16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸਿੱਖ ਇਤਿਹਾਸ ਦੀਆਂ ਕੁਝ ਅਹਿਮ ਬਾਤਾਂ

Ad Position 21
repet_subhas-goyals [Copy P29]
ਅਜੀਤ ਡੈਸਕ 23-02-2026

ਸਿੱਖ ਇਤਿਹਾਸ ਵਿਸ਼ਵ ਦਾ ਨਿਰਾਲਾ ਇਤਿਹਾਸ ਹੈ। ਮਾਨਵੀ ਕਦਰਾਂ-ਕੀਮਤਾਂ ਨੂੰ ਸਿਰਫ਼ ਗੁਰਬਾਣੀ ਵਿਚ ਅੰਕਿਤ ਹੀ ਨਹੀਂ ਕੀਤਾ ਗਿਆ, ਸਗੋਂ ਅੱਜ ਤੱਕ ਉਨ੍ਹਾਂ ਕੀਮਤਾਂ ਨੂੰ ਜ਼ਿੰਦਾ ਰੱਖਿਆ ਗਿਆ ਹੈ। ਇਸ ਖ਼ੂਬਸੂਰਤ ਇਤਿਹਾਸ 'ਚੋਂ ਕੁਝ ਅਜਿਹੀਆਂ ਘਟਨਾਵਾਂ ਪੇਸ਼ ਕਰ ਰਹੇ ਹਾਂ, ਜਿਨ੍ਹਾਂ ਦਾ ਪ੍ਰਚਾਰ ਬਿਲਕੁਲ ਨਹੀਂ ਹੋਇਆ ਜਾਂ ਬਹੁਤ ਘੱਟ ਹੋਇਆ ਹੈ।
ਗੁਰੂ ਨਾਨਕ ਦੇਵ ਜੀ ਦੇ ਸਾਂਝੇ ਖੇਤ-ਕਰੀਬ 1520 ਈ. 'ਚ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਵਿਖੇ ਸਨ। ਇੱਥੇ ਉਨ੍ਹਾਂ ਨੇ ਸਾਂਝੀ ਮਿਹਨਤ ਅਤੇ ਸਾਂਝੇ ਖੇਤਾਂ ਦੀ ਪ੍ਰਥਾ ਆਰੰਭ ਕੀਤੀ। ਇਹ ਮੌਜੂਦਾ ਸਮੇਂ ਦੇ ਕੋਆਪ੍ਰੇਟਿਵ ਖੇਤੀ ਦੇ ਸੰਕਲਪ ਨਾਲ ਮੇਲ ਖਾਂਦਾ ਹੈ। ਭਾਵੇਂ ਹੂ-ਬਹੂ ਤਾਂ ਸਾਂਝੇ ਖੇਤ ਨਹੀਂ ਸਨ ਪਰ ਸੰਗਤ ਆਪ ਹੀ ਖੇਤਾਂ ਵਿਚ ਮਿਲ ਕੇ ਕੰਮ ਕਰਦੀ ਤੇ ਉਸ ਦੀ ਉਪਜ ਨੂੰ ਵੀ ਗੁਰੂ ਨਾਨਕ ਦੇ ਵੰਡ ਛਕਣ ਅਨੁਸਾਰ ਸਭ ਵਿਚ ਵੰਡਿਆ ਜਾਂਦਾ, ਜਿਹੜਾ ਕੋਆਪ੍ਰੇਟਿਵ ਖੇਤੀ ਮਾਡਲ ਦਾ ਆਧਾਰ ਮੰਨਿਆ ਜਾ ਸਕਦਾ ਹੈ। ਇਸ ਦਾ ਜ਼ਿਕਰ ਬਹੁਤ ਥੋੜ੍ਹੇ ਅਧਿਐਨਾਂ ਵਿਚ ਹੈ।
ਦਸਵੰਧ ਭੇਟਾ ਪੀੜਤਾਂ 'ਚ ਵੰਡੀ-ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾ ਰਹੇ ਸਨ। ਦੂਰੋਂ-ਦੂਰੋਂ ਸੰਗਤਾਂ ਦਸਵੰਧ ਭੇਜ ਰਹੀਆਂ ਸਨ ਤੇ ਕੁਝ ਆਪ ਆ ਕੇ ਸੇਵਾ ਵੀ ਕਰ ਰਹੀਆਂ ਸਨ। ਇਹ 1595 ਈ. ਦਾ ਵਾਕਿਆ ਹੈ ਕਿ ਇਸੇ ਸਮੇਂ ਲਾਹੌਰ 'ਚ ਔੜ ਲੱਗ ਗਈ। ਤਿੰਨ ਸਾਲ ਮੀਂਹ ਨਾ ਪੈਣ ਕਾਰਨ ਕਾਲ ਪੈ ਗਿਆ। ਹਾਲਤ ਬਹੁਤ ਖਰਾਬ ਹੋ ਗਏ ਤੇ ਭੁੱਖ ਨਾਲ ਲੋਕ ਮਰਨ ਲੱਗੇ। ਗੁਰੂ ਜੀ ਨੇ ਉਸਾਰੀ ਰੋਕ ਦਿੱਤੀ ਤੇ ਦਸਵੰਧ ਦੀ ਰਕਮ ਲਾਹੌਰ 'ਤੇ ਖ਼ਰਚ ਕਰ ਦਿੱਤੀ। ਗੁਰੂ ਜੀ ਆਪ ਲਾਹੌਰ ਗਏ ਤੇ 8 ਮਹੀਨੇ ਉੱਥੇ ਸੇਵਾ ਕੀਤੀ, ਜਿਸ ਵਿਚ ਲੰਗਰ, ਦਵਾਈਆਂ, ਹੱਥੀਂ ਸੇਵਾ ਆਦਿ ਸ਼ਾਮਿਲ ਸੀ। ਅਕਬਰ ਆਗਰੇ ਤੋਂ ਲਾਹੌਰ ਆਇਆ ਤੇ ਗੁਰੂ ਜੀ ਨੂੰ ਅੱਖੀਂ ਸੇਵਾ ਕਰਦੇ ਵੇਖ ਬਹੁਤ ਖੁਸ਼ ਹੋਇਆ। ਇਸੇ ਲਈ ਉਹ ਗੋਇੰਦਵਾਲ ਵਿਖੇ ਵੀ ਗੁਰੂ ਜੀ ਨੂੰ ਮਿਲਣ ਆਇਆ ਸੀ ਤੇ ਗੁਰੂ ਜੀ ਦੇ ਆਖਣ 'ਤੇ ਪੰਜਾਬ ਦਾ ਉਸ ਸਾਲ ਦਾ ਮਾਲੀਆ ਵੀ ਮੁਆਫ਼ ਕਰ ਦਿੱਤਾ ਸੀ। (ਅੱਜ ਸਾਡੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਇਹ ਸਿੱਖਣ ਦੀ ਬਹੁਤ ਲੋੜ ਹੈ ਕਿ ਕੌਮੀ ਧਨ ਨੂੰ ਖ਼ਰਚਣ ਸਮੇਂ ਤਰਜੀਹ ਕਿਹੜੀ ਹੋਣੀ ਚਾਹੀਦੀ ਹੈ।)
ਅਕਾਲ ਸੈਨਾ-ਅਸੀਂ ਸਾਰੇ ਇਹ ਤਾਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਗਤੀ ਤੇ ਸ਼ਕਤੀ ਨੂੰ ਬਰਾਬਰ ਰੱਖਣ ਲਈ ਮੀਰੀ-ਪੀਰੀ ਸਿਧਾਂਤ ਦਿੱਤਾ। ਸਿੱਖਾਂ ਨੂੰ ਘੋੜ ਸਵਾਰੀ ਤੇ ਸ਼ਸਤਰ ਵਿੱਦਿਆ ਵੀ ਸਿਖਾਈ। ਉਨ੍ਹਾਂ ਨੇ 1620 ਈ. 'ਚ ਸ਼ਸਤਰਧਾਰੀ ਸਿੱਖਾਂ ਦੀ ਫੌਜ ਸਥਾਪਤ ਕੀਤੀ, ਜਿਸ ਨੂੰ ਅਕਾਲ ਸੈਨਾ ਕਿਹਾ ਜਾਂਦਾ ਸੀ। ਸ਼ੁਰੂ 'ਚ 300-500 ਘੋੜ ਸਵਾਰ, 60 ਬੰਦੂਕਧਾਰੀ ਤੇ 60 ਤੋਪਾਂ ਸਨ। ਬਾਅਦ 'ਚ ਇਹ ਗਿਣਤੀ ਘਟਦੀ-ਵਧਦੀ ਵੀ ਰਹੀ। ਗੁਰੂ ਜੀ ਦੇ ਸਮੇਂ ਇਸ ਸੈਨਾ ਨੇ ਜੰਗਾਂ 'ਚ ਵੀ ਹਿੱਸਾ ਲਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 1606 ਤੋਂ 1644, ਗੁਰੂ ਹਰਿਰਾਇ ਜੀ ਨੇ 1644 ਤੋਂ 1661, ਗੁਰੂ ਹਰਿਕ੍ਰਿਸ਼ਨ ਜੀ ਨੇ 1661 ਤੋਂ 1664, ਗੁਰੂ ਤੇਗ਼ ਬਹਾਦਰ ਜੀ ਨੇ 1664-1675 ਤੱਕ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ 1675 ਤੋਂ 1699 ਤੱਕ ਇਸ ਸੈਨਾ ਦੀ ਅਗਵਾਈ ਕੀਤੀ। ਇਸ ਸੈਨਾ ਦੇ ਉੱਘੇ ਜਥੇਦਾਰ ਭਾਈ ਬਿਧੀ ਚੰਦ, ਭਾਈ ਗੋਰਾ, ਭਾਈ ਪਰਾਗਾ, ਭਾਈ ਜੱਟੂ, ਭਾਈ ਲੰਗਾਹ, ਭਾਈ ਲੱਖੀ, ਬਾਬਾ ਗੁਰਦਿੱਤਾ ਜੀ ਅਤੇ ਪੈਂਦੇ ਖ਼ਾਂ (ਜੋ ਬਾਅਦ 'ਚ ਮੁਗ਼ਲਾਂ ਨਾਲ ਮਿਲ ਗਿਆ ਸੀ) ਰਹੇ ਹਨ। ਵੱਖ-ਵੱਖ ਸਮੇਂ ਛੋਟੀਆਂ-ਵੱਡੀਆਂ ਮਿਲਾ ਕੇ 17 ਜੰਗਾਂ ਲੜੀਆਂ ਗਈਆਂ, ਜਿਨ੍ਹਾਂ 'ਚ ਮਹਿਰਾਜ, ਅੰਮ੍ਰਿਤਸਰ, ਗੁਰੂਸਰ, ਕਰਤਾਰਪੁਰ, ਅਨੰਦਪੁਰ, ਭੰਗਾਣੀ, ਨਦੌਣ ਆਦਿ ਮੁੱਖ ਹਨ। ਇਸ ਸੈਨਾ ਦਾ ਆਪਣਾ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਵੀ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਖ਼ਾਲਸਾ ਸਾਜਿਆ ਤਾਂ ਉਦੋਂ ਇਹ ਸੈਨਾ ਖ਼ਾਲਸਾ ਫੌਜ ਵਿਚ ਮਿਲਾ ਲਈ ਗਈ ਤੇ ਸ਼ਬਦ ਅਕਾਲ ਸੈਨਾ ਦੀ ਵਰਤੋਂ ਬੰਦ ਹੋ ਗਈ।
ਮਨੁੱਖੀ ਅਧਿਕਾਰਾਂ ਦੇ ਰਾਖੇ ਗੁਰੂ ਹਰਿਗੋਬਿੰਦ ਸਾਹਿਬ-ਗੁਰੂ ਹਰਿਗੋਬਿੰਦ ਸਾਹਿਬ ਜੀ ਜਹਾਂਗੀਰ ਦੇ ਹੁਕਮ ਅਨੁਸਾਰ ਗਵਾਲੀਅਰ ਦੀ ਕੈਦ ਵਿਚ ਹੋਣ ਬਾਰੇ ਤੇ 52 ਕੈਦੀਆਂ ਨੂੰ ਛੁਡਵਾਉਣ ਬਾਰੇ ਸਾਨੂੰ ਸਭ ਨੂੰ ਪਤਾ ਹੈ। ਇਸ ਦੇ ਵਿਸਥਾਰ ਵਿਚ ਜਾਈਏ ਤਾਂ ਪਤਾ ਲਗਦਾ ਹੈ ਕਿ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਹਿੰਦੂ ਰਾਜਿਆਂ ਨੂੰ ਆਪਣੇ ਖ਼ਿਲਾਫ਼ ਬਗ਼ਾਵਤ ਦੇ ਸ਼ੱਕ ਵਿਚ ਕੈਦ ਕੀਤਾ ਹੋਇਆ ਸੀ। ਕੁਝ ਰਾਜੇ ਆਪਣਾ ਕਰਜ਼ਾ ਜਾਂ ਟੈਕਸ ਨਹੀਂ ਦੇ ਸਕੇ ਸਨ। ਕੁਝ 'ਤੇ ਮੁਗ਼ਲਾਂ ਨੂੰ ਸੈਨਿਕ ਸਹਾਇਤਾ ਨਾ ਦੇਣ ਦਾ ਦੋਸ਼ ਵੀ ਸਨ। ਉਹ ਬਿਨਾਂ ਸੁਣਵਾਈ ਦੇ ਸਾਲਾਂ ਤੱਕ ਕੈਦ ਸਨ। ਉਨ੍ਹਾਂ 'ਚੋਂ ਕੁਝ ਆਪਣੀ ਬਣਦੀ ਸਜ਼ਾ ਤੋਂ ਵੀ ਵੱਧ ਸਮੇਂ ਤੋਂ ਕੈਦ ਸਨ। ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਜਦੋਂ ਰਿਹਾਈ ਦਾ ਹੁਕਮ ਹੋਇਆ ਤਾਂ ਗੁਰੂ ਜੀ ਨੇ ਇਹ ਸ਼ਰਤ ਰੱਖੀ ਕਿ ਮੇਰੇ ਨਾਲ ਇਨ੍ਹਾਂ ਰਾਜਿਆਂ ਨੂੰ ਵੀ ਛੱਡਿਆ ਜਾਵੇ। ਇਸ ਤਰਾਂ ਇਨ੍ਹਾਂ ਰਾਜਿਆਂ ਦੀ ਅਨਿਆਇਕ ਕੈਦ ਦਾ ਵਿਰੋਧ ਕਰਕੇ ਗੁਰੂ ਸਾਹਿਬ ਨੇ ਮਨੁੱਖੀ ਆਜ਼ਾਦੀ ਨੂੰ ਧਰਮ ਜਾਂ ਜਾਤ ਤੋਂ ਉੱਪਰ ਮੰਨਣ ਦਾ ਸਬੂਤ ਦਿੱਤਾ। ਗੁਰੂ ਜੀ ਦੇ ਮਨੁੱਖੀ ਅਧਿਕਾਰਾਂ ਲਈ ਚੁੱਕੇ ਗਏ ਕਦਮ ਨੂੰ 300 ਸਾਲ ਬਾਅਦ ਜਾਰੀ ਹੋਏ ਯੂ.ਐਨ.ਓ. ਦੇ ਆਰਟੀਕਲ-9 (ਕਿਸੇ ਨੂੰ ਵੀ ਮਨਮਾਨੀ ਨਾਲ ਗ੍ਰਿਫ਼ਤਾਰ, ਨਜ਼ਰਬੰਦ ਜਾਂ ਦੇਸ਼ ਨਿਕਾਲਾ ਨਹੀਂ ਦਿੱਤਾ ਜਾਵੇਗਾ।) ਨਾਲ ਮੇਲ ਕੇ ਦੇਖਿਆ ਜਾ ਸਕਦਾ ਹੈ।

-ਮੋਬਾਈਲ : 98147-15796

Ad Position 22
No active advertisement
ਪਿਛਲੀ ਖ਼ਬਰ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਜੋੜ ਮੇਲੇ 'ਤੇ ਵਿਸ਼ੇਸ਼ ਪਿੰਡ ਖਡਿਆਲਾ ਸੈਣੀਆਂ ਤੋਂ ਪਹਿਲੀ ਨੂੰ ਚੱਲੇਗਾ ਪੈਦਲ ਸੰਗ ਅਗਲੀ ਖ਼ਬਰ ਗੁਰਬਾਣੀ ਵਿਆਖਿਆ : ਬਿਬੇਕ ਬੁੱਧ ਬਨਾਮ ਮਸਨੂਈ ਬੁੱਧੀ
Ad Position 24