੇ ਦਰਸ਼ਨ ਕਰਦੀਆਂ ਹਨ। ਸੰਗਤਾਂ ਲਈ ਲੰਗਰ ਦੇ ਅਥਾਹ ਭੰਡਾਰ ਵੱਖ-ਵੱਖ ਨਗਰਾਂ ਵਲੋਂ ਲਗਾਏ ਜਾਂਦੇ ਹਨ। ਅੱਜ-ਕੱਲ੍ਹ ਇਸ ਸੰਗ ਦੀ ਅਗਵਾਈ ਜਥੇਦਾਰ ਰਣਧੀਰ ਸਿੰਘ ਖਡਿਆਲਾ ਸੈਣੀਆਂ ਵਾਲੇ ਕਰ ਰਹੇ ਹਨ। ਇਹ ਇਤਿਹਾਸਕ ਯਾਦਗਾਰੀ ਚੋਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਚੌਥੀ ਉਦਾਸੀ ਸਮੇਂ ਅਰਬ ਦੇਸ਼ 'ਚ ਸੰਗਤਾਂ ਵਲੋਂ ਭੇਟਾ ਹੋਇਆ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ ਤੋਂ ਬਾਅਦ ਆਪਣੇ ਪਰਿਵਾਰ ਸਹਿਤ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਪਹੁੰਚੇ ਤਾਂ ਉਨ੍ਹਾਂ ਉਦਾਸੀ ਬਾਣਾ ਉਤਾਰ ਕੇ ਸੰਸਾਰੀ ਬਸਤਰ ਪਾ ਲਏ। ਗੁਰੂ ਜੀ ਨੇ 17 ਸਾਲ 7 ਮਹੀਨੇ 9 ਦਿਨ ਕਰਤਾਰਪੁਰ-ਡੇਰਾ ਬਾਬਾ ਨਾਨਕ ਵਿਖੇ ਰਹਿ ਕੇ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦਾ ਸੰਦੇਸ਼ ਦਿੱਤਾ ਤੇ ਖੇਤੀਬਾੜੀ ਕੀਤੀ। ਉਪਰੰਤ ਗੁਰੂ ਜੀ ਦਾ ਅੰਗ ਬਸਤਰ ਇਹ ਚੋਲਾ ਸਾਹਿਬ ਬਾਬਾ ਕਾਬਲੀ ਮੱਲ 21 ਫੱਗਣ 1740 ਈ: ਨੂੰ ਬਲਖ ਬੁਖਾਰੇ ਤੋਂ ਡੇਰਾ ਬਾਬਾ ਨਾਨਕ ਵਿਖੇ ਸੰਗਤਾਂ ਸਹਿਤ ਬੜੇ ਪਿਆਰ ਤੇ ਸਤਿਕਾਰ ਨਾਲ ਲੈ ਕੇ ਆਏ। ਇਸੇ ਯਾਦ 'ਚ ਹੀ ਇਸ ਸੰਗ ਮੇਲੇ ਦੀ ਆਰੰਭਤਾ ਹੋਈ, ਜਿਸ ਨੂੰ ਬੜੇ ਪਿਆਰ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਨਗਰ ਵਾਸੀਆਂ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਖਡਿਆਲਾ ਸੈਣੀਆਂ ਧਾਰਮਿਕ ਮਹੱਤਤਾ ਨਾਲ ਇੱਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਅਸਥਾਨ 'ਤੇ ਇਕ ਖੂੁੰਡਾ ਗੱਡਿਆ ਸੀ, ਉੱਥੇ ਅੱਜ-ਕੱਲ੍ਹ ਉਹ ਪਿੱਪਲ ਗੁਰੂ ਸਾਹਿਬ ਦੀ ਨਿਸ਼ਾਨੀ ਵਜੋਂ ਮੌਜੂਦ ਹੈ, ਵਿਖੇ ਸੰਗਤਾਂ ਆਪਣੇ ਘਰ ਦੁੱਧ, ਪੁੱਤ ਦੀਆਂ ਦਾਤਾਂ ਲਈ ਅਰਦਾਸਾਂ-ਬੇਨਤੀਆਂ ਕਰਦੀਆਂ ਹਨ ਤੇ ਪਹਿਲੀ ਮਾਰਚ ਵਾਲੇ ਦਿਨ ਸੰਗਤਾਂ ਬਹੁਤ ਹੀ ਸ਼ਰਧਾ ਨਾਲ ਬੈਂਡ-ਵਾਜਿਆਂ ਨਾਲ ਝੰਡੇ ਲੈ ਕੇ ਥੜ੍ਹਾ ਸਾਹਿਬ 'ਤੇ ਸੁਸ਼ੋਭਿਤ ਪਿੱਪਲ 'ਤੇ ਚੜ੍ਹਾਉਂਦੀਆਂ ਹਨ। ਇਸੇ ਨਗਰ 'ਚ ਸੁਸ਼ੋਭਿਤ ਬ੍ਰਹਮ ਗਿਆਨੀ 108 ਸੰਤ ਬਾਬਾ ਪਾਲ ਸਿੰਘ ਦਾ ਸਥਾਨ, ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਭੋਰਾ ਸਾਹਿਬ, ਗੁਰਦੁਆਰਾ ਬਾਬਾ ਹਰੀ ਦਾਸ, ਗੁਰਦੁਆਰਾ ਗੁਰੂ ਰਵਿਦਾਸ ਜੀ, ਡੇਰਾ ਬਾਬਾ ਪੰਜ ਪੀਰ ਦੇ ਅਸਥਾਨ ਹਨ, ਜਿੱਥੇ ਅਖੰਡ ਪਾਠ ਕੀਤੇ ਜਾਂਦੇ ਹਨ ਤੇ ਸਾਂਝੀ ਅਰਦਾਸ ਪਹਿਲੀ ਮਾਰਚ ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਹੁੰਦੀ ਹੈ। ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ 'ਚ ਸੰਗਤਾਂ ਡੇਰਾ ਬਾਬਾ ਨਾਨਕ ਨੂੰ ਪੈਦਲ ਚਾਲੇ ਪਾਉਂਦੀਆਂ ਹਨ। ਸਾਰਾ ਰਸਤਾ ਪ੍ਰਭੂ-ਪ੍ਰਮਾਤਮਾ ਦੀ ਉਸਤਤ ਕਰਦਿਆਂ ਪਹਿਲੀ ਰਾਤ ਅਹੀਆਪੁਰ ਕੋਟਲੀ, ਦੂਜੀ ਰਾਤ ਹਰਚੋਵਾਲ, ਤੀਜੀ ਰਾਤ ਘੁੰਮਣ-ਕਲਾਂ ਅਤੇ ਚੌਥੀ ਰਾਤ ਡੇਰਾ ਬਾਬਾ ਨਾਨਕ ਵਿਖੇ ਪਹੁੰਚਦਾ ਹੈ। ਇਕ ਲਿਖਤੀ ਇਤਿਹਾਸ ਅਨਸਾਰ ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਚੋਲਾ ਡੇਰਾ ਬਾਬਾ ਨਾਨਕ ਪਹੁੰਚਾਉਣ ਉਪਰੰਤ ਕੁਝ ਸਮੇਂ ਬਾਅਦ ਬਾਬਾ ਕਾਬਲੀ ਮੱਲ ਪਿੰਡ ਖਡਿਆਲਾ ਸੈਣੀਆਂ ਆਏ ਤੇ ਰਾਤ ਦਾ ਵਿਸ਼ਰਾਮ ਇਸ ਪਿੰਡ ਵਿਚ ਕੀਤਾ। ਨਗਰ ਦੀਆਂ ਸੰਗਤਾਂ ਦਾ ਅਥਾਹ ਪਿਆਰ-ਸਤਿਕਾਰ ਦੇਖ ਕੇ ਉਨ੍ਹਾਂ ਕਿਹਾ ਕਿ ਅੱਜ ਤੋਂ ਬਾਅਦ ਦੁਆਬਾ ਰਿਆੜਕੀ ਦੀਆਂ ਸੰਗਤਾਂ ਇਕੱਤਰ ਹੋ ਕੇ ਪੈਦਲ ਯਾਤਰਾ ਕਰਦੇ ਹੋਏ ਪਵਿੱਤਰ ਚੋਲਾ ਸਾਹਿਬ ਦੇ ਦਰਸ਼ਨ ਕਰਿਆ ਕਰਨਗੀਆਂ। ਉਦੋਂ ਤੋਂ ਹੁਣ ਤੱਕ ਹਰ ਸਾਲ ਇਹ ਪੈਦਲ ਸੰਗ ਪਹਿਲੀ ਮਾਰਚ ਚਲਦਾ ਹੈ। ਅੱਜ-ਕੱਲ੍ਹ ਇਸ ਸੰਗ ਦੀ ਅਗਵਾਈ ਜਥੇਦਾਰ ਰਣਧੀਰ ਸਿੰਘ ਖਡਿਆਲਾ ਸੈਣੀਆਂ ਵਲੋਂ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੜੇ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ।

-ਬੁੱਲ੍ਹੋਵਾਲ, (ਹੁਸ਼ਿਆਰਪੁਰ)।
ਮੋਬਾਈਲ : 98154-48043

Ad Position 22
No active advertisement
ਪਿਛਲੀ ਖ਼ਬਰ ਸਿੱਖੀ ਦੇ ਪ੍ਰਚਾਰ ਤੇ ਪਸਾਰ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਤਪ ਅਸਥਾਨ ਬਾਬਾ ਸ੍ਰੀਚੰਦ, ਟਾਂਡਾ ਅਗਲੀ ਖ਼ਬਰ ਸਿੱਖ ਇਤਿਹਾਸ ਦੀਆਂ ਕੁਝ ਅਹਿਮ ਬਾਤਾਂ
Ad Position 24