08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਕੀ ਨੌਜਵਾਨ ਪੀੜ੍ਹੀ ਸਮਾਜਿਕ ਅਨਪੜ੍ਹਤਾ ਦੀ ਸ਼ਿਕਾਰ ਹੈ?

Ad Position 21
No active advertisement
ਅਜੀਤ ਡੈਸਕ 16-04-2026

ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ। ਇਸ ਵਿਗਿਆਨ ਨੇ ਸਾਡੀ ਜੀਵਨ ਜਾਚ ਨੂੰ ਸਰਲ ਅਤੇ ਅਰਾਮਦਾਇਕ ਬਣਾ ਦਿੱਤਾ ਹੈ। ਸਾਡੀ ਨਵੀਂ ਪੀੜ੍ਹੀ ਆਧੁਨਿਕ ਸਹੂਲਤਾਂ ਨਾਲ ਪਲ ਰਹੀ ਹੈ ਜਿਸ ਕਾਰਨ ਉਨ੍ਹਾਂ ਦੀ ਸੋਚ ਕਾਫ਼ੀ ਤਰਕਸ਼ੀਲ ਬਣ ਗਈ ਹੈ। ਨੌਜਵਾਨ ਪੀੜ੍ਹੀ ਦਾ ਕਾਫ਼ੀ ਸਮਾਂ ਇਲੈੱਕਟ੍ਰਾਨਿਕ ਯੰਤਰਾਂ ਨਾਲ ਬੀਤਦਾ ਹੈ ਜਿਵੇਂ ਕਿ ਮੋਬਾਈਲ, ਲੈਪਟਾਪ, ਸਮਾਰਟ ਘੜੀ ਆਦਿ, ਜਿਸ ਦਾ ਸਦਕਾ ਅੱਜਕਲ੍ਹ ਦੇ ਬੱਚੇ ਸਮਾਜਿਕ ਅਨਪੜ੍ਹਤਾ ਦਾ ਸ਼ਿਕਾਰ ਹੋ ਰਹੇ ਹਨ। ਨਤੀਜੇ ਵਜੋਂ ਸਮਾਜਿਕ ਅਸੰਤੁਲਨ ਵੱਧ ਗਿਆ ਹੈ। ਸਦਾਚਾਰਕ ਕੀਮਤਾਂ ਵਿਚ ਗਿਰਾਵਟ ਆਈ ਹੈ ਅਤੇ ਉਹ ਨਸ਼ਿਆਂ ਅਤੇ ਅਪਰਾਧਕ ਸਰਗਰਮੀਆਂ ਵੱਲ ਆਕਰਸ਼ਿਤ ਹੋ ਗਏ ਹਨ।
ਦਰਅਸਲ, ਨੈਤਿਕ ਕਦਰਾਂ-ਕੀਮਤਾਂ ਜ਼ਿੰਦਗੀ ਦਾ ਆਧਾਰ ਹਨ। ਇਹ ਮਨੁੱਖੀ ਜੀਵਨ ਨੂੰ ਸੁਖੀ ਅਤੇ ਖੁਸ਼ਹਾਲ ਬਣਾਉਂਦੀਆਂ ਹਨ। ਉੱਚੀਆਂ ਕਦਰਾਂ-ਕੀਮਤਾਂ ਬਿਹਤਰ ਸਮਾਜ ਦੀ ਸਿਰਜਣਾ ਕਰਦੀਆਂ ਹਨ। ਪ੍ਰੰਤੂ ਨੌਜਵਾਨ ਪੀੜ੍ਹੀ ਨੂੰ ਇਹ ਅਨਮੋਲ ਗਿਆਨ ਮੁਢਲੇ ਤੌਰ 'ਤੇ ਪਰਿਵਾਰ ਤੋਂ ਹੀ ਪ੍ਰਾਪਤ ਹੁੰਦਾ ਹੈ। ਪਰਿਵਾਰ ਬੱਚੇ ਦਾ ਪਹਿਲਾ ਸਕੂਲ ਹੈ, ਜਿਥੇ ਨੈਤਿਕ ਮੂਲਾਂ ਦੀ ਸਿੱਖਿਆ ਜਿਵੇਂ ਕਿ ਸਦਾ ਸੱਚ ਬੋਲਣਾ, ਵੱਡਿਆਂ ਦਾ ਸਤਿਕਾਰ ਕਰਨਾ, ਛੋਟਿਆਂ ਨਾਲ ਪਿਆਰ, ਇਮਾਨਦਾਰੀ, ਸਹਿਣਸ਼ੀਲਤਾ, ਸਾਦਗੀ, ਅਨੁਸ਼ਾਸਨ, ਸਹਿਯੋਗ ਦੀ ਭਾਵਨਾ ਆਦਿ ਗੁਣ ਹਰ ਪਰਿਵਾਰਕ ਮੈਂਬਰ ਕੋਲੋਂ ਬੱਚਾ ਸਿੱਖਦਾ ਹੈ। ਕੁਝ ਗੱਲਾਂ ਆਪ ਮੁਹਾਰੇ ਅਤੇ ਕੁਝ ਅਸੀਂ ਆਪ ਬੋਲ ਕੇ ਸਿਖਾਉਂਦੇ ਹਾਂ। ਸੋ, ਸੁਚੱਜੇ ਸਮਾਜ ਦੀ ਸਿਰਜਣਾ, ਮੂਲ ਰੂਪ ਵਿਚ ਪਰਿਵਾਰ ਦਾ ਹੀ ਕਰਤੱਵ ਹੈ।
ਇਸ ਲਈ ਸਭ ਤੋਂ ਪਹਿਲਾਂ ਨੌਜਵਾਨ ਪੀੜ੍ਹੀ ਵਿਚ ਘਟ ਰਹੇ ਅਨੁਸ਼ਾਸਨ ਅਤੇ ਕਦਰਾਂ-ਕੀਮਤਾਂ ਦੀ ਬੇਸਮਝੀ ਦੇ ਮੂਲ ਕਾਰਨ ਨੂੰ ਸਮਝਣ ਦੀ ਲੋੜ ਹੈ। ਦਰਅਸਲ, ਬਚਪਨ ਜੀਵਨ ਦਾ ਉਹ ਪੜਾਅ ਹੈ ਜਦੋਂ ਪਰਿਵਾਰਕ ਮੈਂਬਰ ਸਹਿਜੇ-ਸਹਿਜੇ ਬੱਚਿਆਂ ਨੂੰ ਨੈਤਿਕਤਾ, ਚੰਗੇ ਸ਼ਿਸ਼ਟਾਚਾਰ ਅਤੇ ਚੰਗੀਆਂ ਆਦਤਾਂ ਤੋਂ ਜਾਣੂ ਕਰਵਾਉਂਦੇ ਹਨ। ਪਰ ਬਦਲਦੇ ਸਮੇਂ ਨਾਲ ਸੰਯੁਕਤ ਪਰਿਵਾਰਾਂ ਦਾ ਚਲਣ ਘਟਦਾ ਜਾ ਰਿਹਾ ਹੈ ਅਤੇ ਛੋਟੇ ਪਰਿਵਾਰਾਂ ਦੀ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਮਾਂ-ਬਾਪ ਦੋਵਾਂ ਦੇ ਸਿਰ 'ਤੇ ਹੈ ਜਿਸ ਦਾ ਸਦਕਾ ਬੱਚਿਆਂ ਦਾ ਬਹੁਤ ਸਮਾਂ ਨੌਕਰਾਂ ਅਤੇ ਯੰਤਰਾਂ ਨਾਲ ਨਿਕਲ ਰਿਹਾ ਹੈ, ਜਿਸ ਘਰ ਵਿਚ ਬਜ਼ੁਰਗ ਦਾਦਾ-ਦਾਦੀ ਰਹਿੰਦੇ ਹਨ, ਉਸ ਘਰ ਦੇ ਬੱਚੇ ਯਕੀਨਨ ਉੱਚੇ ਸ਼ਿਸ਼ਟਾਚਾਰ ਦੇ ਧਾਰਨੀ ਬਣਦੇ ਹਨ ਪਰ ਛੋਟੇ ਪਰਿਵਾਰਾਂ ਵਿਚ ਪਰਿਵਾਰਕ ਸਮੇਂ ਦੀ ਥੋੜ੍ਹ ਕਾਰਨ ਬੱਚੇ ਨੈਤਿਕ ਮੂਲਾਂ ਦੀ ਸਿਖਲਾਈ ਤੋਂ ਵਾਂਝੇ ਰਹਿ ਜਾਂਦੇ ਹਨ। ਸੋ, ਨੌਜਵਾਨ ਪੀੜ੍ਹੀ ਨੂੰ ਗੁਮਰਾਹ ਹੋਣ ਤੋਂ ਬਚਾਉਣ ਲਈ ਮਾਂ-ਬਾਪ ਨੂੰ ਆਪ ਹੀ ਇਹ ਜ਼ਿੰਮੇਵਾਰੀ ਸਾਂਭਣ ਦੀ ਲੋੜ ਹੈ।
ਸ਼ੁਰੂਆਤ ਦੇ ਤੌਰ 'ਤੇ ਆਪਣੇ ਬੱਚਿਆਂ ਨੂੰ ਰਿਸ਼ਤੇਦਾਰੀਆਂ ਵਿਚ ਲੈ ਕੇ ਜਾਓ। ਆਪ ਆਪਣੇ ਵੱਡਿਆਂ ਦਾ ਸਤਿਕਾਰ ਕਰੋ ਕਿਉਂਕਿ ਜੋ ਤੁਸੀਂ ਕਰਦੇ ਹੋ, ਬੱਚੇ ਵੀ ਉਹੀ ਸਿੱਖਦੇ ਹਨ। ਜਦੋਂ ਕੰਮ ਤੋਂ ਛੁੱਟੀ ਮਿਲੇ, ਇਹ ਸਮਾਂ ਪਰਿਵਾਰ ਨਾਲ ਬਿਤਾਓ। ਆਪਣੇ ਬੱਚਿਆਂ ਨੂੰ ਅਧਿਆਤਮ ਸਿੱਖਿਆ ਦਵਾਓ। ਆਪਣੇ ਬੱਚਿਆਂ ਨੂੰ ਗੁਰਦੁਆਰੇ ਜਾਂ ਮੰਦਿਰ ਵਿਚ ਵੱਧ ਤੋਂ ਵੱਧ ਲੈ ਕੇ ਜਾਓ। ਤੁਸੀਂ ਦਾਨ-ਪੁੰਨ ਕਰੋ ਅਤੇ ਬੱਚਿਆਂ ਨੂੰ ਵੀ ਸਿਖਾਓ। ਵਾਤਾਵਰਨ ਦੀ ਸੇਵਾ-ਸੰਭਾਲ ਦੀ ਸਿਖਲਾਈ ਦਿਉ। ਘਰੇਲੂ ਕੰਮਾਂਕਾਰਾਂ ਵਿਚ ਮਨੋਰੰਜਕ ਤਰੀਕੇ ਨਾਲ ਬੱਚਿਆਂ ਦਾ ਯੋਗਦਾਨ ਪਵਾਓ। ਸਾਖੀਆਂ ਅਤੇ ਕਹਾਣੀਆਂ ਦੇ ਜ਼ਰੀਏ ਨੈਤਿਕ ਕਦਰਾਂ-ਕੀਮਤਾਂ ਦੀ ਸਿਖਲਾਈ ਦਿਉ ਅਤੇ ਨਾਲ ਹੀ ਸਮਾਜ ਵਿਚ ਵਿਚਰਨ ਦਾ ਚੱਜ ਵੀ ਸਿਖਾਓ। ਜਦੋਂ ਇਹ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਮਾਂ-ਬਾਪ ਆਪ ਸਾਂਭਣਗੇ ਤਾਂ ਨੌਜਵਾਨ ਪੀੜ੍ਹੀ ਆਪ-ਮੁਹਾਰੇ ਸਮਾਜਿਕ ਸਿੱਖਿਆ ਹਾਸਿਲ ਕਰੇਗੀ। ਨਤੀਜੇ ਵਜੋਂ ਬਿਹਤਰ ਸਮਾਜ ਦੀ ਸਿਰਜਣਾ ਵੀ ਹੋਵੇਗੀ, ਜਿਸ ਵਿਚ ਨੌਜਵਾਨ ਪੀੜ੍ਹੀ ਵੱਡਿਆਂ ਦਾ ਸਤਿਕਾਰ ਕਰੇਗੀ ਅਤੇ ਉੱਚੇ ਸ਼ਿਸ਼ਟਾਚਾਰ ਨੂੰ ਅਪਣਾਉਂਦੇ ਹੋਏ ਨਸ਼ੇ ਅਤੇ ਅਪਰਾਧਕ ਸਰਗਰਮੀਆਂ ਤੋਂ ਦੂਰ ਵੀ ਰਹੇਗੀ।

Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਨਿਸ਼ਾਨੇਬਾਜ਼ 'ਗੋਲਡਨ ਗਰਲ' ਸਿਫ਼ਤ ਕੌਰ ਸਮਰਾ ਅਗਲੀ ਖ਼ਬਰ ਮਨਚਾਹੇ ਟੀਚੇ 'ਤੇ ਪਹੁੰਚਣ ਲਈ
Ad Position 24