(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਹਜ਼ਰਤ ਜੁਨੈਦ ਬਗਦਾਦੀ ਦੀ ਜੋ ਕਿ ਸਹਵ (ਹੋਸ਼) ਮਾਰਗ ਦੇ ਪਾਂਧੀ ਸੀ, ਉਸ ਦਾ ਕਹਿਣਾ ਸੀ ਕਿ ਰੱਬੀ ਰੰਗ ਵਿਚ ਰੰਗੇ ਹੋਣ ਦੇ ਬਾਵਜੂਦ ਇਨਸਾਨ ਨੂੰ ਦੁਨਿਆਵੀ ਪਰਦੇ ਦਾ ਲਿਹਾਜ਼ ਰੱਖਣਾ ਚਾਹੀਦਾ ਹੈ।
ਜਦੋਂ ਕਿ ਹਜ਼ਰਤ ਮਨਸੂਰ ਸੁਕਰ (ਮਸਤੀ) ਦੇ ਰੰਗ ਵਿਚ ਰੰਗ ਕੇ ਪੂਰੀ ਤਰ੍ਹਾਂ ਮਸਤ ਮੌਲਾ ਹੋ ਗਿਆ ਸੀ। ਉਸ ਦੀ ਹਾਲਤ ਉਸ ਬਰਤਨ ਵਰਗੀ ਸੀ ਜੋ ਕੰਢਿਆਂ ਤੀਕ ਭਰਿਆ ਹੋਣ ਉਪਰੰਤ ਖੁਦ ਨੂੰ ਛਲਕਣ ਤੋਂ ਨਹੀਂ ਰੋਕ ਸਕਦਾ ਸੀ। ਉਸ ਨੇ ਅਨ-ਅਲ-ਹੱਕ ਵਾਲਾ ਰਾਜ਼ ਜਾਣ ਬੁੱਝ ਕੇ ਨਹੀਂ ਸੀ ਖੋਲ੍ਹਿਆ, ਸਗੋਂ ਉਸ ਦੇ ਅੰਦਰਲਾ ਸੱਚ ਇੰਨਾ ਜ਼ਿਆਦਾ ਪ੍ਰਬਲ ਹੋ ਚੁੱਕਾ ਸੀ ਕਿ ਇਹ ਆਪ ਮੁਹਾਰੇ ਹੀ ਆਪਣਾ ਰਸਤਾ ਬਣਾ ਲੈਂਦਾ ਸੀ।
ਹਜ਼ਰਤ ਜੁਨੈਦ ਦੀ ਮਨਸੂਰ ਨੂੰ ਚਿਤਾਵਨੀ ਸੀ, ਤੂੰ ਮੇਰੇ ਵਰਜਣ ਦੇ ਬਾਵਜੂਦ ਵੀ ਭੇਤ ਫ਼ਾਸ਼ ਕਰਨ ਤੋਂ ਬਾਜ਼ ਨਹੀਂ ਆਇਆ, ਤੂੰ ਹੁਣ ਇਸਦੇ ਨਤੀਜੇ ਭੁਗਤਣ ਲਈ ਵੀ ਤਿਆਰ ਰਹੀਂ। ਹਜ਼ਰਤ ਜੁਨੈਦ ਨੇ ਮਨਸੂਰ ਅੰਦਰਲਾ ਜੋਸ਼ ਵੇਖਦੇ ਹੋਏ ਬਿਆਨ ਕਰ ਦਿੱਤਾ ਸੀ, 'ਹੁਸੈਨ! ਮੈਂ ਦੇਖ਼ ਰਿਹਾ ਹਾਂ ਕਿ ਤੂੰ ਜਲਦੀ ਹੀ ਸੂਲੀ ਦੀ ਲੱਕੜ ਆਪਣੇ ਖੂਨ ਨਾਲ ਰੰਗ ਦੇਵੇਂਗਾ।
ਮਨਸੂਰ ਅਲ-ਹੱਲਾਜ ਜੋ ਕਿ ਹਜ਼ਰਤ ਜੁਨੈਦ ਬਗਦਾਦੀ ਦਾ ਚੰਡਿਆ ਹੋਇਆ ਸੀ, ਨੇ ਅੱਗਿਓਂ ਬਹੁਤ ਹੀ ਦਲੇਰਾਨਾ ਅਤੇ ਅਧਿਆਤਮਿਕ ਸੂਝ-ਬੂਝ ਭਰਿਆ ਜਵਾਬ ਦਿੱਤਾ, ਐ ਮੇਰੇ ਮੁਰਸ਼ਿਦ! ਮੈਂ ਤਾਂ ਸੂਲੀ ਦੀ ਲੱਕੜ ਨੂੰ ਆਪਣੇ ਖੂਨ ਨਾਲ ਰੰਗ ਹੀ ਦੇਵਾਂਗਾ ਪਰ ਜਲਦ ਹੀ ਉਹ ਦਿਨ ਵੀ ਆਵੇਗਾ ਜਦ ਤੁਹਾਨੂੰ ਆਪਣਾ ਸੂਫੀਆਨਾ ਚੋਲਾ (ਦਰਵੇਸ਼ੀ ਲਿਬਾਸ) ਉਤਾਰਦੇ ਹੋਏ ਸ਼ਰ੍ਹਾ ਦਾ ਬਾਣਾ ਪਹਿਨ ਕੇ ਮੇਰੇ ਕਤਲ ਦੇ ਫਤਵੇ ਉੱਤੇ ਦਸਤਖਤ ਕਰਨੇ ਪੈਣਗੇ। ਭਾਵ ਤੁਹਾਨੂੰ ਮੇਰਾ ਮੁਰਸ਼ਦ ਹੋਣ ਦੇ ਬਾਵਜੂਦ ਹਾਕਮ ਅੱਗੇ ਝੁਕਣ ਲਈ ਮਜਬੂਰ ਹੋਣਾ ਪਵੇਗਾ।
ਹਜ਼ਰਤ ਮਨਸੂਰ ਅਲ-ਹੱਲਾਜ ਦਾ ਹੋਕਾ 'ਅਨ-ਅਲ-ਹੱਕ' ਵੇਖਦੇ ਹੀ ਵੇਖਦੇ ਲੋਕ ਮਨਾਂ ਵਿਚ ਘਰ ਕਰਨ ਲੱਗਾ ਤਾਂ ਬਗਦਾਦ ਦੇ ਖਲੀਫ਼ਾ ਅਲਮੂਕਤਾਦਰ, ਕਾਜ਼ੀ ਅਤੇ ਹੋਰ ਕਈ ਕੱਟੜਪੰਥੀਆਂ ਨੇ ਮਨਸੂਰ ਨੂੰ ਕਾਫ਼ਿਰ (ਧਰਮ ਦੇ ਉਲਟ) ਅਤੇ ਮੁਲਹਿਦ (ਨਾਸਤਿਕ) ਕਰਾਰ ਦੇ ਦਿੱਤਾ।
ਹਜ਼ਰਤ ਮਨਸੂਰ ਅਲ-ਹੱਲਾਜ਼ ਨੂੰ ਚਾਹੁਣ ਵਾਲੇ ਲੋਕ ਉਸ ਦੇ ਅਨ-ਅਲ-ਹੱਕ ਦੇ ਹੋਕੇ ਦਬਾ ਲੈਣਾ ਚਾਹੁੰਦੇ ਸਨ। ਇਹ ਲੋਕ ਪਰਦਾ ਪਾਉਣ ਦੀ ਕੋਸ਼ਿਸ਼ ਤਹਿਤ ਆਖਦੇ ਸਨ ਕਿ ਮਨਸੂਰ ਅਨ-ਅਲ-ਹੱਕ (ਮੈਂ ਰੱਬ ਹਾਂ) ਨਹੀਂ ਬਲਕਿ 'ਐਨ-ਅਲ-ਹੱਕ' ਆਖਦਾ ਹੈ ਜਿਸਦਾ ਅਰਥ ਹੈ, ਮੈਂ ਖੁਦਾ ਨੂੰ ਜਾਣਦਾ ਹਾਂ । ਉਹ ਚਾਹੁੰਦੇ ਸਨ ਕਿ ਮਨਸੂਰ ਨੂੰ ਕੱਟੜਪੰਥੀ ਆਗੂ ਅਹਿਮਦ ਇਬਨ ਹੱਬਲ, ਵਜ਼ੀਰ ਹਾਮਿਦ ਇਬਨ ਅਲ-ਅਬਾਸ, ਬਗਦਾਦ ਦੇ ਖ਼ਲੀਫ਼ਾ ਅਲਮੂਕਤਾਦਰ, ਕਾਜ਼ੀ (ਜੱਜ) ਅਬੂ ਉਮਰ ਮੁਹੰਮਦ ਇਬਨ ਯੂਸਫ਼, ਦੇ ਕਹਿਰ ਤੋਂ ਬਚਾਇਆ ਜਾ ਸਕੇ। ਪਰ ਹਜ਼ਰਤ ਮਨਸੂਰ ਅਲ-ਹੱਲਾਜ਼ ਜਿਸ ਰੰਗ ਵਿਚ ਰੰਗਿਆ ਗਿਆ ਸੀ, ਉਹ ਇਹ ਰੰਗ ਛੱਡਣ ਨੂੰ ਤਿਆਰ ਹੀ ਨਹੀਂ ਸੀ।
ਹੁਣ ਉਸ ਦੀ ਹਰ ਇਕ ਹਰਕਤ ਸ਼ਰੀਅਤ ਨੂੰ ਵੰਗਾਰਨ ਵਾਲੀ ਹੁੰਦੀ ਜਾ ਰਹੀ ਸੀ। ਜੋ ਖੁਦ ਨੂੰ ਖੁਦਾ ਦਾ ਸ਼ਰੀਕ ਐਲਾਨਣ ਦੇ ਬਰਾਬਰ ਸੀ। ਜਿੰਨੀਆਂ ਕੋਸ਼ਿਸ਼ਾਂ ਹਜ਼ਰਤ ਮਨਸੂਰ ਨੂੰ ਬਚਾਉਣ ਲਈ ਕੀਤੀਆਂ ਜਾ ਰਹੀਆਂ ਸਨ, ਮਨਸੂਰ ਓਨਾ ਹੀ ਕਿਸੇ ਅਣ-ਕਿਆਸੇ ਕਹਿਰ ਦੀ ਬੁੱਕਲ ਵਿਚ ਧਸਦਾ ਜਾ ਰਿਹਾ ਸੀ।
ਹਜ਼ਰਤ ਸਾਹਿਬ ਦੁਆਰਾ ਅਨ-ਅਲ-ਹੱਕ ਕੂਕਣ ਦਾ ਮਸਲਾ ਅਜੇ ਥੰਮ੍ਹ ਹੀ ਨਹੀਂ ਸੀ ਰਿਹਾ ਕਿ ਉਸ ਨੇ ਆਪਣੀ ਝੌਂਪੜੀ ਦੇ ਇਕ ਕੋਨੇ ਵਿਚ ਅਣ-ਘੜਤ ਜਿਹਾ ਇਕ ਪੱਥਰ ਸਜਾਉਦਿਆਂ ਇਸ ਨੂੰ 'ਕਾਅਬਾ' ਦਾ ਦਰਜਾ ਦੇ ਦਿੱਤਾ। ਇਸ ਥਾਂ ਨੂੰ ਪਵਿੱਤਰ ਐਲਾਨਦੇ ਹੋਏ ਹਜ਼ਰਤ ਮਨਸੂਰ ਨੇ ਇੱਥੇ ਰੂਹਾਨੀ ਇਬਾਦਤ ਕਰਨੀ ਸ਼ੁਰੂ ਕਰ ਦਿੱਤੀ।
ਹਜ਼ਰਤ ਮਨਸੂਰ ਨੇ ਇਹ ਸਭ ਕਰਦਿਆਂ ਵੀ ਸ਼ਰੀਅਤ ਨੂੰ ਫਿਰ ਵੰਗਾਰ ਪਾ ਦਿੱਤੀ। ਉਸ ਦੁਆਰਾ ਘਰ-ਘਰ ਕਾਅਬਾ ਖੋਲ੍ਹਣ ਦੀ ਦਿੱਤੀ ਜਾ ਰਹੀ ਸਿੱਖਿਆ ਰਾਹੀਂ ਇਹ ਅਸਲੀ ਕਾਅਬਾ ਦੀ ਮਾਨਤਾ ਉੱਤੇ ਸਿੱਧਾ ਹਮਲਾ ਸੀ ਜੋ ਕੱਟੜਪੰਥੀਆਂ ਨੂੰ ਕਦਾਚਿਤ ਹਜ਼ਮ ਨਹੀਂ ਹੋਣ ਵਾਲਾ ਸੀ।
ਹੋਰ ਤਾਂ ਹੋਰ ਹੁਣ ਹਜ਼ਰਤ ਮਨਸੂਰ ਅਲ-ਹੱਲਾਜ ਨੇ ਸਾਧਾਰਨ ਬੰਦਿਆਂ ਦੀ ਤੁਲਨਾ ਪੈਗੰਬਰਾਂ ਨਾਲ ਕਰਨੀ ਸ਼ੁਰੂ ਕਰ ਦਿੱਤੀ।
ਇਸਲਾਮੀ ਅਤੇ ਯਹੂਦੀ ਪਰੰਪਰਾਵਾਂ ਅਨੁਸਾਰ ਜਦੋਂ ਹਜ਼ਰਤ ਮੂਸਾ ਕੋਹ-ਏ-ਤੂਰ (ਸੀਨਈ ਪਰਬਤ) ਉੱਤੇ ਗਏ ਤਾਂ ਉਨ੍ਹਾਂ ਨੂੰ ਉੱਥੇ ਇਕ ਝਾੜੀ ਵਿਚੋਂ ਆਵਾਜ਼ ਸੁਣਾਈ ਦਿੱਤੀ, ਹੇ ਮੂਸਾ! ਮੈਂ ਹੀ ਅੱਲ੍ਹਾ ਹਾਂ, ਜੋ ਸਾਰੀ ਕਾਇਨਾਤ ਦਾ ਮਾਲਕ ਹੈ।
ਹਜ਼ਰਤ ਮਨਸੂਰ ਨੇ ਇਸ ਪਰੰਪਰਾ 'ਤੇ ਆਧਾਰਤ ਸ਼ਰ੍ਹਾ ਨੂੰ ਅਗਲੀ ਵੰਗਾਰ ਪਾ ਦਿੱਤੀ।
ਮੂਸਾ ਵੇਖਿਆ ਨੂਰ ਪਹਾੜ ਉੱਤੇ, ਮਨਸੂਰ ਨੇ ਵੇਖਿਆ ਗਲ ਵਿਚ ਪਾ ਸੂਲੀ।
ਉਸ ਦੀਆਂ ਅਜਿਹੀਆਂ ਹਰਕਤਾਂ ਤੋਂ ਪ੍ਰੇਸ਼ਾਨ ਹਜ਼ਰਤ ਮਨਸੂਰ ਦੇ ਮੁਰਸ਼ਿਦ ਹਜ਼ਰਤ ਜੁਨੈਦ ਬਗਦਾਦੀ ਨੇ ਮਨਸੂਰ ਦੀਆਂ ਹਰਕਤਾਂ ਤੋਂ ਕੱਟੜਪੰਥੀਆਂ ਦਾ ਧਿਆਨ ਭਟਕਾਉਣ ਲਈ ਆਪਣੇ ਮੁਰੀਦ ਮਨਸੂਰ ਨੂੰ ਹੱਜ ਕਰ ਆਉਣ ਦਾ ਹੁਕਮ ਸੁਣਾ ਦਿੱਤਾ। ਜੁਨੈਦ ਦੀ ਕੋਸ਼ਿਸ਼ ਸੀ ਇਹ ਹੱਜ ਪੂਰਾ ਕਰਨ ਲਈ ਮਨਸੂਰ ਨੂੰ ਬਹੁਤਾ ਨਹੀਂ ਚਾਰ-ਪੰਜ ਸਾਲ ਲੱਗ ਜਾਣਗੇ। ਉਦੋਂ ਤੱਕ ਇਹ ਕੱਟੜਪੰਥੀ ਲੋਕ ਸਭ ਕੁਝ ਭੁੱਲ-ਭੁਲਾ ਚੁੱਕੇ ਹੋਣਗੇ। ਆਪਣੇ ਮੁਰਸ਼ਦ ਦੇ ਹੁਕਮ ਦੀ ਤੁਰੰਤ ਪਾਲਣਾ ਕਰਦੇ ਹੋਏ, ਹਜ਼ਰਤ ਮਨਸੂਰ ਉੱਠਿਆ ਅਤੇ ਆਪਣੇ ਮੁਰਸ਼ਦ ਹਜ਼ਰਤ ਜੁਨੈਦ ਬਗਦਾਦੀ ਨੂੰ ਮੱਕਾ ਦਾ ਰੁਤਬਾ ਦਿੰਦੇ ਹੋਏ ਪਲਾਂ-ਛਿਣਾਂ ਵਿਚ ਉਸ ਦੇ ਆਲੇ-ਦੁਆਲੇ ਹੀ ਸੱਤ ਚੱਕਰ ਲਗਾਉਂਦੇ ਹੋਏ ਮੱਕਾ ਦੇ ਸੱਤ ਹੱਜ ਕਰ ਵਿਖਾਏ। ਹਜ਼ਰਤ ਸਾਹਿਬ ਜਾਣ ਗਏ ਕਿ ਮਨਸੂਰ ਉਨ੍ਹਾਂ ਤੋਂ ਵੀ ਅੱਗੇ ਨਿਕਲ ਚੁੱਕਾ ਹੈ। ਫ਼ਿਕਰਮੰਦੀ ਵਿਚ ਉਸ ਨੇ ਮਨਸੂਰ ਨੂੰ ਕਸਮ-ਏ-ਖੁਦਾ ਖੁਆਈ ਕਿ ਉਹ ਅੱਜ ਤੋਂ ਬਾਅਦ ਅਨ-ਅਲ-ਹੱਕ ਵਰਗੇ ਬੋਲ ਆਪਣੀ ਜ਼ੁਬਾਨ 'ਤੇ ਵੀ ਨਹੀਂ ਲਿਆਵੇਗਾ।
ਹਜ਼ਰਤ ਮਨਸੂਰ ਦੁਆਰਾ ਸੱਤ ਹੱਜ ਕਰਨ ਵਾਲੀ ਹਰਕਤ ਵੀ ਬਗਦਾਦ ਦੇ ਖ਼ਲੀਫ਼ਾ ਤੱਕ ਪਹੁੰਚ ਗਈ। ਬਗਦਾਦ ਦੇ ਖਲੀਫ਼ਾ ਅਲਮੂਕਤਾਦਰ ਦੀ ਮਾਂ ਮਹਾਰਾਣੀ ਸ਼ਗਾਫ਼, ਹਜ਼ਰਤ ਮਨਸੂਰ ਦੀ ਤਹਿਦਿਲੋਂ ਮੁਰੀਦ ਹੋਣ ਕਾਰਨ ਉਹ ਆਪਣੇ ਹਜ਼ਰਤ ਦਾ ਵਾਲ ਵੀ ਵਿੰਗਾ ਨਹੀਂ ਸੀ ਹੋਣ ਦੇਣਾ ਚਾਹੁੰਦੀ। ਆਪਣੀ ਮਾਂ ਦੇ ਪ੍ਰਭਾਵ ਹੇਠ ਖ਼ਲੀਫ਼ਾ ਵੀ ਹਜ਼ਰਤ ਮਨਸੂਰ ਪ੍ਰਤੀ ਹਮਦਰਦੀ ਰੱਖਦਾ ਸੀ ਅਤੇ ਨਹੀਂ ਸੀ ਚਾਹੁੰਦਾ ਕਿ ਉਸ ਦੁਆਰਾ ਹਜ਼ਰਤ ਮਨਸੂਰ ਨੂੰ ਕੋਈ ਸਖ਼ਤ ਸਜ਼ਾ ਸੁਣਾਉਣੀ ਪੈ ਜਾਵੇ। ਪਰ ਸਮੇਂ ਦੇ ਕਾਜ਼ੀ, ਖ਼ਲੀਫ਼ਾ ਦੀ ਕੋਈ ਵਾਹ-ਪੇਸ਼ ਨਹੀਂ ਸੀ ਚੱਲਣ ਦੇ ਰਹੇ। (ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)
-ਮੋਬਾਈਲ : 98154-61875