31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਗੁਰੂ ਨਾਨਕ ਗੁਰਦੁਆਰਾ, ਐਡਿਨਬਰਗ

Ad Position 21
No active advertisement
ਅਜੀਤ ਡੈਸਕ 15-06-2026

ਚਰਚ ਤੋਂ ਬਣੇ ਇਸ ਗੁਰਦੁਆਰੇ ਦਾ ਹੈ ਵਿਲੱਖਣ ਇਤਿਹਾਸ
ਸਿੱਖ ਧਰਮ ਦੁਨੀਆ ਦਾ ਉਹ ਮਹਾਨ ਧਰਮ ਹੈ, ਜਿਸ ਦੀ ਬੁਨਿਆਦ ਮਨੁੱਖਤਾ, ਸੇਵਾ, ਬਰਾਬਰੀ ਤੇ ਸਰਬੱਤ ਦੇ ਭਲੇ ਦੇ ਸਿਧਾਂਤਾਂ 'ਤੇ ਟਿਕੀ ਹੋਈ ਹੈ। ਗੁਰੂ ਸਾਹਿਬਾਨ ਵਲੋਂ ਦਿੱਤਾ ਗਿਆ ਇਹ ਸੰਦੇਸ਼ ਕਿਸੇ ਇਕ ਖੇਤਰ, ਦੇਸ਼ ਜਾਂ ਕੌਮ ਤੱਕ ਸੀਮਤ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਰਾਹ ਦਿਖਾਉਣ ਵਾਲਾ ਹੈ। ਇਹੀ ਕਾਰਨ ਹੈ ਕਿ ਅੱਜ ਦੁਨੀਆ ਦੇ ਲਗਭਗ ਹਰ ਕੋਨੇ 'ਚ ਸਿੱਖ ਧਰਮ ਦੀ ਪਹੁੰਚ ਬਣ ਚੁੱਕੀ ਹੈ ਤੇ ਵੱਖ-ਵੱਖ ਧਰਮਾਂ, ਨਸਲਾਂ ਅਤੇ ਭਾਸ਼ਾਵਾਂ ਨਾਲ ਸੰਬੰਧਿਤ ਲੋਕ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਗੁਰੂ ਦੇ ਲੜ ਲੱਗ ਰਹੇ ਹਨ। ਅਸੀਂ ਅਕਸਰ ਸੁਣਦੇ ਹਾਂ ਕਿ ਇੰਗਲੈਂਡ, ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਗੋਰੇ ਲੋਕ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕ ਰਹੇ ਹਨ, ਦਸਤਾਰ ਸਜਾ ਰਹੇ ਹਨ ਤੇ ਸਿੱਖ ਮਰਿਆਦਾ ਅਨੁਸਾਰ ਆਪਣਾ ਜੀਵਨ ਬਤੀਤ ਕਰ ਰਹੇ ਹਨ। ਪਰ ਜਦੋਂ ਕਿਸੇ ਦੇਸ਼ ਦੇ ਲੋਕ ਆਪਣੀ ਧਾਰਮਿਕ ਇਮਾਰਤ ਸਿੱਖ ਕੌਮ ਨੂੰ ਸਮਰਪਿਤ ਕਰ ਦੇਣ ਤੇ ਉਸ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾ ਦੇਣ ਤਾਂ ਇਹ ਗੱਲ ਸੱਚਮੁੱਚ ਹੈਰਾਨ ਕਰਨ ਵਾਲੀ ਤੇ ਸਿੱਖ ਕੌਮ ਲਈ ਮਾਣ ਵਾਲੀ ਬਣ ਜਾਂਦੀ ਹੈ। ਅਜਿਹੀ ਹੀ ਇਕ ਵਿਲੱਖਣ ਮਿਸਾਲ ਯੂ.ਕੇ. ਦੇ ਸਕਾਟਲੈਂਡ ਦੇਸ਼ ਦੀ ਰਾਜਧਾਨੀ ਦੇ ਇਤਿਹਾਸਕ ਸ਼ਹਿਰ ਐਡਿਨਬਰਗ ਵਿਖੇ ਵੇਖਣ ਨੂੰ ਮਿਲਦੀ ਹੈ, ਜਿੱਥੇ ਲਗਭਗ 160 ਸਾਲ ਤੋਂ ਵੀ ਵੱਧ ਪੁਰਾਣੀ ਇਕ ਚਰਚ ਨੂੰ ਗੁਰਦੁਆਰਾ ਸਾਹਿਬ ਵਿਚ ਤਬਦੀਲ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਤੇ ਇਹ ਅਸਥਾਨ ਸਿੱਖ ਸੰਗਤ ਨੂੰ ਸਮਰਪਿਤ ਕਰ ਦਿੱਤਾ ਗਿਆ। ਵਿਦੇਸ਼ ਦੌਰੇ ਦੌਰਾਨ ਜਦੋਂ ਮੈਨੂੰ ਸਕਾਟਲੈਂਡ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਐਡਿਨਬਰਗ ਸ਼ਹਿਰ ਵੀ ਪਹੁੰਚਿਆ। ਕੁਦਰਤੀ ਸੁੰਦਰਤਾ, ਇਤਿਹਾਸਕ ਇਮਾਰਤਾਂ ਅਤੇ ਸੱਭਿਆਚਾਰਕ ਵਿਰਾਸਤ ਲਈ ਪ੍ਰਸਿੱਧ ਇਸ ਸ਼ਹਿਰ ਵਿਚ ਸਥਿਤ ਗੁਰੂ ਨਾਨਕ ਸਿੰਘ ਸਭਾ ਗੁਰਦੁਆਰਾ ਬਾਰੇ ਜਾਣਕਾਰੀ ਮਿਲੀ ਤਾਂ ਮੈਂ ਇੱਥੇ ਗਿਆ। ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵੇਖ ਕੇ ਮੇਰੇ ਅੰਦਰ ਕਈ ਸਵਾਲ ਪੈਦਾ ਹੋਏ, ਕਿਉਂਕਿ ਇਸ ਦੀ ਬਣਤਰ ਆਮ ਗੁਰਦੁਆਰਿਆਂ ਨਾਲੋਂ ਵੱਖਰੀ ਹੈ। ਇਸ ਸੰਬੰਧੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਵਿਜੇ ਸਿੰਘ, ਜਿਨ੍ਹਾਂ ਦਾ ਜਨਮ ਤੇ ਪਾਲਣ ਪੋਸ਼ਣ ਇੱਥੇ ਹੀ ਹੋਇਆ ਹੈ, ਨੇ ਮੁਲਾਕਾਤ ਦੌਰਾਨ ਕਈ ਦਿਲਚਸਪ ਜਾਣਕਾਰੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਭਾਰਤ ਦੀ ਵੰਡ ਮਗਰੋਂ ਉਨ੍ਹਾਂ ਦੇ ਪੁਰਖੇ ਭਾਰਤ ਆ ਕੇ ਲੁਧਿਆਣਾ ਵਿਖੇ ਵਸ ਗਏ। ਸਮੇਂ ਦੇ ਨਾਲ ਰੁਜ਼ਗਾਰ ਤੇ ਬਿਹਤਰ ਭਵਿੱਖ ਦੀ ਭਾਲ 'ਚ ਪਰਿਵਾਰਕ ਮੈਂਬਰ ਯੂ.ਕੇ. ਪਹੁੰਚੇ, ਜਿੱਥੇ ਉਨ੍ਹਾਂ ਨੇ ਸਖ਼ਤ ਮਿਹਨਤ ਨਾਲ ਕਾਰੋਬਾਰ ਸਥਾਪਤ ਕੀਤਾ ਤੇ ਆਪਣੀ ਪਛਾਣ ਬਣਾਈ। ਜਦੋਂ ਐਡਿਨਬਰਗ 'ਚ ਸਿੱਖਾਂ ਦੀ ਗਿਣਤੀ ਵਧਣੀ ਸ਼ੁਰੂ ਹੋਈ ਤਾਂ ਇੱਥੇ ਕੋਈ ਗੁਰਦੁਆਰਾ ਨਾ ਹੋਣ ਕਰਕੇ ਉਹ ਵੱਖ-ਵੱਖ ਹਾਲਾਂ ਤੇ ਕਮਿਊਨਿਟੀ ਕੇਂਦਰਾਂ 'ਚ ਇਕੱਠੇ ਹੋ ਕੇ ਧਾਰਮਿਕ ਸਮਾਗਮ ਕਰਾਉਂਦੇ ਸਨ। ਸਿੱਖ ਭਾਈਚਾਰੇ ਵਲੋਂ ਕੀਤੀ ਜਾਂਦੀ ਸੇਵਾ, ਲੰਗਰ ਪ੍ਰਥਾ, ਆਪਸੀ ਭਾਈਚਾਰਾ ਅਤੇ ਸਭ ਨੂੰ ਬਰਾਬਰ ਸਮਝਣ ਦੀ ਸੋਚ ਨੇ ਸਥਾਨਕ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਸਥਾਨਕ ਭਾਈਚਾਰੇ ਤੇ ਧਾਰਮਿਕ ਸੰਸਥਾਵਾਂ ਨੇ ਸਿੱਖਾਂ ਦੇ ਸਮਾਜਿਕ ਤੇ ਮਨੁੱਖੀ ਕਾਰਜਾਂ ਨੂੰ ਨੇੜਿਓਂ ਦੇਖਿਆ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸਿੱਖ ਭਾਈਚਾਰੇ ਨੂੰ ਇਕ ਸਥਾਈ ਧਾਰਮਿਕ ਕੇਂਦਰ ਦੀ ਲੋੜ ਹੈ। ਇਸੇ ਸੋਚ ਤਹਿਤ ਸਥਾਨਕ ਸਰਕਾਰ ਤੇ ਲੋਕਾਂ ਵਲੋਂ ਲਗਭਗ 1860 ਦੇ ਆਸ-ਪਾਸ ਬਣੀ ਇਕ ਇਤਿਹਾਸਕ ਚਰਚ ਨੂੰ ਗੁਰਦੁਆਰਾ ਸਾਹਿਬ ਵਿਚ ਤਬਦੀਲ ਕਰਨ ਦੀ ਪੇਸ਼ਕਸ਼ ਕੀਤੀ ਗਈ। ਇਹ ਪੇਸ਼ਕਸ਼ ਸਿੱਖ ਭਾਈਚਾਰੇ ਲਈ ਬੇਹੱਦ ਭਾਵੁਕ ਤੇ ਮਾਣ ਵਾਲੀ ਸੀ। ਚਰਚ ਦੀ ਇਮਾਰਤ ਇਤਿਹਾਸਕ ਮਹੱਤਤਾ ਰੱਖਦੀ ਸੀ, ਇਸ ਲਈ ਸਰਕਾਰ ਵਲੋਂ ਉਸ ਦੀ ਮੂਲ ਬਣਤਰ ਨੂੰ ਤੋੜਨ ਜਾਂ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪਰ ਸਥਾਨਕ ਪ੍ਰਸ਼ਾਸਨ ਨੇ ਸਿੱਖ ਭਾਈਚਾਰੇ ਨੂੰ ਇਮਾਰਤ ਦੇ ਸਾਹਮਣੇ ਨਿਸ਼ਾਨ ਸਾਹਿਬ ਸਥਾਪਤ ਕਰਨ ਅਤੇ ਇਮਾਰਤ 'ਤੇ ਖੰਡੇ ਦਾ ਨਿਸ਼ਾਨ ਲਾਉਣ ਦੀ ਮਨਜ਼ੂਰੀ ਦੇ ਦਿੱਤੀ। ਇਸ ਤਰ੍ਹਾਂ ਇਮਾਰਤ ਦੀ ਇਤਿਹਾਸਕ ਵਿਰਾਸਤ ਨੂੰ ਕਾਇਮ ਰੱਖਦਿਆਂ ਇਸ ਨੂੰ ਗੁਰਦੁਆਰਾ ਸਾਹਿਬ ਦਾ ਰੂਪ ਦਿੱਤਾ ਗਿਆ। ਅੱਜ ਇਹ ਗੁਰਦੁਆਰਾ ਸਕਾਟਲੈਂਡ ਵਿਚ ਵਸਦੇ ਸਿੱਖਾਂ ਲਈ ਇਕ ਮਹੱਤਵਪੂਰਨ ਧਾਰਮਿਕ ਕੇਂਦਰ ਬਣ ਚੁੱਕਾ ਹੈ।
ਕੋਰੋਨਾ ਮਹਾਂਮਾਰੀ ਦੌਰਾਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸੇਵਾਦਾਰਾਂ ਨੇ ਵੱਡੇ ਪੱਧਰ 'ਤੇ ਲੰਗਰ ਤਿਆਰ ਕਰਕੇ ਹਰ ਭਾਈਚਾਰੇ ਦੇ ਲੋੜਵੰਦ ਲੋਕਾਂ ਤੱਕ ਪਹੁੰਚਾਇਆ। ਇਸ ਮਨੁੱਖੀ ਸੇਵਾ ਨੂੰ ਦੇਖਦਿਆਂ ਸਥਾਨਕ ਪ੍ਰਸ਼ਾਸਨ ਤੇ ਸਰਕਾਰੀ ਅਧਿਕਾਰੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਇੱਥੋਂ ਤੱਕ ਕਿ ਗਵਰਨਰ ਵਲੋਂ ਵੀ ਕਮੇਟੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਕ ਪੁਰਾਣੇ ਚਰਚ ਦਾ ਗੁਰਦੁਆਰਾ ਸਾਹਿਬ ਵਿਚ ਬਦਲਣਾ ਇਸ ਗੱਲ ਦਾ ਸਬੂਤ ਹੈ ਕਿ ਸਿੱਖ ਧਰਮ ਦੀਆਂ ਸਿੱਖਿਆਵਾਂ ਨੇ ਦੁਨੀਆ ਭਰ ਦੇ ਲੋਕਾਂ 'ਚ ਵਿਸ਼ੇਸ਼ ਸਥਾਨ ਬਣਾਈ ਹੈ। ਸੱਚਮੁੱਚ ਸਕਾਟਲੈਂਡ ਦੀ ਧਰਤੀ 'ਤੇ ਸਥਿਤ ਇਹ ਗੁਰੂਘਰ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਦਾ ਜੀਵੰਤ ਪ੍ਰਤੀਕ ਹੈ, ਜਿਸ 'ਤੇ ਹਰ ਸਿੱਖ ਨੂੰ ਮਾਣ ਮਹਿਸੂਸ ਹੁੰਦਾ ਹੈ।

-ਮੋਬਾਈਲ : 75084-41961

Ad Position 22
No active advertisement
ਪਿਛਲੀ ਖ਼ਬਰ ਸੰਸਾਰ ਲਈ ਚਾਨਣ ਮੁਨਾਰਾ ਹਨ ਗੁਰੂ ਗ੍ਰੰਥ ਸਾਹਿਬ ਅਗਲੀ ਖ਼ਬਰ 15-06-26
Ad Position 24