16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

30 ਅਪ੍ਰੈਲ ਨੂੰ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ ਸੇਵਾ ਨੂੰ ਸਮਰਪਿਤ ਸਨ ਗੁਰੂ ਅਮਰਦਾਸ ਜੀ

Ad Position 21
repet_subhas-goyals [Copy P29]
ਅਜੀਤ ਡੈਸਕ 27-04-2026

ਤੀਜੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਵੈਸਾਖ ਸੁਦੀ 14 ਸੰਮਤ 1536 ਮੁਤਾਬਕ 5 ਮਈ 1479 ਨੂੰ ਬਾਬਾ ਤੇਜ ਭਾਨ ਜੀ ਤੇ ਮਾਤਾ ਸ੍ਰੀ ਲਛਮੀ ਜੀ ਦੇ ਘਰ ਪਿੰਡ ਬਾਸਰਕੇ (ਅੰਮ੍ਰਿਤਸਰ ਤੋਂ 7 ਕਿਲੋਮੀਟਰ ਦੀ ਵਿੱਥ 'ਤੇ ਲਹਿੰਦੇ ਪਾਸੇ) ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਭੱਲਾ ਕੁਲ ਦੇ ਖੱਤਰੀ ਸਨ। ਗੁਰੂ ਅਮਰਦਾਸ ਜੀ ਦਾ ਵਿਆਹ 11 ਮਾਘ ਸੰਮਤ 1559 ਮੁਤਾਬਕ 1503 ਈ. ਨੂੰ ਸ੍ਰੀ ਦੇਵੀ ਚੰਦ ਦੀ ਧੀ ਬੀਬੀ ਰਾਮ ਕੌਰ ਨਾਲ ਪਿੰਡ ਸਨਖੱਤਰਾ ਨੇੜੇ ਪਸਰੂਰ (ਅੱਜ ਪਾਕਿਸਤਾਨ 'ਚ) ਵਿਖੇ ਹੋਇਆ। ਉਨ੍ਹਾਂ ਦੇ ਘਰ ਦੋ ਲੜਕੇ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਅਤੇ ਦੋ ਲੜਕੀਆਂ ਬੀਬੀ ਭਾਨੀ ਜੀ ਤੇ ਬੀਬੀ ਦਾਨੀ ਜੀ ਨੇ ਜਨਮ ਲਿਆ। ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰੋ ਜੋ ਇਨ੍ਹਾਂ ਦੇ ਭਰਾ ਦੇ ਪੁੱਤਰ (ਭਤੀਜੇ) ਨੂੰ ਵਿਆਹੀ ਹੋਈ ਸੀ, ਇਕ ਸਵੇਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਉਚਾਰ ਰਹੇ ਸੀ। ਗੁਰੂ ਅਮਰਦਾਸ ਜੀ ਨੇ ਜਦ ਇਹ ਸ਼ਬਦ ਸੁਣੇ ਤਾਂ ਉਨ੍ਹਾਂ ਨੇ ਇਸ ਬਾਰੇ ਪੁੱਛਿਆ। ਬੀਬੀ ਅਮਰੋ ਨੇ ਕਿਹਾ ਕਿ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਹਨ ਤੇ ਹੁਣ ਉਨ੍ਹਾਂ ਦੀ ਜੋਤ ਪਿਤਾ ਗੁਰੂ ਅੰਗਦ ਦੇਵ ਜੀ ਵਿਚ ਹੈ। ਗੁਰੂ ਅਮਰਦਾਸ ਜੀ ਨੇ ਕਿਹਾ ਕਿ ਮੈਨੂੰ ਆਪਣੇ ਪਿਤਾ ਕੋਲ ਲੈ ਚੱਲੋ। 1541 ਵਿਚ ਬੀਬੀ ਅਮਰੋ (ਗੁਰੂ) ਅਮਰ ਦਾਸ ਜੀ ਨੂੰ ਆਪਣੇ ਪਿਤਾ ਕੋਲ ਲੈ ਆਏ। ਗੁਰੂ ਜੀ ਨੇ ਉਨ੍ਹਾਂ ਦਾ ਕੁੜਮ ਵਾਲਾ ਸਤਿਕਾਰ ਕਰਨਾ ਚਾਹਿਆ ਪਰ ਆਪ ਉਨ੍ਹਾਂ ਦੇ ਚਰਨਾਂ 'ਚ ਢਹਿ ਪਏ ਤੇ ਬੇਨਤੀ ਕੀਤੀ ਕਿ ਮੈਂ ਤੁਹਾਡਾ ਸਿੱਖ ਬਣਨ ਤੇ ਆਤਮਿਕ ਜੀਵਨ ਦੀ ਦਾਤ ਲੈਣ ਆਇਆ ਹਾਂ। ਉਸ ਵੇਲੇ (ਗੁਰੂ) ਅਮਰਦਾਸ ਜੀ ਦੀ ਉਮਰ 62 ਸਾਲ ਸੀ। ਉਹ ਹਰ ਸਮੇਂ ਗੁਰੂ ਘਰ ਦੀ ਸੇਵਾ 'ਚ ਰਹਿਣ ਲੱਗੇ। ਕਦੇ ਲੰਗਰ ਦੀ ਸੇਵਾ, ਭਾਂਡੇ ਮਾਜਣੇ, ਬਾਲਣ ਲਿਆਉਣਾ, ਪਾਣੀ ਢੋਣਾ, ਸੰਗਤ ਦੀ ਸੇਵਾ ਕਰਨੀ ਆਦਿ। ਸਮਾਂ ਮਿਲਣ 'ਤੇ ਉਹ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਲੈ ਕੇ ਪੜ੍ਹਦੇ। ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਉਹ ਰੋਜ਼ਾਨਾ ਬਿਆਸ ਦਰਿਆ ਤੋਂ ਪਾਣੀ ਲੈ ਕੇ ਆਉਂਦੇ।
ਗੁਰੂ ਅੰਗਦ ਦੇਵ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ (ਗੁਰੂ) ਅਮਰਦਾਸ ਜੀ ਦੀ ਗਿਆਰਾਂ ਸਾਲਾਂ ਦੀ ਸੇਵਾ ਤੋਂ ਬਾਅਦ ਚੇਤ ਸੁਦ, 4 ਸੰਮਤ 1609 ਮੁਤਾਬਿਕ 26 ਮਈ 1552 ਈ: ਨੂੰ ਗੁਰਿਆਈ ਸੌਂਪ ਦਿੱਤੀ। ਇਸ ਸਮੇਂ ਉਹ 73 ਸਾਲਾਂ ਦੇ ਸਨ। ਇਨ੍ਹਾਂ ਨੇ ਖਡੂਰ ਸਾਹਿਬ ਤੋਂ ਰਿਹਾਇਸ਼ ਗੋਇੰਦਵਾਲ ਸਾਹਿਬ ਕਰ ਲਈ ਸੀ। ਉਨ੍ਹਾਂ ਨੇ ਇਹ ਨਗਰ ਬਿਆਸ ਕੰਢੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਹੁਕਮ ਅਨੁਸਾਰ ਹੀ ਵਸਾਇਆ ਸੀ। ਗੁਰੂ ਅੰਗਦ ਦੇਵ ਜੀ ਦੇ ਪੁੱਤਰ ਬਾਬਾ ਦਾਤੂ ਗੁਰੂ ਅਮਰਦਾਸ ਜੀ ਨਾਲ ਈਰਖਾ ਰੱਖਦੇ ਸਨ ਕਿ ਉਹ ਦੂਜੇ ਗੁਰੂ ਦਾ ਪੁੱਤਰ ਹੈ, ਇਸ ਲਈ ਇਹ ਗੱਦੀ 'ਤੇ ਉਸ ਦਾ ਹੱਕ ਹੈ। ਗੁਰੂ ਦੇ ਪੁੱਤਰਾਂ ਦਾ ਮਨ ਦੁਖੀ ਨਾ ਹੋਵੇ, ਇਸ ਲਈ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਛੱਡ ਕੇ ਆਪਣੇ ਪੁਰਾਣੇ ਪਿੰਡ ਬਾਸਰਕੇ ਜਾ ਪੁੱਜੇ। ਪਿੰਡ ਦੇ ਬਾਹਰ ਖੇਤਾਂ 'ਚ ਇਕ ਕੱਚਾ ਕੋਠਾ ਸੀ, ਗੁਰੂ ਜੀ ਉਸ ਵਿਚ ਜਾ ਬੈਠੇ ਤੇ ਬੂਹੇ 'ਤੇ ਲਿਖ ਦਿੱਤਾ ਕਿ ਜੋ ਇਹ ਬੂਹਾ ਖੋਲ੍ਹੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ। ਗੁਰੂ ਜੀ ਇਕਾਂਤ ਸਿਮਰਨ ਵਿਚ ਲੀਨ ਹੋ ਗਏ। ਗੋਇੰਦਵਾਲ ਸਾਹਿਬ ਵਿਖੇ ਸੰਗਤਾਂ ਗੁਰੂ ਦਰਸ਼ਨ ਨਾ ਹੋਣ ਕਰਕੇ ਨਿਰਾਸ਼ ਮੁੜ ਜਾਂਦੀਆਂ। ਕੁਝ ਸਿੱਖ ਸੰਗਤਾਂ ਨੂੰ ਨਿਰਾਸ਼ ਦੇਖ ਗੁਰੂ ਜੀ ਨੂੰ ਭਾਲਣ ਲਈ ਬਾਬਾ ਬੁੱਢਾ ਜੀ ਦੇ ਨਾਲ ਚੱਲ ਪਏ। ਗੁਰੂ ਜੀ ਦਾ ਅਸਥਾਨ ਮਿਲ ਜਾਣ 'ਤੇ ਸਿੱਖਾਂ ਨੂੰ ਖੁਸ਼ੀ ਹੋਈ ਪਰ ਬੂਹੇ ਅੱਗੇ ਲਿਖਿਆ ਪੜ੍ਹ ਕੇ ਨਿਰਾਸ਼ਾ ਵੀ ਹੋਈ। ਬਾਬਾ ਬੁੱਢਾ ਜੀ ਉਸ ਕੋਠੇ ਦੇ ਪਿਛਲੇ ਪਾਸੇ ਪਾੜ (ਸੰਨ੍ਹ) ਲਾ ਕੇ ਅੰਦਰ ਲੰਘ ਗਏ ਤੇ ਗੁਰੂ ਜੀ ਦੇ ਚਰਨਾਂ 'ਚ ਢਹਿ ਪਏ। ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਵੇਖਿਆ ਤਾਂ ਬਾਬਾ ਬੁੱਢਾ ਜੀ ਨੇ ਗੋਇੰਦਵਾਲ ਸਾਹਿਬ ਪੁੱਜਦੀ ਸੰਗਤਾਂ ਦੀ ਨਿਰਾਸ਼ਾ ਬਾਰੇ ਦੱਸਿਆ। ਸੰਗਤਾਂ ਦੇ ਕਹਿਣ 'ਤੇ ਗੁਰੂ ਜੀ ਫਿਰ ਗੋਇੰਦਵਾਲ ਸਾਹਿਬ ਵਿਖੇ ਆ ਗਏ।
ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਰੂ ਅਮਰਦਾਸ ਜੀ ਦੇ 907 ਸ਼ਬਦ/ ਸਲੋਕ/ ਪਉੜੀਆਂ ਦਰਜ ਹਨ। ਉਨ੍ਹਾਂ ਨੇ ਰਾਗ ਰਾਮਕਲੀ ਵਿਚ ਅਨੰਦੁ ਸਾਹਿਬ ਅਤੇ ਰਾਗ ਆਸਾ ਵਿਚ ਪੱਟੀ ਬਾਣੀ ਰਚੀ। ਸ੍ਰੀ ਗੁਰੂ ਅਮਰਦਾਸ ਜੀ ਨੇ ਮਰਿਆਦਾ ਅਨੁਸਾਰ ਪੂਰੀ ਪਰਖ ਪਿੱਛੋਂ ਗੋਇੰਦਵਾਲ ਸਾਹਿਬ ਵਿਖੇ ਭਾਦਰੋਂ ਸੰਮਤ 1631 ਮੁਤਾਬਿਕ ਅਗਸਤ 1574 ਈ: ਨੂੰ ਸਾਰੀ ਸੰਗਤ ਤੇ ਪਰਿਵਾਰ ਦੇ ਸਾਹਮਣੇ ਰਾਮਦਾਸ ਜੀ ਨੂੰ ਗੁਰੂ ਥਾਪ ਦਿੱਤਾ। ਉਹ ਗੋਇੰਦਵਾਲ ਸਾਹਿਬ ਵਿਖੇ ਭਾਦਰੋਂ ਸੁਦੀ 15 ਸੰਮਤ 1631 ਮੁਤਾਬਕ 1 ਸਤੰਬਰ 1574 ਈ. ਨੂੰ ਜੋਤੀ ਜੋਤਿ ਸਮਾ ਗਏ।

-ਮੋਬਾਈਲ : 84274-54104

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਮਹੱਤਵ ਤੇ ਸਤਿਕਾਰ ਅਗਲੀ ਖ਼ਬਰ 27-04-26
Ad Position 24