13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪੰਥ ਦੀ ਚੜ੍ਹਦੀ ਕਲਾ ਲਈ ਪ੍ਰਬੰਧਕੀ ਢਾਂਚੇ 'ਚ ਬਦਲਾਅ ਦੀ ਲੋੜ

Ad Position 21
repet_subhas-goyals [Copy P29]
ਅਜੀਤ ਡੈਸਕ 25-05-2026

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਸਾਡੇ ਇਤਿਹਾਸਕ ਗੁਰਦੁਆਰੇ ਭਾਰਤ ਤੋਂ ਇਲਾਵਾ ਹੋਰ ਮੁਲਕਾਂ 'ਚ ਵੀ ਹਨ। ਜਿਵੇਂ ਕਿ ਈਰਾਨ, ਇਰਾਕ, ਨਿਪਾਲ ਤੇ ਪਾਕਿਸਤਾਨ। ਪਹਿਲਾਂ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਵੀ ਉੱਥੇ ਕੋਈ ਆਪਣੀ ਕਮੇਟੀ ਨਹੀਂ ਸੀ ਤੇ ਐਸ.ਜੀ.ਪੀ.ਸੀ. ਅਜਿਹੀ ਕੋਈ ਕਮੇਟੀ ਬਣਨ ਦਾ ਵਿਰੋਧ ਕਰਦੀ ਸੀ। ਪਰ ਜਦ ਤੋਂ ਪਾਕਿਸਤਾਨ ਗੁਰਦੁਆਰਾ ਕਮੇਟੀ ਹੋਂਦ 'ਚ ਆਈ, ਉੱਥੋਂ ਦੇ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਕਾਫ਼ੀ ਸੁਧਾਰ ਦੇਖਣ ਨੂੰ ਮਿਲਿਆ ਹੈ। ਦੁਨੀਆ ਭਰ ਤੋਂ ਉਨ੍ਹਾਂ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਸ਼ਰਧਾਲੂ ਆਉਂਦੇ ਹਨ। ਇਸ ਨਾਲ ਜਿੱਥੇ ਸਾਡੇ ਧਰਮ ਦੇ ਪ੍ਰਚਾਰ ਨੂੰ ਹੁਲਾਰਾ ਮਿਲਦਾ ਹੈ, ਉੱਥੇ ਹੀ ਸਾਡੇ ਧਰਮ ਬਾਰੇ ਜਾਣਕਾਰੀ ਦੂਜੇ ਧਰਮਾਂ ਦੇ ਲੋਕਾਂ ਤੱਕ ਤੇ ਦੇਸ਼ਾਂ ਤੱਕ ਪਹੁੰਚਦੀ ਹੈ। ਅਜਿਹੇ ਹੀ ਪ੍ਰਬੰਧ ਹੋਰ ਦੇਸ਼ਾਂ ਵਿਚ ਸਥਿਤ ਗੁਰਦੁਆਰਿਆਂ 'ਚ ਵੀ ਕਰਨ ਦੀ ਲੋੜ ਹੈ, ਪਰ ਇਸ ਪੱਖੋਂ ਸਾਡੇ ਆਗੂਆਂ ਦਾ ਰੁਖ਼ ਅਵੇਸਲਾ ਹੈ। ਮਿਸਾਲ ਦੇ ਤੌਰ 'ਤੇ ਜੇ ਨਿਪਾਲ ਦੀ ਗੱਲ ਕਰੀਏ ਤਾਂ ਨਿਪਾਲ ਵਿਚ ਵੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਹਨ। ਉੱਥੋਂ ਦੇ ਇਕ ਪੰਥ-ਦਰਦੀ ਨੌਜਵਾਨ ਸਿੱਖ ਆਗੂ ਜਸਪਾਲ ਸਿੰਘ (ਨਿਵਾਸੀ ਸ੍ਰੀਪੁਰ, ਬੀਰਗੰਜ) ਨੇ ਆਪਣੇ ਇਕ ਪੱਤਰ ਰਾਹੀਂ ਐਸ.ਜੀ.ਪੀ.ਸੀ. ਨੂੰ ਜਾਣਕਾਰੀ ਭੇਜੀ ਸੀ ਕਿ ਜੇ ਉਨ੍ਹਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਨਿਪਾਲ 'ਚ ਪ੍ਰਾਚੀਨ ਗੁਰਦੁਆਰਾ ਸਾਹਿਬ, ਮੱਠ ਤੇ ਹੋਰ ਵਿਰਾਸਤੀ ਧਰੋਹਰ ਹੌਲੀ-ਹੌਲੀ ਲੁਪਤ ਹੋ ਜਾਵੇਗੀ। ਉਸ ਚਿੱਠੀ ਦੀ ਇਕ ਕਾਪੀ ਜੋ ਮੇਰੇ ਕੋਲ ਮੌਜੂਦ ਹੈ, ਮੈਂ ਉਸ 'ਚੋਂ ਉਸ ਨੌਜਵਾਨ ਸਿੱਖ ਆਗੂ ਦੇ ਸ਼ਬਦਾਂ ਨੂੰ ਇੱਥੇ ਹੂ-ਬਹੂ ਦੇ ਰਿਹਾ ਹਾਂ 'ਮੇਚੀ ਤੋਂ ਮਹਕਾਲੀ ਤੱਕ ਫੈਲੀ ਇਹ ਅਮੁੱਲ ਵਿਰਾਸਤ ਜਾਗਰੂਕਤਾ ਦੀ ਘਾਟ, ਸਰਕਾਰੀ ਲਾਪ੍ਰਵਾਹੀ ਤੇ ਅਤੀਕਰਮਣ ਕਾਰਨ ਸੰਕਟ ਵਿਚ ਹੈ। ਇਹ ਸਾਰੀਆਂ ਧਰੋਹਰਾਂ ਨਿਪਾਲ ਸਰਕਾਰ ਦੇ ਗੁਠੀ ਸੰਸਥਾਨ ਦੇ ਅਧੀਨ ਹਨ, ਜੋ ਇਤਿਹਾਸਕ ਅਤੇ ਧਾਰਮਿਕ ਸੰਪਤੀਆਂ ਦੀ ਦੇਖਭਾਲ ਲਈ ਜ਼ਿੰਮੇਵਾਰ ਹੈ, ਪਰੰਤੂ ਉਚਿਤ ਸੰਭਾਲ ਤੇ ਮਰਿਆਦਾ ਅਨੁਸਾਰ ਪ੍ਰਬੰਧ ਨਹੀਂ ਹੋ ਰਿਹਾ। ਖ਼ਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸਿੱਖ ਮਰਿਆਦਾ ਅਨੁਸਾਰ ਨਹੀਂ ਹੋ ਰਹੀ, ਜੋ ਬਹੁਤ ਗੰਭੀਰ ਮਸਲਾ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਪੁਰਾਤਨ ਹੱਥ ਲਿਖਤ ਤੇ ਅਤਿਅੰਤ ਕੀਮਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਿਨੋ-ਦਿਨ ਜੀਰਣ ਹੋ ਰਿਹਾ ਹੈ। ਇਸ ਅਮੁੱਲ ਧਰੋਹਰ ਦੀ ਤੁਰੰਤ ਸੰਭਾਲ, ਮੁਰੰਮਤ ਅਤੇ ਸੁਰੱਖਿਆ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਸਦਾ ਲਈ ਨਸ਼ਟ ਹੋ ਸਕਦੀ ਹੈ। ਇਸ ਸੰਬੰਧ ਵਿਚ ਬਹੁਤ ਨਿਮਰਤਾ ਨਾਲ ਬੇਨਤੀ ਹੈ ਕਿ ਨਿਪਾਲ ਸਰਕਾਰ ਦੇ ਸੰਬੰਧਿਤ ਵਿਭਾਗਾਂ ਨਾਲ ਸਹਿਯੋਗ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਨੂੰ ਐਸ.ਜੀ.ਪੀ.ਸੀ. ਦੀ ਦੇਖਰੇਖ ਹੇਠ ਲਿਆ ਕੇ ਸਿੱਖ ਮਰਿਆਦਾ ਅਨੁਸਾਰ ਸੰਭਾਲ ਕੀਤੀ ਜਾਵੇ। ਦਾਸ ਨੇ ਕਈ ਸਾਲਾਂ ਤੋਂ ਇਸ ਮਸਲੇ 'ਤੇ ਕੋਸ਼ਿਸ਼ਾਂ ਕੀਤੀਆਂ ਹਨ। ਸਰਕਾਰੀ ਅਧਿਕਾਰੀਆਂ, ਰਾਜਨੀਤਕ ਨੇਤਾਵਾਂ ਅਤੇ ਮੀਡੀਆ ਨਾਲ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ। ਅੰਤ ਵਿਚ ਨਿਮਰ ਬੇਨਤੀ ਹੈ ਕਿ ਇਸ ਗੰਭੀਰ ਮਸਲੇ ਨੂੰ ਤਰਜੀਹ ਦੇ ਕੇ ਤੁਰੰਤ ਕਾਰਵਾਈ ਕੀਤੀ ਜਾਵੇ।'
ਇਸ ਪੱਤਰ ਤੋਂ ਸਾਨੂੰ ਇਹ ਪਤਾ ਲਗਦਾ ਹੈ ਕਿ ਸਾਡੀ ਵਿਰਾਸਤ ਪੁਰਾਤਨ ਹੱਥ ਲਿਖਤ ਬੀੜਾਂ ਦੀ, ਸ਼ਸਤਰਾਂ ਦੀ, ਹੁਕਮਨਾਮਿਆਂ ਦੀ ਅਤੇ ਗੁਰੂਆਂ ਨਾਲ ਸੰਬੰਧਿਤ ਵਸਤਾਂ ਜੋ ਕਈ ਅਸਥਾਨਾਂ 'ਤੇ ਮੌਜੂਦ ਹੈ, ਜ਼ਰੂਰਤ ਹੈ ਉਸ ਦਾ ਪੂਰਾ ਰਿਕਾਰਡ ਰੱਖਣ ਦੀ। ਜਿੱਥੋਂ ਤੱਕ ਪੁਰਾਤਨ ਹੱਥ ਲਿਖਤ ਬੀੜਾਂ ਦਾ ਸੰਬੰਧ ਹੈ, ਉਨ੍ਹਾਂ 'ਚੋਂ ਬਹੁਤ ਸਾਰੀਆਂ ਬੀੜਾਂ ਦੇ ਅੰਗ ਖਰਾਬ ਹੋ ਰਹੇ ਹਨ ਤੇ ਜਿਲਦਾਂ ਫਟ ਰਹੀਆਂ ਹਨ। ਮੈਨੂੰ ਯਾਦ ਆ ਰਿਹਾ ਹੈ ਜਦ ਮੈਂ ਯੂ.ਪੀ. ਦੇ ਇਕ ਨਗਰ ਨਿਜ਼ਾਮਾਬਾਦ 'ਚ ਇਕ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਗਿਆ ਸੀ। ਇਹ ਗੁਰਦੁਆਰਾ ਸ੍ਰੀ ਚਰਨ ਪਾਦੁਕਾ ਸਾਹਿਬ ਜ਼ਿਲ੍ਹਾ ਮਿਰਜ਼ਾਪੁਰ ਦੇ ਕਸਬੇ ਨਿਜ਼ਾਮਾਬਾਦ ਦੇ ਇਕ ਖੇਤਰ 'ਚ ਸਥਿਤ ਹੈ। ਇੱਥੇ ਗੁਰੂ ਨਾਨਕ ਦੇਵ ਜੀ ਅਯੁੱਧਿਆ ਤੋਂ ਬਨਾਰਸ ਜਾਂਦੇ ਹੋਏ ਆਪਣੀ ਪਹਿਲੀ ਉਦਾਸੀ ਦੌਰਾਨ ਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ 1670 'ਚ ਪਟਨਾ ਤੋਂ ਪੰਜਾਬ ਜਾਂਦੇ ਹੋਏ ਰੁਕੇ ਸਨ। ਇਸ ਗੁਰਦੁਆਰਾ ਸਾਹਿਬ ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀਆਂ ਲੱਕੜ ਦੀ ਖੜਾਵਾਂ ਤੇ ਗੁਰੂ ਨਾਨਕ ਦੇਵ ਜੀ ਦਾ ਜੋੜਾ ਵੀ ਸੁਸ਼ੋਭਿਤ ਹੈ। ਇਕ ਖੂਹ ਜਿੱਥੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਇਸ਼ਨਾਨ ਕੀਤਾ ਸੀ ਤੇ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਇਕ ਸ਼ਰਧਾਲੂ ਦਾ ਦੁੱਖ ਦੂਰ ਕੀਤਾ ਸੀ, ਉਹ ਵੀ ਇੱਥੇ ਸਥਿਤ ਹੈ। ਇਸ ਅਸਥਾਨ 'ਤੇ ਵੀ ਸਿੱਖਾਂ ਦੇ ਘਰ ਬਹੁਤ ਘੱਟ ਹਨ ਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਣ ਲਈ ਵੀ ਇਕ ਪਰਿਵਾਰ ਹੀ ਇਸ ਨੂੰ ਚਲਾ ਰਿਹਾ ਹੈ। ਉਸ ਵੇਲੇ ਗੁਰਦੁਆਰਾ ਸਾਹਿਬ ਦੀ ਹਾਲਤ ਮੈਨੂੰ ਇੰਨੀ ਵਧੀਆ ਨਹੀਂ ਲੱਗੀ। ਜਿਸ ਗੱਲ ਦਾ ਦੁੱਖ ਮੈਨੂੰ ਸਭ ਤੋਂ ਵੱਧ ਹੋਇਆ, ਉਹ ਇਹ ਸੀ ਕਿ ਉਸ ਗੁਰਦੁਆਰਾ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਹੱਥ ਲਿਖਤ ਬੀੜਾਂ ਵੀ ਚੰਗੀ ਹਾਲਤ ਵਿਚ ਨਹੀਂ ਸਨ। ਇਨ੍ਹਾਂ ਬੀੜਾਂ ਦਾ ਇਕ ਵਡਮੁੱਲਾ ਖ਼ਜ਼ਾਨਾ ਉੱਥੇ ਸਾਂਭਿਆ ਹੋਇਆ ਸੀ, ਕੁਝ ਬੀੜਾਂ ਦਸਮ ਗ੍ਰੰਥ ਸਾਹਿਬ ਦੀਆਂ ਵੀ ਸਨ। ਮੈਂ ਭਾਈ ਸਾਹਿਬ ਨੂੰ ਪੁੱਛਿਆ ਕਿ ਇਨ੍ਹਾਂ ਨੂੰ ਜਿਲਦ ਕਿਉਂ ਨਹੀਂ ਬਨ੍ਹਾਈ ਜਾਂਦੀ? ਉਨ੍ਹਾਂ ਨੇ ਕਿਹਾ ਅਸੀਂ ਐਸ.ਜੀ.ਪੀ.ਸੀ. ਨੂੰ ਬੇਨਤੀ ਕੀਤੀ ਸੀ ਕਿ ਅੰਮ੍ਰਿਤਸਰ ਤੋਂ ਕੋਈ ਗੁਰਸਿੱਖ ਭੇਜ ਕੇ ਇਨ੍ਹਾਂ ਦੀਆਂ ਜਿਲਦਾਂ ਬਨ੍ਹਵਾਈਆਂ ਜਾਣ ਤਾਂ ਕਿ ਇਨ੍ਹਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ। ਪਰ ਉਨ੍ਹਾਂ ਨੇ ਕਿਹਾ ਤੁਸੀਂ ਬੀੜਾਂ ਨੂੰ ਅੰਮ੍ਰਿਤਸਰ ਲੈ ਕੇ ਆਓ। ਬੀੜਾਂ ਦਾ ਵੱਡਾ ਆਕਾਰ ਤੇ ਵਜ਼ਨ ਦੇਖ ਕੇ ਉਨ੍ਹਾਂ ਨੂੰ ਅੰਮ੍ਰਿਤਸਰ ਲੈ ਕੇ ਜਾਣਾ ਸੰਭਵ ਨਹੀਂ ਸੀ। ਖ਼ੈਰ ਮੈਂ ਉਸ ਵੇਲੇ ਉਸ ਖੇਤਰ ਵਿਚ ਇਕ ਉੱਚ ਅਹੁਦੇ 'ਤੇ ਸੀ, ਸੋ ਮੈਂ ਆਪਣੇ ਵਲੋਂ ਸੇਵਾ ਕਰਦੇ ਹੋਏ ਉੱਥੋਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਗੁਰਦੁਆਰਾ ਸਾਹਿਬ ਦੀਆਂ ਕੰਧਾਂ 'ਤੇ ਸਫ਼ੈਦੀ ਤੇ ਰੋਗਨ ਕਰਾਇਆ ਜਾਵੇ। ਮੈਂ ਅੰਮ੍ਰਿਤਸਰ ਆਪਣੀ ਸੰਸਥਾ ਨਾਲ ਸੰਪਰਕ ਕਰਕੇ ਮੈਸਰਜ਼ ਚਤਰ ਸਿੰਘ ਜੀਵਨ ਸਿੰਘ ਦੀ ਮਦਦ ਨਾਲ ਦੋ ਜਿਲਦ ਬੰਨ੍ਹਣ ਵਾਲੇ ਗੁਰਸਿੱਖਾਂ ਨੂੰ ਅੰਮ੍ਰਿਤਸਰ ਤੋਂ ਬੁਲਾਇਆ ਤੇ ਬੀੜਾਂ ਦੀਆਂ ਜਿਲਦਾਂ ਦੀ ਸੇਵਾ ਕਰਾਈ। ਬਾਅਦ 'ਚ ਅਮਰੀਕਾ ਤੋਂ ਆਏ ਇਕ ਸਿੱਖ ਵਿਦਵਾਨ ਨੇ ਉਨ੍ਹਾਂ ਬੀੜਾਂ ਦੀ ਡਿਜੀਟਲ ਕਾਪੀ ਵੀ ਬਣਾ ਲਈ। ਕਹਿਣ ਦਾ ਭਾਵ ਇਹ ਹੈ ਕਿ ਜੇ ਪੰਥਕ ਸੰਸਥਾਵਾਂ ਤੇ ਪੰਥ ਦਰਦੀ ਇਨ੍ਹਾਂ ਸਾਰੀਆਂ ਚੀਜ਼ਾਂ ਵੱਲ ਧਿਆਨ ਦੇਣ ਤਾਂ ਅਸੀਂ ਆਪਣਾ ਵਿਰਸਾ ਸੰਭਾਲ ਸਕਦੇ ਹਾਂ, ਨਹੀਂ ਤਾਂ ਇਹ ਗੁੰਮ ਹੋ ਜਾਵੇਗਾ। ਯੂ.ਪੀ.-ਬਿਹਾਰ ਦੀ ਸਰਹੱਦ 'ਤੇ ਹੋਰ ਵੀ ਕਈ ਅਜਿਹੇ ਗੁਰਦੁਆਰੇ ਹਨ, ਜਿੱਥੇ ਸਿੱਖ ਧਰਮ ਨਾਲ ਸੰਬੰਧਿਤ ਅਨਮੋਲ ਵਸਤੂਆਂ ਉਪਲਬਧ ਹਨ, ਪਰ ਜਿੱਥੇ ਘੱਟ ਆਬਾਦੀ ਹੋਣ ਕਰਕੇ ਪ੍ਰਬੰਧਕ ਘੱਟ ਹਨ ਤੇ ਉਚਿਤ ਪ੍ਰਬੰਧਾਂ 'ਚ ਘਾਟ ਰਹਿ ਜਾਂਦੀ ਹੈ। ਜ਼ਰੂਰਤ ਹੈ ਅਜਿਹੇ ਸਾਰੇ ਅਸਥਾਨਾਂ 'ਤੇ ਕੁਝ ਸਿੱਖ ਪਰਿਵਾਰਾਂ ਨੂੰ ਆਬਾਦ ਕਰਨ ਦੀ, ਗ੍ਰੰਥੀਆਂ ਨੂੰ ਇਨ੍ਹਾਂ ਸਾਰਿਆਂ ਗੁਰਦੁਆਰਿਆਂ 'ਚ ਮਰਿਆਦਾ ਦਾ ਪਾਲਣ ਕਰਨ ਲਈ ਭੇਜਣ ਲਈ ਤੇ ਮਾਲੀ ਸਹਾਇਤਾ ਦੇ ਕੇ ਐਸੇ ਧਾਰਮਿਕ ਅਸਥਾਨਾਂ ਦੀ ਦੇਖਭਾਲ ਕਰਨ ਲਈ।
ਉਪਰੋਕਤ ਚਰਚਾ ਮਗਰੋਂ ਮੇਰਾ ਇਹ ਵਿਚਾਰ ਹੈ ਕਿ ਪੰਥ ਨੂੰ ਲੋੜ ਹੈ ਉਨ੍ਹਾਂ ਆਗੂਆਂ ਦੀ, ਜੋ ਦੂਰ-ਅੰਦੇਸ਼ੀ ਹੋਣ, ਜੋ ਭਾਵਨਾ ਨਾਲ ਕੰਮ ਕਰ ਸਕਦੇ ਹੋਣ ਤੇ ਜਿਨ੍ਹਾਂ ਦੀ ਆਪਣੀ ਜ਼ਿੰਦਗੀ ਗੁਰਮਤਿ ਅਨੁਕੂਲ ਹੋਵੇ ਤਾਂ ਕਿ ਲੋਕਾਂ 'ਤੇ ਉਨ੍ਹਾਂ ਦਾ ਪ੍ਰਭਾਵ ਪੈ ਸਕੇ ਤੇ ਲੋਕ ਉਨ੍ਹਾਂ ਨੂੰ ਆਪਣਾ ਪ੍ਰੇਰਨਾ ਸਰੋਤ ਸਮਝਣ। ਅਮਰੀਕਾ 'ਚ ਅੱਜ ਬਹੁਤ ਸਾਰੇ ਲੋਕ ਸਿੱਖ ਬਣ ਗਏ ਹਨ, ਜੋ ਦੂਜੇ ਸਿੱਖਾਂ ਦੇ ਮੁਕਾਬਲੇ ਸਿੱਖ ਧਰਮ ਦੇ ਅਸੂਲਾਂ ਅਨੁਸਾਰ ਬਿਹਤਰ ਢੰਗ ਜੀਵਨ ਜੀਅ ਰਹੇ ਹਨ। ਅਮਰੀਕਾ ਹੀ ਨਹੀਂ, ਹੋਰ ਵੀ ਬਹੁਤ ਸਾਰੇ ਦੇਸ਼ਾਂ 'ਚ ਲੋਕ ਸਿੱਖ ਧਰਮ ਤੋਂ ਪ੍ਰਭਾਵਿਤ ਹੋਏ ਹਨ ਤੇ ਹੋ ਰਹੇ ਹਨ। ਲੋੜ ਹੈ ਐਸੇ ਆਗੂਆਂ ਦੀ, ਜੋ ਅੱਗੇ ਆ ਕੇ ਉਨ੍ਹਾਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਉਣ ਤੇ ਆਪਣੇ ਜੀਵਨ 'ਚੋਂ ਉਸ ਦੀ ਝਲਕ ਦਿਖਾਉਣ। ਜਿੱਥੇ ਸਿੱਖਾਂ ਦੀ ਗਿਣਤੀ ਘੱਟ ਹੈ, ਉੱਥੇ ਜੇ ਸਾਡੇ ਇਤਿਹਾਸਕ ਗੁਰਦੁਆਰੇ ਹਨ ਤਾਂ ਉੱਥੇ ਚੰਗੇ ਸਿੱਖਾਂ ਨੂੰ ਭੇਜਿਆ ਜਾ ਸਕਦਾ ਹੈ। ਨਿਪਾਲ ਦੀ ਗੱਲ ਮੈਂ ਉੱਪਰ ਕੀਤੀ ਹੈ। ਨਿਪਾਲ ਵਿਚ ਜਿਸ ਨੌਜਵਾਨ ਦਾ ਮੈਂ ਨਾਂਅ ਲਿਆ ਹੈ, ਉਹ ਨਿਪਾਲੀ ਭਾਸ਼ਾ ਵਿਚ ਸਿੱਖ ਗੁਰੂਆਂ ਬਾਰੇ ਕਿਤਾਬਚੇ ਛਾਪ ਕੇ ਉੱਥੋਂ ਦੇ ਲੋਕਾਂ ਨੂੰ ਦੱਸਦੇ ਹਨ। ਉਨ੍ਹਾਂ ਦੇ ਖ਼ਤ ਤੋਂ ਉਨ੍ਹਾਂ ਦੀ ਇਸ ਦਿਲੀ ਤਾਂਘ ਦਾ ਅਹਿਸਾਸ ਹੁੰਦਾ ਹੈ ਕਿ ਉਹ ਉੱਥੋਂ ਦੇ ਇਤਿਹਾਸਕ ਗੁਰਦੁਆਰਿਆਂ 'ਚ ਮਰਿਆਦਾ ਦਾ ਪਾਲਣ ਤੇ ਸੰਗਤ ਦੇ ਵਾਧੇ ਦੇ ਕਿੰਨੇ ਇੱਛੁਕ ਹਨ। ਅਜਿਹੇ ਲੋਕ ਜਿਹੜੇ-ਜਿਹੜੇ ਦੇਸ਼ਾਂ 'ਚ ਵੀ ਹਨ, ਕੀ ਸਾਡਾ ਫ਼ਰਜ਼ ਨਹੀਂ ਬਣਦਾ ਕਿ ਅਸੀਂ ਉਨ੍ਹਾਂ ਦੇ ਹੱਥ ਮਜ਼ਬੂਤ ਕਰੀਏ? ਕੀ ਐਸ.ਜੀ.ਪੀ.ਸੀ. ਤੇ ਹੋਰ ਪ੍ਰਬੰਧਕੀ ਕਮੇਟੀਆਂ ਇਸ ਪੱਖੋਂ ਲੋੜੀਂਦੀ ਕਾਰਵਾਈ ਨਹੀਂ ਕਰ ਸਕਦੀਆਂ?
ਅਸੀਂ ਕਿਉਂ ਨਹੀਂ ਇਕ ਮਜ਼ਬੂਤ ਕੇਂਦਰੀ ਪ੍ਰਬੰਧਕੀ ਢਾਂਚਾ ਬਣਾ ਸਕਦੇ, ਜਿਸ ਦੀ ਅੱਜ ਬਹੁਤ ਲੋੜ ਹੈ। ਅੱਜ ਸਾਰੇ ਪੰਥ ਦਰਦੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਇਸ ਗੱਲ ਨੂੰ ਸਮਝੀਏ ਕਿ ਗੁਰਦੁਆਰਿਆਂ ਦਾ ਠੀਕ ਢੰਗ ਨਾਲ ਪ੍ਰਬੰਧ ਚਲਾਉਣਾ, ਗੁਰੂਆਂ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਉਨ੍ਹਾਂ ਦੀ ਵਿੱਦਿਆ, ਸਿਹਤ ਤੇ ਰੁਜ਼ਗਾਰ ਦਾ ਖਿਆਲ ਰੱਖਣਾ ਕੋਈ ਰਾਜਨੀਤੀ ਨਹੀਂ, ਸਗੋਂ ਸੇਵਾ ਹੈ। ਉਸੇ ਤਰ੍ਹਾਂ ਦੀ ਸੇਵਾ ਜਿਸ ਬਾਰੇ ਗੁਰੂ ਸਾਹਿਬ ਦਾ ਫੁਰਮਾਨ ਹੈ:-
ਸੇਵਾ ਕਰਤ ਹੋਇ ਨਿਹਕਾਮੀ॥
ਤਿਸ ਕਉ ਹੋਤ ਪਰਾਪਤਿ ਸੁਆਮੀ॥
(ਗਉੜੀ, ਸੁਖਮਨੀ, ਮ:5, ਅੰਗ:286)
ਇਸ ਸੇਵਾ ਲਈ ਆਪਸ ਵਿਚ ਏਕਤਾ ਦੀ ਭਾਵਨਾ ਨੂੰ ਵਧਾਈਏ, ਮਿਲ ਕੇ ਬੈਠੀਏ, ਪੰਥ ਦੀ ਚੜ੍ਹਦੀ ਕਲਾ ਲਈ ਵਿਚਾਰ ਕਰੀਏ ਅਤੇ ਗੁਰੂ ਸਾਹਿਬ ਦੇ ਆਦੇਸ਼ ਦਾ ਪਾਲਣ ਕਰੀਏ, ਜਿਸ ਵਿਚ ਉਨ੍ਹਾਂ ਨੇ ਸਾਨੂੰ ਸਮਝਾਇਆ ਹੈ:-
ਹੋਇ ਇਕਤ੍ਰ ਮਿਲਹੁ ਮੇਰੇ ਭਾਈ
ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਹਰਿ ਨਾਮੈ ਕੇ ਹੋਵਹੁ ਜੋੜੀ
ਗੁਰਮੁਖਿ ਬੈਸਹੁ ਸਫਾ ਵਿਛਾਇ॥
(ਬਸੰਤੁ ਹਿੰਡੋਲ, ਮ:5, ਅੰਗ:1185)
(ਸਮਾਪਤ)

-ਮੋਬਾਈਲ : 73036-85643

Ad Position 22
No active advertisement
ਪਿਛਲੀ ਖ਼ਬਰ ਨਥਾਣਾ ਦੇ ਖੇਡ ਮੇਲੇ 'ਤੇ ਲੱਖੀਜੰਗਲ ਲੜਕੀਆਂ ਦੀ ਟੀਮ ਜੇਤੂ ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਦੀ ਮਹਾਨਤਾ ਤੇ ਅਲੌਕਿਕਤਾ
Ad Position 24