16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਵੱਖ-ਵੱਖ ਧਰਮਾਂ ਵਿਚ ਵਾਤਾਵਰਨ

Ad Position 21
repet_subhas-goyals [Copy P29]
ਅਜੀਤ ਡੈਸਕ 27-04-2026

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਬੁੱਧ ਧਰਮ ਬੁਨਿਆਦੀ ਤੌਰ 'ਤੇ ਇਕ ਵਿਹਾਰਕ ਧਰਮ ਹੈ। ਇਸ ਵਿਚ ਸਿਧਾਂਤ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਗਿਆ। ਬੋਧੀ ਸਾਧਨਾ ਦਾ ਮੁੱਖ ਮੰਤਵ ਮਨ ਦੀ ਸ਼ੁੱਧਤਾ ਪੈਦਾ ਕਰਨਾ ਹੈ। ਮਨ ਦੀ ਸ਼ੁੱਧਤਾ ਦਾ ਅਰਥ ਮਾਨਸਿਕ ਸਿਹਤ ਹੀ ਹੁੰਦਾ ਹੈ ਅਤੇ ਮਾਨਸਿਕ ਸਿਹਤ ਸਰੀਰਕ ਸਿਹਤ ਨਾਲ ਕਈ ਢੰਗਾਂ ਨਾਲ ਜੁੜੀ ਰਹਿੰਦੀ ਹੈ। ਇਕ ਅਭਿਆਸੀ ਬੋਧੀ ਲਈ ਆਪਣੀ ਸਮੁੱਚੀ ਸਿਹਤ ਦੀ ਦੇਖਭਾਲ ਬਹੁਤ ਜ਼ਰੂਰੀ ਹੈ ਅਤੇ ਸਿਹਤ ਦੀ ਦੇਖਭਾਲ ਲਈ ਵਾਤਾਵਰਨ ਦੀ ਦੇਖਭਾਲ ਪਹਿਲੀ ਜ਼ਰੂਰਤ ਹੈ। ਚੰਗੀ ਖੁਰਾਕ, ਸ਼ੁੱਧ ਪਾਣੀ ਅਤੇ ਸਾਫ਼ ਹਵਾ ਸਾਡੀ ਸਿਹਤ ਨੂੰ ਠੀਕ ਰੱਖਣ ਲਈ ਅਤਿ ਲੋੜੀਂਦੇ ਹਨ। ਯੂ.ਐਨ. ਓ. ਵਲੋਂ ਕੁਝ ਸਾਲ ਪਹਿਲਾਂ ਕਰਵਾਏ ਗਏ ਇਕ ਸਰਵੇਖਣ ਅਨੁਸਾਰ, ਸੰਸਾਰ ਵਿਚ ਫੈਲ ਰਹੀਆਂ ਸਾਰੀਆਂ ਬਿਮਾਰੀਆਂ ਅਤੇ ਲੱਗ ਰਹੀਆਂ ਕੁੱਲ ਸੱਟਾਂ ਦਾ ਚੌਥਾ ਹਿੱਸਾ ਕਿਸੇ ਨਾ ਕਿਸੇ ਤਰ੍ਹਾਂ ਵਾਤਾਵਰਨ ਦੇ ਪਤਨ ਕਾਰਨ ਵਾਪਰਦਾ ਹੈ। ਜਿਵੇਂ ਅਸੀਂ ਆਪਣੇ ਮਨ ਅਤੇ ਸਰੀਰ ਨੂੰ ਵੱਖ-ਵੱਖ ਨਹੀਂ ਕਰ ਸਕਦੇ, ਉਸੇ ਤਰ੍ਹਾਂ ਅਸੀਂ ਆਪਣੇ ਆਪ ਨੂੰ, ਆਪਣੇ ਆਲੇ-ਦੁਆਲੇ ਨਾਲੋਂ ਵੱਖ ਨਹੀਂ ਕਰ ਸਕਦੇ। ਬੋਧੀ ਭਿਕਸ਼ੂ ਕਹਿੰਦੇ ਹਨ ਕਿ ਅਸੀਂ ਆਪਣਾ ਅਧਿਅਨ ਕਰ ਕੇ ਆਪਣੇ ਮਨ ਨੂੰ ਵੀ ਸ਼ੁੱਧ ਕਰ ਸਕਦੇ ਹਾਂ ਅਤੇ ਆਪਣੇ ਆਲੇ-ਦੁਆਲੇ ਨੂੰ ਵੀ। ਬੁੱਧ ਧਰਮ ਮਨੁਖ ਨੂੰ ਆਲੇ-ਦੁਆਲੇ ਨੂੰ ਪ੍ਰਭਾਵਿਤ ਕਰਨ ਵਾਲੇ ਉਸ ਦੇ ਨਿੱਜੀ ਕਾਰਜਾਂ ਪ੍ਰਤੀ ਜਾਗਰੂਕ ਅਤੇ ਜ਼ਿੰਮੇਵਾਰ ਬਣਾਉਂਦਾ ਹੈ। ਇਸ ਦੇ ਬੁਨਿਆਦੀ ਫ਼ਲਸਫ਼ੇ ਅਤੇ ਸਿੱਖਿਆਵਾਂ ਵਿਚ ਬਹੁਤ ਕੁਝ ਅਜਿਹਾ ਹੈ ਜੋ ਮਨੁੱਖ ਨੂੰ ਵਾਤਾਵਰਨਕ ਨੈਤਿਕਤਾ ਦਾ ਅਨੁਸਾਰੀ ਬਣਨ ਵੱਲ ਤੋਰਦਾ ਹੈ ਅਤੇ ਉਸ ਉੱਪਰ ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ ਦੀ ਜ਼ਿੰਮੇਵਾਰੀ ਆਇਦ ਕਰਦਾ ਹੈ। ਇਹੀ ਕਾਰਨ ਹੈ ਕਿ ਬੁੱਧ ਧਰਮ ਨੂੰ ਹਰਾ ਧਰਮ (7reen Re&}{}on) ਵੀ ਕਿਹਾ ਜਾਂਦਾ ਹੈ।
ਜੈਨ ਧਰਮ : ਪੁਰਾਤਨ ਜੈਨ ਧਰਮ ਵਿਚ ਭਾਰਤੀ ਧਾਰਮਿਕ ਸੱਭਿਆਚਾਰ ਦੇ ਸਭ ਤੋਂ ਪੁਰਾਣੇ ਤੱਤ ਮਿਲਦੇ ਹਨ। ਇਸ ਧਰਮ ਦੇ ਅਨੁਆਈਆਂ ਲਈ ਆਚਾਰ-ਵਿਚਾਰ, ਰਹਿਣ-ਸਹਿਣ, ਰੀਤੀ-ਰਿਵਾਜ, ਸੱਚ, ਅਹਿੰਸਾ ਦੇ ਆਦਰਸ਼ਾਂ ਦੀ ਪਾਲਣਾ ਉਪਰ ਜ਼ੋਰ ਦਿੱਤਾ ਹੈ। 'ਸਰਵੇ ਭਵੰਤੂ ਸੁਖਿਨ : ਸਰਵੇ ਸੰਤੁ ਨਿਰਮਯ'ਦੀ ਕਲਪਨਾ ਨੂੰ ਸਾਕਾਰ ਕਰਨ ਲਈ ਵਾਤਾਵਰਨ ਨੂੰ ਸਾਫ਼ ਰੱਖਣ ਦੀ ਤਾਕੀਦ ਕੀਤੀ ਗਈ ਹੈ। ਜੈਨ ਦਰਸ਼ਨ ਵਿਚ ਪ੍ਰਕਿਰਤੀ ਨੂੰ ਇਕ ਜੀਵਤ, ਚੇਤਨ ਸ਼ਕਤੀ ਦੇ ਰੂਪ ਵਿਚ ਦੇਖਿਆ ਜਾਂਦਾ ਹੈ, ਕਿਸੇ ਵੀ ਜੀਵਤ ਪ੍ਰਾਣੀ ਨੂੰ ਨੁਕਸਾਨ ਨਾ ਪਹੁੰਚਾਉਣਾ, ਚਾਹੇ ਉਹ ਮਨੁੱਖ ਹੋਵੇ, ਪਸ਼ੂ ਹੋਵੇ ਜਾਂ ਕੋਈ ਪੌਦਾ ਅਤੇ ਉਸ ਦਾ ਸਤਿਕਾਰ ਕਰਨਾ ਅਹਿਮ ਕਰਤੱਵ ਮੰਨਿਆ ਜਾਂਦਾ ਹੈ।
ਸਿੱਖ ਧਰਮ : ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ (1469-1539 ਈਸਵੀ), ਜਿਨ੍ਹਾਂ ਦਾ ਵਧੇਰੇ ਜੀਵਨ ਦਰਿਆਵਾਂ ਦੇ ਅੰਗ-ਸੰਗ ਗੁਜ਼ਰਿਆ, ਆਪਣੀ ਪਵਿੱਤਰ ਬਾਣੀ (ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ) ਵਿਚ ਹਵਾ, ਪਾਣੀ ਅਤੇ ਧਰਤੀ ਨੂੰ ਕ੍ਰਮਵਾਰ ਉੱਚਾ ਦਰਜਾ ਦੇ ਕੇ ਇਨ੍ਹਾਂ ਦੀ ਅਹਿਮੀਅਤ ਨੂੰ ਦਰਸਾਉਂਦੇ ਹਨ :
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥
(ਸਲੋਕੁ, ਮ:1, ਅੰਗ:8)
ਅਰਥਾਤ- ਪਵਣ, ਪਾਣੀ ਤੇ ਧਰਤੀ ਆਦਿ, ਸਮੂਹ ਜੀਵ-ਜੰਤੂਆਂ ਅਤੇ ਬਨਸਪਤੀ ਦੀ ਹੋਂਦ ਦਾ ਮੂਲ ਆਧਾਰ ਹਨ ਅਤੇ ਇਨ੍ਹਾਂ ਦੇ ਰਾਹੀਂ ਹੀ ਕੁੱਲ ਸ੍ਰਿਸ਼ਟੀ ਦਾ ਰਚਣਹਾਰ ਕਰਤਾਰ ਇਸ ਜਗਤ ਦੀ ਸਾਰੀ ਖੇਡ ਖੇਲ੍ਹ ਰਿਹਾ ਹੈ। ਇਕ ਹੋਰ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ :
ਪਉਣੁ ਗੁਰੂ ਪਾਣੀ ਪਿਤ ਜਾਤਾ॥
ਉਦਰ ਸੰਜੋਗੀ ਧਰਤੀ ਮਾਤਾ॥
ਰੈਣਿ ਦਿਨਸੁ ਦੁਇ ਦਾਈ ਦਾਇਆ
ਜਗੁ ਖੇਲੈ ਖੇਲਾਈ ਹੇ॥ (ਮਾਰੂ, ਮ:1, ਅੰਗ:1020)
ਸਮੁੱਚੇ ਮਨੁੱਖੀ ਵਿਕਾਸ ਦੇ ਇਤਿਹਾਸ ਵਿਚ ਕੁਦਰਤ ਅਤੇ ਵਾਤਾਵਰਨ ਦਾ ਸਥਾਨ ਵਿਸ਼ੇਸ਼ ਮਹੱਤਵ ਦਾ ਧਾਰਨੀ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀਕਾਰਾਂ ਦਾ ਪੈਗ਼ਾਮ ਇਹੀ ਰਿਹਾ ਹੈ ਕਿ ਮਨੁੱਖ ਹਵਾ, ਪਾਣੀ, ਧਰਤੀ ਤੇ ਵਾਤਾਵਰਨ ਦੇ ਹੋਰ ਪਹਿਲੂਆਂ ਨਾਲ ਬਹੁਤ ਨਜ਼ਦੀਕ ਤੋਂ ਜੁੜਿਆ ਹੋਇਆ ਹੈ। ਅੰਗਰੇਜ਼ੀ ਕਵੀ ਵਿਲੀਅਮ ਵਰਡਜ਼ਵਰਥ, ਜਿਸ ਨੂੰ ਕੁਦਰਤ ਦਾ ਸਭ ਤੋਂ ਵੱਡਾ ਕਵੀ ਮੰਨਿਆ ਜਾਂਦਾ ਹੈ, ਲਿਖਦਾ ਹੈ ਕਿ ਕੁਦਰਤ ਮਨੁੱਖਾ ਜੀਵਨ ਦੇ ਮੁੱਖ ਤਿੰਨ ਪੜਾਵਾਂ - ਬਚਪਨ, ਜਵਾਨੀ ਅਤੇ ਬੁਢਾਪੇ ਵਿਚ ਆਪਣਾ ਮੁੱਖ ਰੋਲ ਅਦਾ ਕਰਦੀ ਹੈ। ਕੁਦਰਤ ਦਾ ਮਨੁੱਖ ਨਾਲ ਮਾਂ-ਪੁੱਤਰ ਦਾ ਰਿਸ਼ਤਾ ਹੈ। ਵਰਡਜ਼ਵਰਥ ਪ੍ਰਕਿਰਤੀ ਦਾ ਮਹੱਤਵ ਦੱਸਦੇ ਹੋਏ ਇਸ ਨੂੰ 'ਸਾਂਭਣ ਵਾਲੀ ਮਾਂ' ਦਾ ਦਰਜਾ ਦੇ ਰਿਹਾ ਹੈ।
ਗੁਰਬਾਣੀ ਵਿਚ ਪਾਣੀ ਦੀ ਥਾਂ 'ਅੰਮ੍ਰਿਤ'ਸ਼ਬਦ ਦੀ ਵਾਰ-ਵਾਰ ਹੋਈ ਵਰਤੋਂ ਵੀ ਪਾਣੀ ਦੀ ਅਹਿਮੀਅਤ ਦੀ ਹੀ ਪੁਸ਼ਟੀ ਕਰਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਨਗਰੀ 'ਚੱਕ ਰਾਮਦਾਸ ਪੁਰ' ਵਿਖੇ ਦੂਰ-ਦੂਰ ਤੋਂ ਆਉਣ ਵਾਲੀਆਂ ਸੰਗਤਾਂ ਦੇ ਇਸ਼ਨਾਨ-ਪਾਨ ਲਈ ਜੋ ਸਰੋਵਰ ਖੁਦਵਾਏ, ਉਨ੍ਹਾਂ 'ਚੋਂ ਮੁੱਖ ਸਰੋਵਰ ਨੂੰ 'ਸੁਧਾ ਸਰ' ਦਾ ਨਾਂਅ ਦਿੱਤਾ ਗਿਆ (ਚਲਦਾ)

-ਸ੍ਰੀ ਅਨੰਦਪੁਰ ਸਾਹਿਬ।

Ad Position 22
No active advertisement
ਪਿਛਲੀ ਖ਼ਬਰ ਸੂਲੀ 'ਤੇ ਨੱਚਦਾ ਸੱਚ : ਹਜ਼ਰਤ ਹੁਸੈਨ ਮਨਸੂਰ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਮਹੱਤਵ ਤੇ ਸਤਿਕਾਰ
Ad Position 24