ਅੱਜ ਵਿਗਿਆਨ ਦਾ ਯੁੱਗ ਹੈ। ਚੰਨ ਤੱਕ ਮਨੁੱਖ ਦੀ ਹਾਜ਼ਰੀ ਲੱਗ ਚੁੱਕੀ ਹੈ। ਮਿੰਟਾਂ-ਸਕਿੰਟਾਂ ਵਿਚ ਦੁਨੀਆ ਬਦਲ ਰਹੀ ਹੈ। ਸੰਚਾਰ ਦੇ ਬਹੁਤ ਜ਼ਿਆਦਾ ਸਾਧਨ ਹੋ ਚੁੱਕੇ ਹਨ। ਲਗਾਤਾਰ ਨਵੀਆਂ-ਨਵੀਆਂ ਖੋਜਾਂ ਹੋ ਰਹੀਆਂ ਹਨ। ਜੇ ਅਸੀਂ 30 ਕੁ ਸਾਲ ਪਹਿਲਾਂ ਪਿੱਛੇ ਝਾਤੀ ਮਾਰ ਕੇ ਦੇਖੀਏ ਤਾਂ ਕਿੰਨਾ ਫ਼ਰਕ ਲੱਗਦਾ ਹੋਣਾ। ਜਿਨ੍ਹਾਂ ਦੀ ਉਮਰ ਹੁਣ 60 ਸਾਲ ਦੇ ਨੇੜੇ ਜਾਂ 60 ਸਾਲ ਤੋਂ ਉੱਪਰ ਹੈ, ਉਨ੍ਹਾਂ ਨੂੰ ਅੱਜ ਦੀ ਜ਼ਿੰਦਗੀ ਤੇ ਜੋ ਉਨ੍ਹਾਂ ਦੇ ਬਚਪਨ ਦਾ ਗੁਜ਼ਾਰਿਆ ਹੋਇਆ, ਉਹ ਪਲ ਵਿਚ ਕਿੰਨਾ ਫ਼ਰਕ ਲੱਗਦਾ ਹੋਣਾ। ਹਰ ਇਨਸਾਨ ਨੂੰ ਜ਼ਿੰਦਗੀ ਵਿਚ ਸਫ਼ਲ ਹੋਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹੁਣ ਟੀਚੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਮਿਹਨਤ ਕਰਦੇ ਹੋ। ਕੋਈ ਵੀ ਟੀਚੇ 'ਤੇ ਪਹੁੰਚਣ ਲਈ ਲਗਾਤਾਰ ਮਿਹਨਤ ਜਾਰੀ ਰੱਖਣੀ ਪੈਂਦੀ ਹੈ। ਜੇ ਮਨ ਚਾਹੇ ਟੀਚਾ ਹਰ ਵਾਰ ਹਾਸਿਲ ਨਹੀਂ ਹੁੰਦਾ, ਵਾਰ-ਵਾਰ ਉਸ ਵਿਚ ਅਸਫ਼ਲ ਹੋ ਰਹੇ ਹੋ ਤਾਂ ਗ਼ਲਤੀਆਂ ਨੂੰ ਲੱਭਣਾ ਚਾਹੀਦਾ ਹੈ।
ਵਿਚਾਰਨ ਵਾਲੀ ਗੱਲ ਹੈ ਕਿ ਕਿੰਨੀਆਂ ਹੀ ਦਰਪੇਸ਼ ਚੁਣੌਤੀਆਂ ਦਾ ਇਨ੍ਹਾਂ ਵਿਗਿਆਨਾਂ ਨੇ ਸਾਹਮਣਾ ਕੀਤਾ ਹੋਣਾ, ਪਰ ਹਿੰਮਤ ਨਹੀਂ ਹਾਰੀ। ਠੀਕ ਇਸੇ ਤਰ੍ਹਾਂ ਹਰ ਇਨਸਾਨ ਦੀ ਜ਼ਿੰਦਗੀ ਦਾ ਸਫ਼ਰ ਚੁਣੌਤੀਆਂ ਭਰਪੂਰ ਰਿਹਾ ਹੁੰਦਾ ਹੈ। ਸਫ਼ਲਤਾ ਇਕ ਦਿਨ ਵਿਚ ਨਹੀਂ ਮਿਲ ਜਾਂਦੀ। ਉਸ ਲਈ ਦਿਨ-ਰਾਤ ਇਕ ਕਰਨਾ ਪੈਂਦਾ ਹੈ। ਮਿਹਨਤ ਕਰਨੀ ਪੈਂਦੀ ਹੈ। ਹਾਲ ਹੀ ਵਿਚ ਇਹ ਖ਼ਬਰ ਪੜ੍ਹਨ ਨੂੰ ਮਿਲੀ ਕਿ ਹਰਿਆਣਾ ਦੀ ਮੁਸਲਿਮ ਪਰਿਵਾਰ ਦੀ ਧੀ ਝਾਰਖੰਡ ਵਿਚ ਜੱਜ ਬਣੀ ਹੈ। ਧੀ ਦੇ ਸਿਰ 'ਤੇ ਪਿਤਾ ਦਾ ਸਾਇਆ ਨਹੀਂ। ਝੁੱਗੀ-ਝੌਂਪੜੀਆਂ ਵਿਚ ਰਹਿ ਕੇ ਸਮਾਂ ਗੁਜਾਰਿਆ। ਪ੍ਰਸ਼ਾਸਨ ਵਲੋਂ ਵਾਰ-ਵਾਰ ਉਸ ਦਾ ਘਰ ਢਾਹਿਆ ਗਿਆ। ਸੰਘ ਲੋਕ ਸੇਵਾ ਪ੍ਰੀਖਿਆ ਵਿਚ ਬਹੁਤ ਵਾਰ ਅਸਫ਼ਲ ਰਹੀ, ਪਰ ਫਿਰ ਵੀ ਹੌਸਲਾ ਨਹੀਂ ਛੱਡਿਆ। ਸੜਕ ਦੇ ਕੰਢੇ ਝੁੱਗੀ ਵਿਚ ਜ਼ਿੰਦਗੀ ਬਸਰ ਕਰਨ ਲੱਗੀ। ਦਿੱਲੀ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਹਾਸਿਲ ਕੀਤੀ। ਜੂਡੀਸ਼ਰੀ ਪ੍ਰੀਖਿਆ ਕਈ ਸੂਬਿਆਂ ਦੀ ਦਿੱਤੀ, ਪਰ ਅਸਫ਼ਲ ਰਹੀ। ਇਕ ਦਿਨ ਅਚਾਨਕ ਸੜਕ ਦੇ ਕੰਢੇ ਬਣਾਈ ਝੁੱਗੀ ਵਿਚ ਅੱਗ ਲੱਗੀ। ਮਹੀਨੇ ਬਾਅਦ ਝਾਰਖੰਡ ਨਿਆਇਕ ਪ੍ਰੀਖਿਆ ਸੀ। ਸੜਕ ਦੇ ਕੰਢੇ ਰਾਤ ਨੂੰ ਲਾਈਟਾਂ ਦੇ ਥੱਲੇ ਫੁੱਟਪਾਥ 'ਤੇ ਬੈਠ ਕੇ ਪ੍ਰੀਖਿਆ ਦੀ ਤਿਆਰੀ ਕੀਤੀ। ਲਿਖਣ ਵਾਲੇ ਨੇ ਤਾਂ ਲਿਖਿਆ ਸੀ ਕਿ 16 ਵਾਰ ਘਰ ਉਜੜਿਆ, ਪਰ ਹਿੰਮਤ ਨਾ ਛੱਡੀ। ਆਖ਼ਿਰ ਇਹ ਕੁੜੀ ਮੁਸੀਬਤਾਂ ਦਾ ਸਾਹਮਣਾ ਕਰਦੇ-ਕਰਦੇ ਜੱਜ ਬਣ ਗਈ। ਸਿਰ 'ਤੇ ਪਿਤਾ ਦਾ ਹੱਥ ਨਾ ਹੋਣਾ ਕਰਕੇ ਮਾਂ ਨੇ ਬਹੁਤ ਮਿਹਨਤ ਕਰ ਕੇ ਪੰਜੇ ਭੈਣ-ਭਰਾਵਾਂ ਨੂੰ ਲਾਇਕ ਬਣਾਇਆ।
ਕਦੇ ਵੀ ਹੌਸਲਾ ਨਾ ਛੱਡੋ, ਸਾਕਾਰਾਤਮਿਕ ਸੋਚ ਨਾਲ ਅੱਗੇ ਵਧਦੇ ਰਹੋ। ਚੰਗੇ ਦੋਸਤਾਂ ਨਾਲ ਦੋਸਤੀ ਕਰੋ। ਜੋ ਤੁਹਾਨੂੰ ਨਕਾਰਾਤਮਿਕ ਵਿਚਾਰਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ। ਚੰਗੇ ਲੋਕਾਂ ਦੀ ਜੀਵਨੀ ਪੜ੍ਹੋ। ਸਾਡੇ ਸਾਹਮਣੇ ਹੋਰ ਵੀ ਕਈ ਅਜਿਹੀਆਂ ਮਿਸਾਲਾਂ ਹਨ, ਜੋ ਸਾਨੂੰ ਟੀਚੇ ਵੱਲ ਵਧਣ ਲਈ ਹਮੇਸ਼ਾ ਹੀ ਪ੍ਰੇਰਿਤ ਕਰਦੀਆਂ ਹਨ। ਇਬਰਾਹੀਮ ਲਿੰਕਨ ਦਾ ਜਨਮ ਕਿੰਨੀ ਗ਼ਰੀਬੀ ਵਿਚ ਹੋਇਆ ਸੀ। ਦੇਖੋ ਅਮਰੀਕਾ ਦਾ ਤਾਜ ਉਸ ਦੇ ਸਿਰ 'ਤੇ ਸਜਿਆ, ਸਭ ਨੂੰ ਹੀ ਪਤਾ ਹੈ। ਮਿਹਨਤ ਕੀਤੀ, ਹੌਸਲੇ ਨੂੰ ਢਹਿ-ਢੇਰੀ ਨਹੀਂ ਹੋਣ ਦਿੱਤਾ। ਹੋਰ ਵੀ ਕਈ ਅਜਿਹੀਆਂ ਉਦਾਹਰਨਾਂ ਹਨ।
ਹਮੇਸ਼ਾ ਕੁਝ ਨਾ ਕੁਝ ਨਵਾਂ ਸਿਰਜਣ ਦੀ ਪ੍ਰਕਿਰਿਆ ਜਾਰੀ ਰੱਖੋ ਤਾਂ ਜੋ ਅਸੀਂ ਹੋਰਾਂ ਲਈ ਚੰਗੀ ਮਿਸਾਲ ਬਣ ਸਕੀਏ। ਕਦੇ ਵੀ ਇਹ ਨਾ ਸੋਚੋ ਕਿ ਮੈਂ ਇਸ ਮੰਜ਼ਿਲ ਵਿਚ ਸਫ਼ਲ ਨਹੀਂ ਹੋ ਪਾਵਾਂਗਾ। ਆਪਣੇ ਅੰਦਰ ਝਾਤੀ ਮਾਰੋ। ਵਿਚਾਰੋ ਕਿ ਜੇ ਉਹ ਇਨਸਾਨ ਸਫ਼ਲ ਹੋ ਸਕਦਾ ਹੈ, ਮੈਂ ਕਿਉਂ ਨਹੀਂ? ਹਮੇਸ਼ਾ ਚੰਗੇ ਵਿਚਾਰਾਂ ਦੇ ਧਾਰਨੀ ਬਣੋ। ਆਪਣੇ ਅੰਦਰ ਕੁਝ ਨਵਾਂ ਕਰਨ ਦਾ ਜਨੂੰਨ ਪੈਦਾ ਕਰੋ। ਚੰਗੀ ਸੋਚ, ਚੰਗੇ ਵਿਚਾਰਾਂ 'ਤੇ ਨਿਰੰਤਰ ਮਿਹਨਤ ਨਾਲ ਹਰ ਮੁਸ਼ਕਿਲ ਦਾ ਸਾਹਮਣਾ ਕਰ ਸਕਦੇ ਹਾਂ।
-ਮੁਹਾਲੀ। ਮੋਬਾਈਲ : 78889-66168