20ਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਅਨਿੰਨ ਸੇਵਕ ਸੰਤ ਤੇਜਾ ਸਿੰਘ ਨੇ ਹਿਮਾਲਿਆ ਦੇ ਪਹਾੜੀ ਖੇਤਰ 'ਚ ਗੁਪਤ ਤਪੋ ਭੂਮੀ ਨੂੰ ਪ੍ਰਗਟ ਕੀਤਾ ਅਤੇ 400 ਏਕੜ ਜ਼ਮੀਨ ਖਰੀਦ ਕੇ 1965 'ਚ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸਥਾਪਨਾ ਕੀਤੀ। ਇਹ ਅਸਥਾਨ ਹੁਣ ਦੇਸ਼-ਵਿਦੇਸ਼ 'ਚ 'ਬੜੂ ਸਾਹਿਬ' ਵਜੋਂ ਜਾਣਿਆ ਜਾਂਦਾ ਹੈ। ਸੰਤ ਤੇਜਾ ਸਿੰਘ ਤੋਂ ਬਾਅਦ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੇ ਸੰਤ ਅਤਰ ਸਿੰਘ ਦੇ ਮਿਸ਼ਨ ਨੂੰ ਸਫ਼ਲਤਾ ਨਾਲ ਅੱਗੇ ਵਧਾਇਆ। ਬਾਬਾ ਇਕਬਾਲ ਸਿੰਘ ਦਾ ਜਨਮ 1 ਮਈ 1926 ਨੂੰ ਮਾਤਾ ਗੁਲਾਬ ਕੌਰ ਤੇ ਪਿਤਾ ਸਾਂਵਲ ਸਿੰਘ ਦੇ ਗ੍ਰਹਿ ਵਿਖੇ ਪਿੰਡ ਭਰਿਆਲ ਲਹਿੜੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਗੁਰਮੁੱਖ ਪਰਿਵਾਰ 'ਚ ਹੋਇਆ। ਮੁੱਢਲੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਖ਼ਾਲਸਾ ਕਾਲਜ ਲਾਹੌਰ ਤੋਂ ਬੀ.ਐੱਸ.ਸੀ. ਐਗਰੀਕਲਚਰ ਕੀਤੀ ਤੇ ਕਾਲਜ ਪੜ੍ਹਦਿਆਂ ਸੰਤ ਤੇਜਾ ਸਿੰਘ (ਐਮ.ਏ.ਐਲ.ਐੱਲ.ਬੀ. ਏ.ਐਮ. (ਹਾਰਵਰਡ) ਦਾ ਲੈਕਚਰ ਸੁਣ ਕੇ ਅਜਿਹੇ ਪ੍ਰਭਾਵਿਤ ਹੋਏ ਕਿ ਆਪ-ਆਪਣੇ ਸਾਥੀਆਂ ਸਮੇਤ ਪਾਉਂਟਾ ਸਾਹਿਬ ਵਿਖੇ ਸੰਤ ਜੀ ਨੂੰ ਜਾ ਮਿਲੇ, ਜਿਨ੍ਹਾਂ ਤੋਂ ਪ੍ਰੇਰਿਤ ਹੋ ਕੇ ਆਪਣਾ ਜੀਵਨ ਗੁਰੂ ਪੰਥ ਲਈ ਸਮਰਪਣ ਕਰਨ ਦਾ ਦ੍ਰਿੜ੍ਹ ਸੰਕਲਪ ਕਰ ਲਿਆ। ਸੰਤ ਤੇਜਾ ਸਿੰਘ ਦੇ ਹੁਕਮਾਂ ਅਨੁਸਾਰ ਆਪ ਨੇ ਖੇਤੀਬਾੜੀ ਵਿਭਾਗ 'ਚ ਬਤੌਰ ਇੰਸਪੈਕਟਰ ਹਾਂਸੀ (ਹਰਿਆਣਾ) ਵਿਖੇ ਸਰਕਾਰੀ ਨੌਕਰੀ ਪ੍ਰਾਪਤ ਕੀਤੀ। ਇਕ ਵਾਰ ਆਪ ਦੇ ਪਿਤਾ ਨੇ ਆਪ ਨੂੰ ਬਾਹਰ ਪੀ.ਐਚ.ਡੀ. ਲਈ ਭੇਜਣਾ ਚਾਹਿਆ ਪਰ ਸੰਤ ਤੇਜਾ ਸਿੰਘ ਨੇ ਇਹ ਆਖ ਕੇ ਵਿਦੇਸ਼ ਜਾਣ ਤੋਂ ਰੋਕ ਦਿੱਤਾ ਕਿ ਆਪਣੇ ਮੁਲਕ ਤੇ ਧਰਮ ਨੂੰ ਉਨ੍ਹਾਂ ਦੀ ਜ਼ਿਆਦਾ ਲੋੜ ਹੈ। ਸੰਤ ਤੇਜਾ ਸਿੰਘ ਆਪ ਨੂੰ ਕਲਗੀਧਰ ਟਰੱਸਟ ਬੜੂ ਸਾਹਿਬ ਦਾ ਪ੍ਰਧਾਨ ਥਾਪ ਕੇ ਸੱਚਖੰਡ ਜਾ ਬਿਰਾਜੇ। ਜਦੋਂ ਪੰਜਾਬ 'ਚੋਂ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੀ ਵੰਡ ਹੋਈ ਤਾਂ ਆਪ ਨੇ ਵੱਡੇ ਅਧਿਆਰੀਆਂ ਦੇ ਕਹਿਣ ਦੇ ਬਾਵਜੂਦ ਵੀ ਕਿ ਹਿਮਾਚਲ ਪ੍ਰਦੇਸ਼ 'ਚ ਐਗਰੀਕਲਚਰ ਇੰਸਪੈਕਟਰ ਦਾ ਭਵਿੱਖ ਇੰਨਾ ਵਧੀਆ ਨਹੀਂ, ਫਿਰ ਵੀ ਹਿਮਾਚਲ ਪ੍ਰਦੇਸ਼ 'ਚ ਬਦਲੀ ਕਰਵਾਉਣਾ ਆਪਣਾ ਸੁਭਾਗ ਸਮਝਿਆ ਕਿਉਂਕਿ ਇਲਾਹੀ ਧੁਨ 'ਚ ਆਪ ਨੇ ਹਿਮਾਚਲ ਜਾ ਕੇ ਤਪੋ-ਭੂਮੀ ਬੜੂ ਸਾਹਿਬ ਦੀ ਭਾਲ ਕੀਤੀ। ਆਪ ਨੇ 1986 ਵਿਚ ਪੰਜ ਬੱਚਿਆਂ ਨਾਲ ਇਕ ਸਕੂਲ ਬਣਾਇਆ ਜੋ ਸੀ.ਬੀ.ਐੱਸ.ਬੀ. ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਕਰਕੇ ਅਕਾਲ ਅਕੈਡਮੀ ਬੜੂ ਸਾਹਿਬ ਬਣ ਗਿਆ, ਜੋ ਹੁਣ ਵਿੱਦਿਆ ਦੇ ਨਾਲ ਨੈਤਿਕ ਕਦਰਾਂ-ਕੀਮਤਾਂ 'ਤੇ ਅਧਿਆਤਮਕ ਸਿੱਖਿਆ ਦਾ ਮਹਾਨ ਕੇਂਦਰ ਬਣ ਚੁੱਕਾ ਹੈ, ਜਿਸ ਦੀ ਸੋਭਾ ਦੁਨੀਆ ਭਰ 'ਚ ਹੈ।ਇਸ ਤੋਂ ਬਾਅਦ ਆਪ ਨੇ ਪੰਜਾਬ ਦੀਆਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਸਮੁੱਚੇ ਪੰਜਾਬ ਭਰ 'ਚ ਅਕਾਲ ਅਕੈਡਮੀਆ ਖੋਲ੍ਹੀਆਂ, ਜਿਸ ਦੀ ਸ਼ੁਰੂਆਤ ਪੰਜਾਬ 'ਚ ਪਹਿਲੀ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਤੇ ਦੂਜੀ ਅਕਾਲ ਅਕੈਡਮੀ ਚੀਮਾ ਸਾਹਿਬ ਵਿਖੇ ਖੋਲ੍ਹ ਕੇ ਕਰ ਦਿੱਤੀ। ਇਸ ਤੋਂ ਬਾਅਦ ਆਪ ਨੇ ਪੰਜਾਬ, ਹਰਿਆਣਾ, ਰਾਜਸਥਾਨ, ਯੂ.ਪੀ. ਵਿਖੇ ਸੰਤਾਂ ਮਹਾਂਪੁਰਸ਼ਾਂ ਦੇ ਬਚਨਾਂ ਅਨੁਸਾਰ ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ 132 ਅਕਾਲ ਅਕੈਡਮੀਆ, ਦੋ ਯੂਨੀਵਰਸਿਟੀਆਂ, ਅਕਾਲ ਚੈਰੀਟੇਬਲ ਹਸਪਤਾਲ, ਦੋ ਅਕਾਲ ਨਸ਼ਾ ਛੁਡਾਊ ਕੇਂਦਰ, ਅਕਾਲ ਗੁਰਮਤਿ ਵਿੱਦਿਆਲਾ ਆਦਿ ਬਣਾਏ। ਆਪਵਲੋਂ ਖੋਲ੍ਹੀਆਂ ਅਕਾਲ ਅਕੈਡਮੀਆਂ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਰਾਹੀਂ ਆਧੁਨਿਕ ਵਿਗਿਆਨਕ ਵਿੱਦਿਆ ਦੇਣ ਤੋਂ ਇਲਾਵਾ ਇਹ ਅਕੈਡਮੀਆਂ ਵਿਦਿਆਰਥੀਆਂ ਨੂੰ ਉੱਤਮ ਵਿਸ਼ਵ-ਨਾਗਰਿਕ ਬਣਾਉਣ 'ਚ ਵੀ ਸਹਾਈ ਸਿੱਧ ਹੋਈਆਂ ਹਨ ਤੇ ਜਿੱਥੇ-ਜਿੱਥੇ ਵੀ ਅਕਾਲ ਅਕੈਡਮੀਆਂ ਸਥਾਪਤ ਹੋਈਆਂ ਉਸ ਇਲਾਕੇ 'ਚ ਪਤਿਤਪੁਣੇ ਤੇ ਨਸ਼ਿਆਂ ਨੂੰ ਭਾਰੀ ਠੱਲ੍ਹ ਪਈ ਹੈ। ਬਾਬਾ ਇਕਬਾਲ ਸਿੰਘ ਨੂੰ ਸਿੱਖ ਧਰਮ ਲਈ ਨਿਭਾਈਆਂ ਮਾਣਮੱਤੀਆਂ ਸੇਵਾਵਾਂ ਦੀ ਬਦੌਲਤ ਜਿੱਥੇ ਅਨੇਕਾਂ ਹੀ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ, ਉੱਥੇ ਸ਼੍ਰੋਮਣੀ ਪੰਥ ਰਤਨ ਦੀ ਉਪਾਧੀ ਨਾਲ ਵੀ ਨਿਵਾਜਿਆ ਗਿਆ ਅਤੇ ਬਾਬਾ ਜੀ ਵਲੋਂ ਸਮਾਜ ਸੇਵਾ ਤੇ ਵਿੱਦਿਅਕ ਖੇਤਰ 'ਚ ਨਿਭਾਈ ਅਹਿਮ ਭੂਮਿਕਾ ਲਈ ਭਾਰਤ ਸਰਕਾਰ ਵਲੋਂ 'ਪਦਮਸ੍ਰੀ' ਪੁਰਸਕਾਰ ਵੀ ਦਿੱਤਾ ਗਿਆ। ਬਾਬਾ ਇਕਬਾਲ ਸਿੰਘ 29 ਜਨਵਰੀ 2022 ਨੂੰ ਭਾਵੇਂ 96 ਸਾਲ ਦੀ ਉਮਰ 'ਚ ਅਕਾਲ ਚਲਾਣਾ ਕਰ ਗਏ ਪਰ ਉਨ੍ਹਾਂ ਦਾ ਮਿਸ਼ਨ ਹਮੇਸ਼ਾ ਚਲਦਾ ਰਹੇਗਾ। ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਗੁਰਦੁਆਰਾ ਬੜੂ ਸਾਹਿਬ (ਹਿ.ਪ੍ਰ.) ਵਿਖੇ ਬਾਬਾ ਇਕਬਾਲ ਸਿੰਘ ਦਾ 100ਵਾਂ ਜਨਮ ਦਿਵਸ 29, 30 ਅਪ੍ਰੈਲ ਤੇ 1 ਮਈ ਨੂੰ ਮਹਾਨ ਗੁਰਮਤਿ ਸਮਾਗਮ ਕਰਵਾ ਕੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਜਿੱਥੇ ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ। ਸਮਾਗਮ ਦੇ ਅਖੀਰ 'ਚਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ (ਡਾ.) ਦਵਿੰਦਰ ਸਿੰਘ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ।
-ਅਜੀਤ ਪ੍ਰਤੀਨਿਧ ਧਰਮਗੜ੍ਹ (ਸੰਗਰੂਰ)।
ਮੋਬਾਈਲ : 9501407381