ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਧਰਮ ਦਾ ਸਰਬੋਤਮ ਧਰਮ ਗ੍ਰੰਥ ਮੰਨਿਆ ਜਾਂਦਾ ਹੈ, ਜਿਸ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ। ਇਸ ਧਰਮ ਗ੍ਰੰਥ ਦੇ ਸਤਿਕਾਰ ਤੇ ਮਹੱਤਵ ਸੰਬੰਧੀ ਚਰਚਾ ਨਿਰੰਤਰ ਚੱਲਦੀ ਰਹਿੰਦੀ ਹੈ। ਵੱਖ-ਵੱਖ ਧਰਮਾਂ, ਭੂਗੋਲਿਕ ਖਿੱਤਿਆਂ ਤੇ ਭਾਸ਼ਾਵਾਂ ਨਾਲ ਸੰਬੰਧਿਤ ਮਹਾਂਪੁਰਖਾਂ ਦੀ ਬਾਣੀ ਦਰਜ ਹੋਣ ਕਰਕੇ ਇਸ ਦਾ ਸਮਾਜਿਕ ਮਹੱਤਵ ਤੇ ਘੇਰਾ ਵਿਸ਼ਾਲ ਹੈ। ਗੁਰੂ ਸਾਹਿਬਾਨ ਨੇ ਇਸ ਧਰਮ ਗ੍ਰੰਥ ਨੂੰ ਆਪ ਇਕੱਤਰ, ਸੰਪਾਦਨ ਤੇ ਗੁਰੂ ਦਾ ਦਰਜਾ ਪ੍ਰਦਾਨ ਕੀਤਾ, ਜਿਸ ਕਰਕੇ ਇਸ ਦੀ ਪ੍ਰਮਾਣਿਕਤਾ ਵੀ ਹਰ ਤਰ੍ਹਾਂ ਦੇ ਸ਼ੰਕੇ ਤੋਂ ਮੁਕਤ ਹੈ। ਮਨੁੱਖਤਾ ਨੂੰ ਪ੍ਰਭੂ ਮੁਖੀ ਜੀਵਨ-ਜਾਚ ਪ੍ਰਦਾਨ ਕਰਨ, ਆਪਸੀ ਸਾਂਝ, ਪ੍ਰੇਮ ਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਨ, ਪਰਉਪਕਾਰ ਦੇ ਮਾਰਗ 'ਤੇ ਚੱਲਣ, ਊਚ-ਨੀਚ ਤੇ ਭੇਦਭਾਵ ਦੀ ਭਾਵਨਾ ਤੋਂ ਮੁਕਤ ਕਰਨ, ਵਹਿਮਾਂ-ਭਰਮਾਂ ਤੋਂ ਦੂਰ ਰਹਿ ਕੇ ਸੱਚਾਈ ਤੇ ਸਦਾਚਾਰ ਦੇ ਮਾਰਗ ਨੂੰ ਧਾਰਨ ਕਰਨ ਦਾ ਜੋ ਸੰਦੇਸ਼ ਇਸ ਗ੍ਰੰਥ ਰਾਹੀਂ ਸਾਹਮਣੇ ਆਇਆ ਹੈ, ਉਸ ਨੇ ਸਮਾਜ ਨੂੰ ਸਵੈ-ਮਾਣ ਮੁਖੀ ਜੀਵਨ-ਜਾਚ ਧਾਰਨ ਕਰਨ ਵਾਲਾ ਮਾਰਗ ਦਿਖਾਇਆ ਹੈ।
ਸਮਾਜਿਕ ਬਰਾਬਰੀ, ਨਿਆਂ ਤੇ ਸੁਤੰਤਰਤਾ ਦੀ ਭਾਵਨਾ ਵਿਚ ਵਿਸ਼ਵਾਸ ਰੱਖਣ ਵਾਲੇ ਇਸ ਦੇ ਸੰਦੇਸ਼ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਇਸ ਧਰਮ ਗ੍ਰੰਥ ਦੀ ਮੂਲ ਭਾਵਨਾ ਨੂੰ ਜੀਵਨ ਵਿਚ ਧਾਰਨ ਕਰਨ ਵਾਲੇ ਸੰਕੀਰਨ ਵਲਗਣਾਂ ਤੋਂ ਮੁਕਤ ਹੋ ਕੇ ਵਡੇਰੇ ਮਨੁੱਖੀ ਹਿਤਾਂ ਲਈ ਕਾਰਜਸ਼ੀਲ ਹੋ ਜਾਂਦੇ ਹਨ। ਦੁਨਿਆਵੀ ਤੋਂ ਦੈਵੀ ਜੀਵਨ ਦਾ ਮਾਰਗਦਰਸ਼ਨ ਕਰਨ ਵਾਲਾ ਇਹ ਧਰਮ ਗ੍ਰੰਥ ਹਰ ਮਨੁੱਖ ਨੂੰ ਸਰਲ ਤੇ ਸਹਿਜ ਵਾਲਾ ਜੀਵਨ ਬਸਰ ਕਰਨ ਲਈ ਪ੍ਰੇਰਿਤ ਕਰਦਾ ਹੈ। ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦਾ ਸਿਧਾਂਤ ਮਨੁੱਖ ਨੂੰ ਦੂਜਿਆਂ ਦੀ ਹੋਂਦ ਪ੍ਰਵਾਨ ਕਰਨ ਅਤੇ ਉਨ੍ਹਾਂ ਦੇ ਦੁੱਖ ਸਮਝ ਕੇ ਉਸ ਦਾ ਨਿਵਾਰਨ ਕਰਨ ਦੀ ਭਾਵਨਾ ਪ੍ਰਗਟ ਕਰਦਾ ਹੈ। ਇਸ ਮਾਰਗ 'ਤੇ ਚੱਲ ਕੇ ਮਨੁੱਖ ਸਵਾਰਥ ਦੀ ਭਾਵਨਾ ਤੋਂ ਮੁਕਤ ਹੋ ਕੇ ਪਰਮਾਰਥ ਵਾਲੇ ਜੀਵਨ ਦਾ ਪਾਂਧੀ ਬਣ ਜਾਂਦਾ ਹੈ:
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥
(ਸਾਰੰਗ, ਮ:1, ਅੰਗ : 1245)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਭਾਈ ਨੰਦ ਲਾਲ ਗੁਰੂ ਦੇ ਦਰਸ਼ਨ ਕਰਨ ਦੀ ਪ੍ਰੇਰਨਾ ਕਰਦੇ ਹੋਏ ਕਹਿੰਦੇ ਹਨ ਜੋ ਸਿੱਖ ਗੁਰ ਦਰਸਨ ਕੀ ਚਾਹਿ, ਦਰਸ਼ਨ ਕਰੇ ਗ੍ਰੰਥ ਜੀ ਆਹਿ। ਸਿੱਖ ਰਹਿਤ ਮਰਿਆਦਾ ਵਿਚ ਦੱਸਿਆ ਗਿਆ ਹੈ ਕਿ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ, ਗੁਰੂ ਰੂਪ ਸੰਗਤ ਦੇ ਅਦਬ ਨਾਲ ਦਰਸ਼ਨ ਕਰਨੇ ਤੇ ਆਵਾਜ਼ਾ ਲੈਣਾ ਜਾਂ ਸੁਣਨਾ, ਸਤਿਗੁਰੂ ਦੇ ਦਰਸ਼ਨ ਹਨ।' ਗੁਰੂ ਜੀ ਦੇ ਰੋਜ਼ਾਨਾ ਦਰਸ਼ਨ ਕਰਨ ਦੀ ਭਾਵਨਾ ਅਧੀਨ ਬਹੁਤ ਸਾਰੇ ਗੁਰਸਿੱਖਾਂ ਦੇ ਘਰਾਂ ਵਿਚ ਵੀ ਇਸ ਧਰਮ ਗ੍ਰੰਥ ਦਾ ਪ੍ਰਕਾਸ਼ ਕਰਨ ਦੀ ਪਰੰਪਰਾ ਦੇਖਣ ਨੂੰ ਮਿਲਦੀ ਹੈ।
ਜਦੋਂ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਕਰ ਕੇ ਇਸ ਨੂੰ ਇਕ ਬੀੜ ਦੇ ਰੂਪ 'ਚ ਤਿਆਰ ਕੀਤਾ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ। ਉਨ੍ਹਾਂ ਨੇ ਗੁਰੂ ਪਰਿਵਾਰ ਦੇ ਕਿਸੇ ਵੀ ਵਿਅਕਤੀ ਦੀ ਜਗ੍ਹਾ ਬਾਬਾ ਬੁੱਢਾ ਜੀ ਨੂੰ ਆਦਿ ਗ੍ਰੰਥ ਦੀ ਸੰਭਾਲ ਦੀ ਜ਼ਿੰਮੇਵਾਰੀ ਸੌਂਪੀ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਧਾਰਨ ਕੀਤੀ ਤੇ ਛੇ ਗੁਰੂ ਸਾਹਿਬਾਨ ਦੀ ਸੰਗਤ ਦਾ ਅਨੰਦ ਮਾਣਿਆ ਸੀ। ਗੁਰੂ ਸਾਹਿਬਾਨ ਦੇ ਸਤਿਕਾਰ ਦੀ ਭਾਵਨਾ ਤੇ ਮਰਿਆਦਾ ਉਨ੍ਹਾਂ ਤੋਂ ਵਧੇਰੇ ਹੋਰ ਕੋਈ ਨਹੀਂ ਜਾਣਦਾ ਸੀ। ਗੁਰੂ ਨਾਨਕ ਦੇਵ ਜੀ ਨੇ ਹੀ ਸ਼ਬਦ ਨੂੰ ਗੁਰੂ ਮੰਨਣ ਦਾ ਸਿਧਾਂਤ ਪ੍ਰਚੱਲਿਤ ਕੀਤਾ ਸੀ ਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਸਾਹਿਬਾਨ ਨੇ ਇਸ ਬਾਣੀ ਨੂੰ ਅੰਮ੍ਰਿਤ ਦੇ ਰੂਪ ਵਿਚ ਪ੍ਰਚਾਰਿਆ:-
ਬਾਣੀ ਗੁਰੂ ਗੁਰੂ ਹੈ ਬਾਣੀ
ਵਿਚਿ ਬਾਣੀ ਅੰਮ੍ਰਿਤੁ ਸਾਰੇ॥
(ਨਟ, ਮ:1, ਅੰਗ : 982)
ਗੁਰੂ ਸਾਹਿਬਾਨ ਦੁਆਰਾ ਪ੍ਰਦਾਨ ਕੀਤੀ ਗਈ ਇਹ ਬਾਣੀ ਧੁਰ ਕੀ ਬਾਣੀ ਮੰਨੀ ਜਾਂਦੀ ਹੈ, ਜੋ ਗੁਰੂ ਸਾਹਿਬਾਨ ਦੇ ਹਿਰਦੇ ਰਾਹੀਂ ਮਨੁੱਖਤਾ ਤੱਕ ਪਹੁੰਚੀ ਹੈ। ਇਸ ਗ੍ਰੰਥ ਦੀ ਬਾਣੀ ਦੇ ਮਹੱਤਵ ਨੂੰ ਦੇਖਦੇ ਹੋਏ ਭਾਵੇਂ ਕਿ ਪਹਿਲਾਂ ਹੀ ਇਸ ਦੀਆਂ ਪੋਥੀਆਂ ਤਿਆਰ ਹੋਣ ਲੱਗ ਪਈਆਂ ਸਨ ਪਰ ਫਿਰ ਸੰਪੂਰਨ ਬੀੜ ਦੇ ਉਤਾਰੇ ਵੀ ਸਾਹਮਣੇ ਆਉਣ ਲੱਗੇ ਸਨ। ਕਿਹਾ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਚਾਰ ਉਤਾਰੇ ਕਰ ਕੇ ਅਕਾਲ ਤਖ਼ਤ ਸਾਹਿਬ, ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਵਿਖੇ ਭੇਜੇ ਤੇ ਚੌਥੀ ਬੀੜ ਦਮਦਮਾ ਸਾਹਿਬ ਵਿਖੇ ਰੱਖੀ ਸੀ। ਉਸ ਸਮੇਂ ਤੋਂ ਹੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਉਤਾਰੇ ਕਰਨ ਦੀ ਪਰੰਪਰਾ ਦੇਖਣ ਨੂੰ ਮਿਲਦੀ ਹੈ। ਸਿੱਖ ਘਰਾਂ ਵਿਚ ਵੀ ਇਸ ਗ੍ਰੰਥ ਦਾ ਪ੍ਰਕਾਸ਼ ਕਰਨ ਦੀ ਲੋਚਾ ਰੱਖਦੇ ਸਨ, ਜਿਸ ਕਰਕੇ ਕਈ ਅਜਿਹੇ ਵਿਦਿਆਲੇ ਕਾਇਮ ਹੋ ਗਏ ਜਿਹੜੇ ਕੇਵਲ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਉਤਾਰੇ ਕਰਨ ਦਾ ਕਾਰਜ ਕਰਨ ਲੱਗੇ ਸਨ। ਆਪਣੀ ਭਾਵਨਾ ਅਨੁਸਾਰ ਤਿਆਰ ਕੀਤੀ ਗਈ ਰੰਗ-ਬਰੰਗੀ ਸਿਆਹੀ, ਫੁੱਲ-ਬੂਟਿਆਂ ਦੇ ਹਾਸ਼ੀਏ, ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਾਲ ਸਜੀਆਂ ਪੁਰਾਤਨ ਬੀੜਾਂ ਦੇ ਦਰਸ਼ਨ ਹੁਣ ਵੀ ਹੋ ਜਾਂਦੇ ਹਨ। ਛਾਪਾਖਾਨਾ ਆਉਣ ਤੋਂ ਬਾਅਦ ਬੀੜਾਂ ਦੀ ਛਪਾਈ ਦੇ ਕਾਰਜ ਵਿਚ ਬਹੁਤੇ ਤੇਜ਼ੀ ਆਈ, ਜਿਸ ਕਰਕੇ ਬਹੁਤ ਸਾਰੇ ਘਰਾਂ 'ਚ ਇਨ੍ਹਾਂ ਦਾ ਪ੍ਰਕਾਸ਼ ਕੀਤਾ ਜਾਣ ਲੱਗਾ।
ਸੰਗਤ ਰੋਜ਼ਾਨਾ ਗੁਰਦੁਆਰਿਆਂ ਵਿਚ ਹਾਜ਼ਰੀ ਭਰਦੀ ਹੈ ਤਾਂ ਕਿ ਗੁਰੂ ਦੇ ਸੰਦੇਸ਼ ਨੂੰ ਗ੍ਰਹਿਣ ਕੀਤਾ ਜਾ ਸਕੇ। ਪ੍ਰਚਾਰਕ ਵੀ ਸੰਗਤ ਨੂੰ ਸਰਲ ਢੰਗ ਨਾਲ ਗੁਰਮਤਿ ਸੰਦੇਸ਼ਾਂ ਨਾਲ ਜੋੜਨ ਦਾ ਕਾਰਜ ਕਰਦੇ ਹਨ ਤੇ ਸੰਗਤ ਵੀ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੀ ਹੈ। ਜੇ ਕੋਈ ਪ੍ਰਚਾਰਕ ਆਪਣੇ ਸਵਾਰਥ ਦੀ ਪੂਰਤੀ ਲਈ ਕੋਈ ਵਿਖਿਆਨ ਆਰੰਭ ਕਰ ਦੇਵੇ ਤਾਂ ਉਸ ਦੀ ਆਲੋਚਨਾ ਆਰੰਭ ਹੋ ਜਾਂਦੀ ਹੈ ਤੇ ਸੰਗਤ ਹੌਲੀ-ਹੌਲੀ ਉਸ ਤੋਂ ਕਿਨਾਰਾ ਕਰ ਲੈਂਦੀ ਹੈ। ਸਿੱਖਾਂ ਦੇ ਮਨਾਂ 'ਚ ਗੁਰੂ ਦਾ ਦਰਜਾ ਪ੍ਰਕਾਸ਼ ਸਰੂਪ ਹੈ, ਜਿਹੜਾ ਕਿ ਹਮੇਸ਼ਾ ਮਾਰਗਦਰਸ਼ਨ ਕਰਦਾ ਹੈ ਤੇ ਕਦੇ ਵੀ ਮੈਲਾ ਨਹੀਂ ਹੋ ਸਕਦਾ। ਪੰਜਾਬ ਦੀ ਪਰੰਪਰਾ ਤੇ ਸਿੱਖਾਂ ਨਾਲ ਜੁੜੇ ਹੋਏ ਸਮੂਹ ਸ਼ਖ਼ਸ ਇਹ ਜਾਣਦੇ ਹਨ ਕਿ ਸਿੱਖ ਇਸ ਧਰਮ ਗ੍ਰੰਥ ਨਾਲ ਕਿਹੋ ਜਿਹੀ ਭਾਵਨਾਤਮਿਕ ਸਾਂਝ ਰੱਖਦੇ ਹਨ ਤੇ ਇਸ ਦਾ ਸਤਿਕਾਰ ਕਾਇਮ ਰੱਖਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਇੱਥੋਂ ਤੱਕ ਕਿ ਜਦੋਂ ਇਸ ਧਰਮ ਗ੍ਰੰਥ ਨੂੰ ਇਕ ਸਥਾਨ ਤੋਂ ਦੂਜੇ ਸਥਾਨ 'ਤੇ ਲਿਜਾਣਾ ਹੋਵੇ ਤਾਂ ਉਸ ਲਈ ਇਕ ਵਿਸ਼ੇਸ਼ ਮਰਿਆਦਾ ਜਾਂ ਵਿਧੀ-ਵਿਧਾਨ ਦਾ ਪਾਲਣ ਕੀਤਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦਾ ਪਾਲਣ ਕਰਨ ਨੂੰ ਸਤਿਕਾਰ ਦਾ ਪ੍ਰਗਟਾਵਾ ਸਮਝਿਆ ਜਾਂਦਾ ਹੈ। ਇੱਥੋਂ ਤੱਕ ਕਿ ਜਦੋਂ ਕੋਈ ਬੀੜ ਬਿਰਧ ਹੋ ਜਾਂਦੀ ਹੈ ਤਾਂ ਉਸ ਨੂੰ ਸਤਿਕਾਰ ਸਹਿਤ ਤੇ ਵਿਧੀਵਤ ਢੰਗ ਨਾਲ ਸਮੇਟ ਦਿੱਤਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਬਾਹਰੀ ਸਤਿਕਾਰ ਦੀਆਂ ਬਹੁਤ ਮਿਸਾਲਾਂ ਅਕਸਰ ਦੇਖਣ ਤੇ ਸੁਣਨ ਨੂੰ ਮਿਲ ਜਾਂਦੀਆਂ ਹਨ। ਪਰ ਕਈ ਵਾਰੀ ਸਿੱਖ ਹਿਰਦਿਆਂ ਨੂੰ ਉਸ ਸਮੇਂ ਠੇਸ ਪੁੱਜਦੀ ਹੈ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਦੂਜਿਆਂ ਨੂੰ ਮੰਦਾ ਜਾਂ ਝੂਠ ਬੋਲਦਾ ਹੈ ਜਾਂ ਆਪਣੀ ਸ਼ਕਤੀ ਜਾਂ ਹਉਮੈ ਦਾ ਪ੍ਰਗਟਾਵਾ ਕਰਦਾ ਹੋਇਆ ਦੂਜਿਆਂ ਨੂੰ ਨੀਵਾਂ ਦਿਖਾਉਣ ਦਾ ਯਤਨ ਕਰਦਾ ਹੈ। ਬਾਹਰੀ ਤੌਰ 'ਤੇ ਬੇਅਦਬੀ ਦੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ, ਜਿਨ੍ਹਾਂ ਕਰਕੇ ਸਿੱਖ ਹਿਰਦਿਆਂ ਨੂੰ ਠੇਸ ਪੁੱਜਦੀ ਹੈ। ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਹੁਣ ਕਾਨੂੰਨ ਵੀ ਬਣਾਇਆ ਗਿਆ ਹੈ ਪਰ ਇਹ ਦੇਖਣ ਤੇ ਸਮਝਣ ਦੀ ਲੋੜ ਹੈ ਕਿ ਕਿਤੇ ਕਾਨੂੰਨ ਰਾਹੀਂ ਸਿੱਖ ਸੰਗਤ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਤਾਂ ਨਹੀਂ ਹੋਵੇਗੀ।
ਪਿੰਡਾਂ ਤੇ ਸ਼ਹਿਰਾਂ ਵਿਚ ਗੁਰਦੁਆਰਿਆਂ ਦੀ ਗਿਣਤੀ ਨੂੰ ਘਟਾ ਕੇ ਹੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਵਧਾਇਆ ਜਾ ਸਕਦਾ ਹੈ। ਬਰਾਬਰੀ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣ ਵਾਲੇ ਗੁਰਦੁਆਰਿਆਂ ਨੂੰ ਜਾਤੀਵਾਦ 'ਚ ਵੰਡਣ ਦੀ ਬਜਾਏ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਮੰਨ ਲੈਣ ਨਾਲ ਗੁਰੂ ਸਾਹਿਬਾਨ ਦਾ ਵਧੇਰੇ ਸਤਿਕਾਰ ਸੰਭਵ ਹੋ ਸਕਦਾ ਹੈ ਤੇ ਬੇਅਦਬੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਜਿਹੜੇ ਪਿੰਡਾਂ 'ਚ ਦਿਨ ਵੇਲੇ ਸੰਗਤ ਨਜ਼ਰ ਨਹੀਂ ਆਉਂਦੀ, ਉੱਥੇ ਰੌਣਕ ਵਧਣ ਨਾਲ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ੍ਹ ਪੈ ਸਕਦੀ ਹੈ। ਅਖੀਰ ਸਿੱਖਾਂ ਨੂੰ ਖ਼ੁਦ ਹੀ ਸੁਚੇਤ ਤੇ ਪਹਿਰੇਦਾਰ ਬਣਨਾ ਪਵੇਗਾ ਤਾਂ ਹੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰਹਿ ਸਕਦਾ ਹੈ। ਇਸ ਧਰਮ ਗ੍ਰੰਥ ਦਾ ਅਸਲ ਸਤਿਕਾਰ ਉਸ ਸਮੇਂ ਦੇਖਣ ਨੂੰ ਮਿਲ ਸਕਦਾ ਹੈ, ਜਦੋਂ ਇਸ ਬਾਣੀ ਦੀ ਮੂਲ ਭਾਵਨਾ ਕਿਸੇ ਸਿੱਖ ਦੇ ਹਿਰਦੇ 'ਚ ਪ੍ਰਗਟ ਹੋਵੇ ਤੇ ਉਸ ਦੇ ਕਿਰਦਾਰ ਨੂੰ ਦੇਖ ਕੇ ਕਿਸੇ ਦੂਜੇ ਸ਼ਖ਼ਸ ਦੇ ਮਨ ਵਿਚ ਵੀ ਬਾਣੀ ਪੜ੍ਹਨ ਦਾ ਖਿਆਲ ਪੈਦਾ ਹੋ ਜਾਵੇ।
-ਸਿੱਖ ਵਿਸ਼ਵਕੋਸ਼ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।