13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸ੍ਰੀ ਹੇਮਕੁੰਟ ਸਾਹਿਬ ਦੀ ਮਹਾਨਤਾ ਤੇ ਅਲੌਕਿਕਤਾ

Ad Position 21
repet_subhas-goyals [Copy P29]
ਅਜੀਤ ਡੈਸਕ 25-05-2026

ਸਿੱਖ ਇਤਿਹਾਸਕਾਰਾਂ ਮੁਤਾਬਿਕ ਸ੍ਰੀ ਹੇਮਕੁੰਟ ਸਾਹਿਬ ਦੇ ਪਵਿੱਤਰ ਅਸਥਾਨ ਦੀ ਪਛਾਣ ਤੇ ਖੋਜ ਸਭ ਤੋਂ ਪਹਿਲਾਂ ਸੰਤ ਸੋਹਣ ਸਿੰਘ ਤੇ ਭਾਈ ਵੀਰ ਸਿੰਘ ਦੇ ਯਤਨਾਂ ਸਦਕਾ ਹੋਈ, ਜਿਸ ਤੋਂ ਬਾਅਦ ਇੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ। ਇਹ ਪਾਵਨ-ਪਵਿੱਤਰ ਅਸਥਾਨ ਇਕ ਸਰੋਵਰ (ਲੋਕਪਾਲ ਝੀਲ, ਜਿਸ ਨੂੰ ਹੁਣ 'ਹੇਮਕੁੰਟ ਸਰੋਵਰ' ਕਿਹਾ ਜਾਂਦਾ ਹੈ) ਦੇ ਕੰਢੇ ਸੱਤ ਪਰਬਤਾਂ ਨਾਲ ਘਿਰਿਆ ਹੋਇਆ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਪ੍ਰਬੰਧ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵਲੋਂ ਕੀਤਾ ਜਾਂਦਾ ਹੈ। ਇਹ ਯਾਤਰਾ ਆਮ ਤੌਰ 'ਤੇ ਮਈ-ਜੂਨ ਤੋਂ ਸ਼ੁਰੂ ਹੋ ਕੇ ਅਕਤੂਬਰ ਤੱਕ ਚੱਲਦੀ ਹੈ। ਇੱਥੇ ਹਰ ਸਾਲ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਸੀਸ ਨਿਵਾਣ ਤੇ ਗੁਰੂ ਜੀ ਦੀਆਂ ਖ਼ੁਸ਼ੀਆਂ ਹਾਸਿਲ ਕਰਨ ਪਹੁੰਚਦੇ ਹਨ। ਸੱਤਾਂ ਪਰਬਤਾਂ 'ਤੇ ਨਿਸ਼ਾਨ ਸਾਹਿਬ ਝੂਲਦੇ ਹਨ। ਇੱਥੋਂ ਤੱਕ ਰਿਸ਼ੀਕੇਸ਼-ਬਦਰੀਨਾਥ ਕੌਮੀ ਮਾਰਗ 'ਤੇ ਸਥਿਤ ਸ੍ਰੀ ਗੋਵਿੰਦਘਾਟ ਤੋਂ ਸਿਰਫ਼ ਪੈਦਲ ਚੜ੍ਹਾਈ ਚੜ੍ਹ ਕੇ ਹੀ ਪਹੁੰਚਿਆ ਜਾ ਸਕਦਾ ਹੈ। ਸੰਗਤਾਂ ਦੇ ਲੰਗਰ ਤੇ ਠਾਹਰ ਲਈ ਦਰਿਆ ਅਲਕਨੰਦਾ ਦੇ ਕੰਢੇ 'ਲੰਗਰ ਸ੍ਰੀ ਦਮਦਮਾ ਸਾਹਿਬ' ਦੀ ਉਸਾਰੀ ਕੀਤੀ ਗਈ ਹੈ। ਇਹ ਅਸਥਾਨ ਰਿਸ਼ੀਕੇਸ਼ ਤੋਂ ਗੁਰਦੁਆਰਾ ਸ੍ਰੀ ਗੋਵਿੰਦਘਾਟ ਦੇ ਲਗਭਗ ਮੱਧ 'ਚ ਮੌਜੂਦ ਹੈ। ਇਸ ਦਰਿਆ ਦਾ ਪੁਲ ਪਾਰ ਕਰਨ ਤੋਂ ਬਾਅਦ ਹੀ ਪਹਾੜ ਦੀ ਚੜ੍ਹਾਈ ਸ਼ੁਰੂ ਹੁੰਦੀ ਹੈ। ਇੱਥੋਂ 13-14 ਕਿਲੋਮੀਟਰ ਦਾ ਔਖਾ ਪੈਂਡਾ ਤੈਅ ਕਰਨ ਤੋਂ ਬਾਅਦ ਗੁਰਦੁਆਰਾ ਸ੍ਰੀ ਗੋਬਿੰਦਧਾਮ ਤੱਕ ਯਾਤਰੀ ਪਹੁੰਚਦੇ ਹਨ। ਇੱਥੇ ਉਹ ਰੈਣ-ਬਸੇਰਾ ਕਰ ਸਕਦੇ ਹਨ। ਅਗਾਂਹ ਦੀ ਯਾਤਰਾ ਲਗਭਗ 6 ਕਿਲੋਮੀਟਰ ਬਾਕੀ ਹੈ। ਰਾਹ ਵਿਚ ਬਰਫ਼ ਦੇ ਵੱਡੇ-ਵੱਡੇ ਗਲੇਸ਼ੀਅਰ ਵਿਖਾਈ ਦੇਣ ਲੱਗਦੇ ਹਨ। ਯਾਤਰੀਆਂ ਨੂੰ ਲਿਜਾਣ ਲਈ ਖੱਚਰਾਂ ਜਾਂ ਘੋੜਿਆਂ ਵਾਲੇ ਵੀ ਹੁੰਦੇ ਹਨ ਪਰ ਇਨ੍ਹਾਂ ਜਾਨਵਰਾਂ ਦਾ ਬਰਫ਼ੀਲੇ ਰਸਤੇ 'ਤੇ ਚੱਲਣਾ ਬਹੁਤ ਔਖਾ ਹੁੰਦਾ ਹੈ। ਇਸ ਰਸਤੇ ਦੀ ਜ਼ਿੰਮੇਦਾਰੀ ਸੰਭਾਲਣ ਵਾਲੇ ਫ਼ੌਜੀ ਬਰਫ਼ ਨੂੰ ਕੱਟ ਕੇ ਪੌੜੀਆਂ ਬਣਾਉਂਦੇ ਹਨ। ਸੰਗਤਾਂ 'ਸਤਿਨਾਮ ਵਾਹਿਗੁਰੂ' ਦਾ ਜਾਪ ਕਰਦੀਆਂ ਤੇ ਜੋਸ਼ ਨਾਲ ਜੈਕਾਰੇ ਛੱਡਦੀਆਂ ਤੁਰਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਸਭ ਸੰਗਤਾਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਪਵਿੱਤਰ ਅਸਥਾਨ ਅਤੇ ਸਰੋਵਰ ਤੱਕ ਪਹੁੰਚ ਜਾਂਦੀਆਂ ਹਨ।
ਸ੍ਰੀ ਹੇਮਕੁੰਟ ਸਾਹਿਬ ਦਾ ਅਜਿਹਾ ਅਲੌਕਿਕ ਤੇ ਮਨਮੋਹਕ ਨਜ਼ਾਰਾ ਹੈ, ਜਿਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਚਾਰੇ ਪਾਸੇ ਬਰਫ਼ ਹੀ ਬਰਫ਼ ਨਜ਼ਰ ਆਉਂਦੀ ਹੈ ਤੇ ਵਿਚਕਾਰ ਸੁਭਾਇਮਾਨ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਦਰਸ਼ਨ-ਦੀਦਾਰ ਹੁੰਦੇ ਹਨ। ਗੁਰਦੁਆਰਾ ਸਾਹਿਬ ਦੇ ਵਿਹੜੇ ਵਿਚ ਤੇ ਆਸਪਾਸ ਵਿਛੀ ਬਰਫ਼ ਦੀ ਚਿੱਟੀ ਚਾਦਰ ਬੜਾ ਅਦਭੁਤ ਤੇ ਸੁੰਦਰ ਨਜ਼ਾਰਾ ਪੇਸ਼ ਕਰਦੀ ਹੈ। ਇੰਨੀ ਪ੍ਰਸੰਨਤਾ ਮਿਲਦੀ ਹੈ ਕਿ ਠੰਢ ਦਾ ਅਹਿਸਾਸ ਮਹਿਸੂਸ ਹੀ ਨਹੀਂ ਹੁੰਦਾ। ਸ੍ਰੀ ਹੇਮਕੁੰਟ ਸਾਹਿਬ ਦੇ ਸਰੋਵਰ ਦਾ ਜ਼ਿਆਦਾ ਹਿੱਸਾ ਬਰਫ਼ ਕਾਰਨ ਜੰਮ ਜਾਂਦਾ ਹੈ ਤੇ ਥੋੜ੍ਹੇ ਹਿੱਸੇ 'ਚ ਜਲ ਹੁੰਦਾ ਹੈ। ਸਰੋਵਰ ਦੇ ਪਵਿੱਤਰ ਤੇ ਬੇਹੱਦ ਠੰਢੇ ਜਲ 'ਚ ਇਸ਼ਨਾਨ ਕਰਨ 'ਤੇ ਗੁਰੂ ਜੀ ਦੀ ਬਖ਼ਸ਼ੀ ਰੂਹਾਨੀ ਖ਼ੁਸ਼ੀ ਪ੍ਰਾਪਤ ਹੁੰਦੀ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾ ਕੇ ਗੁਰਬਾਣੀ ਦਾ ਪਾਠ, ਸ਼ਬਦ ਕੀਰਤਨ ਸੁਣ ਕੇ ਮਨ ਬੇਅੰਤ ਸ਼ਾਂਤੀ ਨਾਲ ਸਰਸ਼ਾਰ ਹੋ ਜਾਂਦਾ ਹੈ। ਭੋਗ ਪੈਣ ਤੋਂ ਬਾਅਦ ਸੰਗਤਾਂ ਵਾਪਸ ਪਰਤਣ ਦੀ ਤਿਆਰੀ ਕਰਨ ਲੱਗਦੀਆਂ ਹਨ। ਉੱਥੋਂ ਵਾਪਸੀ ਦੀ ਯਾਤਰਾ ਵੀ ਸੌਖੀ ਨਹੀਂ ਹੁੰਦੀ। ਗੁਰੂ ਸਾਹਿਬ ਦੀ ਕਿਰਪਾ ਤੇ ਅਸੀਸ ਸਦਕਾ ਸੰਗਤਾਂ ਇਹ ਯਾਤਰਾ ਸੰਪੂਰਨ ਕਰ ਲੈਂਦੀਆਂ ਹਨ। ਸ੍ਰੀ ਹੇਮਕੁੰਟ ਸਾਹਿਬ ਦੀ ਮਹਾਨਤਾ, ਮਹਿਮਾ, ਅਲੌਕਿਕਤਾ ਦਾ ਜਿੰਨਾ ਵੀ ਗੁਣਗਾਨ ਕਰ ਲਈਏ, ਓਨਾ ਹੀ ਥੋੜ੍ਹਾ ਹੈ। ਇਹ ਇਤਿਹਾਸਕ ਗੁਰਦੁਆਰਾ ਸਾਹਿਬ ਉਤਰਾਖੰਡ ਦੇ ਜ਼ਿਲ੍ਹਾ ਚਮੋਲੀ 'ਚ ਲਗਭਗ 15,200 ਫੁੱਟ ਦੀ ਉਚਾਈ 'ਤੇ ਸੁਸ਼ੋਭਿਤ ਹੈ।

-ਬੀ.ਐਕਸ/925, ਮੁਹੱਲਾ ਸੰਤੋਖਪੁਰਾ,
ਹੁਸ਼ਿਆਰਪੁਰ ਰੋਡ, ਜਲੰਧਰ-144008
ਮੋਬਾਈਲ : 98722-54990

Ad Position 22
No active advertisement
ਪਿਛਲੀ ਖ਼ਬਰ ਪੰਥ ਦੀ ਚੜ੍ਹਦੀ ਕਲਾ ਲਈ ਪ੍ਰਬੰਧਕੀ ਢਾਂਚੇ 'ਚ ਬਦਲਾਅ ਦੀ ਲੋੜ ਅਗਲੀ ਖ਼ਬਰ ਪਰਮਪ੍ਰੀਤ ਕੌਰ ਨੂੰ ਮਿਲ ਰਿਹਾ ਭਾਰੀ ਜਨ ਸਮਰਥਨ- ਬਲਜਿੰਦਰ ਕੌਰ
Ad Position 24