ਜਦੋਂ ਚਮੜੀ ਸੰਭਾਲ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਗੁਲਾਬ ਦਾ ਹੀ ਨਾਂਅ ਆਉਂਦਾ ਹੈ। ਇਹ ਤੁਹਾਡੀ ਚਮੜੀ ਅਤੇ ਚਿਹਰੇ ਨੂੰ ਠੰਢਕ ਪ੍ਰਦਾਨ ਕਰਦਾ ਹੈ ਜਦ ਕਿ ਇਸ ਦੀ ਖੁਸ਼ਬੂ ਤੁਹਾਨੂੰ ਤਰੋਤਾਜ਼ਾ ਰੱਖਦੀ ਹੈ ਅਤੇ ਮੂਡ ਨੂੰ ਬਿਹਤਰ ਰੱਖਦੀ ਹੈ। ਗਰਮੀਆਂ ਵਿਚ ਗੁਲਾਬ ਜਲ ਚਮੜੀ ਲਈ ਇਕ ਕੁਦਰਤੀ ਟੋਨਰ, ਕਲੀਂਜਰ ਅਤੇ ਹਾਈਡ੍ਰੇਟਰ ਹੈ ਅਤੇ ਤੁਸੀਂ ਇਸ ਦੀ ਵਰਤੋਂ ਮਾਸਕ ਜਾਂ ਮੇਕਅਪ ਰਿਮੂਵਰ ਦੇ ਤੌਰ 'ਤੇ ਵੀ ਕਰ ਸਕਦੇ ਹੋ।
ਇਹ ਚਮੜੀ ਨੂੰ ਠੰਢਕ, ਨਮੀ ਅਤੇ ਨਿਖਾਰ ਦਿੰਦਾ ਹੈ, ਨਾਲ ਹੀ ਪੀ.ਐਚ. ਪੱਧਰ ਨੂੰ ਸੰਤੁਲਿਤ ਰੱਖਦਾ ਹੈ। ਇਹ ਟੈਨਿੰਗ, ਸਨਬਰਨ, ਮੁਹਾਂਸਿਆਂ ਅਤੇ ਵਾਧੂ ਤੇਲ ਨੂੰ ਘੱਟ ਕਰਨ ਵਿਚ ਬੇਹੱਦ ਪ੍ਰਭਾਵੀ ਹੈ। ਇਸ ਨੂੰ ਸਪਰੇਅ, ਟੋਨਰ ਜਾਂ ਫੇਸ ਪੈਕ ਦੇ ਰੂਪ ਵਿਚ ਵਰਤੋਂ ਕਰ ਸਕਦੇ ਹੋ।
ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣਾਂ ਭਰਪੂਰ ਗੁਲਾਬ ਜਲ ਗਰਮੀਆਂ ਦੀ ਤੇਜ਼ ਧੁੱਪ ਤੋਂ ਚਮੜੀ ਨੂੰ ਸੁਰੱਖਿਅਤ ਰੱਖਦਾ ਹੈ। ਗਰਮੀਆਂ ਵਿਚ ਰੁੱਖੀ, ਬੇਜਾਨ ਚਿਹਰੇ ਦੀ ਚਮੜੀ ਨੂੰ ਤਰੋਤਾਜ਼ਾ ਰੱਖਣ ਲਈ ਗੁਲਾਬ ਜਲ ਨੂੰ ਫੇਸ ਮਿਸਟ ਦੇ ਤੌਰ 'ਤੇ ਵੀ ਵਰਤੋਂ ਕਰ ਸਕਦੇ ਹੋ।
ਜੇਕਰ ਤੁਸੀਂ ਕਿੱਲ, ਮੁਹਾਂਸਿਆਂ ਅਤੇ ਦਾਗ਼-ਧੱਬਿਆਂ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਾਟਨ ਬਾਲ ਦੀ ਮਦਦ ਨਾਲ ਗੁਲਾਬ ਜਲ ਲਗਾਓ ਅਤੇ ਇਸ ਨੂੰ ਰਾਤ ਭਰ ਲੱਗਾ ਰਹਿਣ ਦਿਉ। ਤੁਸੀਂ ਇਸ ਨੂੰ ਚਿਹਰੇ 'ਤੇ ਸਿੱਧੇ ਵੀ ਸਪਰੇਅ ਕਰ ਸਕਦੇ ਹੋ ਜਾਂ ਗੁਲਾਬ ਜਲ ਨੂੰ ਆਈਸ ਟ੍ਰੇਅ ਵਿਚ ਜਮਾ ਲਓ ਅਤੇ ਇਨ੍ਹਾਂ ਆਈਸ ਕਿਊਬ ਦੀ ਚਿਹਰੇ 'ਤੇ ਹਲਕੇ-ਹਲਕੇ ਮਸਾਜ ਕਰੋ। ਇਸ ਨਾਲ ਤਪਦੀ ਧੁੱਪ ਵਿਚ ਠੰਢਕ ਮਿਲੇਗੀ ਅਤੇ ਚਿਹਰੇ 'ਤੇ ਚਮਕ ਦਿਸੇਗੀ।
ਗਰਮੀਆਂ ਦੇ ਦਿਨਾਂ ਵਿਚ ਤੇਲ ਵਾਲੀ ਚਮੜੀ ਦੀ ਵਜ੍ਹਾ ਨਾਲ ਪਿੰਪਲ ਆਮ ਸਮੱਸਿਆ ਹੈ। ਇਸ ਨਾਲ ਨਿਪਟਣ ਲਈ ਇਕ ਚਮਚ ਮੁਲਤਾਨੀ ਮਿੱਟੀ ਵਿਚ ਦੋ-ਤਿੰਨ ਚਮਚ ਗੁਲਾਬ ਜਲ ਨੂੰ ਮਿਲਾ ਕੇ ਬਣੇ ਪੇਸਟ ਨੂੰ ਚਿਹਰੇ 'ਤੇ ਲਗਾ ਲਓ ਅਤੇ ਇਸ ਨੂੰ ਕੁਦਰਤੀ ਤੌਰ 'ਤੇ ਸੁੱਕਣ ਦਿਉ। ਪੂਰੀ ਤਰ੍ਹਾਂ ਸੁੱਕ ਜਾਣ ਤੋਂ ਬਾਅਦ ਇਸ ਨੂੰ ਤਾਜ਼ੇ ਠੰਢੇ ਪਾਣੀ ਨਾਲ ਧੋ ਲਓ। ਗੁਲਾਬ ਜਲ ਦੀ ਵਰਤੋਂ ਨਾਲ ਅੱਖਾਂ ਦੇ ਆਲੇ-ਦੁਆਲੇ ਡਾਰਕ ਸਰਕਲ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਪ੍ਰਭਾਵਿਤ ਖੇਤਰ ਵਿਚ ਰੂੰ ਦੀ ਮਦਦ ਨਾਲ ਗੁਲਾਬ ਜਲ ਲਗਾਓ, ਜਿਸ ਨਾਲ ਚਮੜੀ ਵਿਚ ਨਮੀ ਵਧੇਗੀ ਅਤੇ ਡਾਰਕ ਸਰਕਲ ਹੌਲੀ-ਹੌਲੀ ਘੱਟ ਹੋਣਗੇ। ਡਾਰਕ ਸਰਕਲ ਲਈ ਗੁਲਾਬ ਜਲ ਅਤੇ ਠੰਢੇ ਦੁੱਧ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਮਿਸ਼ਰਨ ਨੂੰ ਕਾਟਨ ਬਾਲ ਦੀ ਮਦਦ ਨਾਲ ਹੌਲੀ-ਹੌਲੀ ਅੱਖਾਂ ਦੇ ਹੇਠਾਂ ਲਗਾ ਕੇ ਅੱਧੇ ਘੰਟੇ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ। ਤੁਸੀਂ ਇਸ ਨੂੰ ਹਫ਼ਤੇ ਵਿਚ ਤਿੰਨ ਵਾਰ ਵਰਤੋਂ ਵਿਚ ਲਿਆ ਸਕਦੇ ਹੋ ਅਤੇ ਕੁਝ ਹੀ ਦਿਨਾਂ ਵਿਚ ਬਿਹਤਰ ਨਤੀਜੇ ਦਿਸਣ ਨੂੰ ਮਿਲਣਗੇ।
ਪੁਦੀਨੇ ਅਤੇ ਗੁਲਾਬ ਜਲ ਦਾ ਪੈਕ ਚਮੜੀ ਨੂੰ ਕੋਮਲ ਅਤੇ ਮੁਲਾਇਮ ਬਣਾਉਣ ਵਿਚ ਕਾਫ਼ੀ ਸਹਾਇਕ ਹੁੰਦਾ ਹੈ। ਪੁਦੀਨੇ ਦੇ ਰਸ ਵਿਚ ਇਕ ਚਮਚ ਸ਼ਹਿਦ ਅਤੇ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਬਣੇ ਪੈਕ ਨੂੰ ਚਿਹਰੇ 'ਤੇ ਕੁਝ ਦੇਰ ਤੱਕ ਲਗਾਉਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ। ਗੁਲਾਬ ਜਲ ਚਮੜੀ ਦੇ ਪੀ.ਐਚ. ਪੱਧਰ ਨੂੰ ਸੰਤੁਲਿਤ ਕਰਦਾ ਹੈ।
ਗੁਲਾਬ ਦੀ ਖ਼ੁਸ਼ਬੂ ਦਾ ਹੇਅਰ ਪਰਫਿਊਮ ਬਣਾਉਣ ਲਈ 2 ਚਮਚ ਗੁਲਾਬ ਦਾ ਤੇਲ, 1 ਚਮਚ ਜੋਜੋਬਾ ਤੇਲ ਅਤੇ 5 ਚਮਚ ਗੁਲਾਬ ਜਲ ਨੂੰ ਇਕ ਸਪਰੇਅ ਬੋਤਲ ਵਿਚ ਪਾ ਕੇ ਮਿਕਸ ਕਰੋ। ਤੁਹਾਡਾ ਘਰੇਲੂ ਗੁਲਾਬ ਦੀ ਖੁਸ਼ਬੂ ਵਾਲਾ ਹੇਅਰ ਪਰਫਿਊਮ ਤਿਆਰ ਹੈ। ਸਵੇਰੇ ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਇਸ ਨੂੰ ਹੇਅਰ ਪਰਫਿਊਮ ਨੂੰ ਵਾਲਾਂ 'ਤੇ ਲਗਾਓ। ਇਸ ਨਾਲ ਨਾ ਸਿਰਫ਼ ਤੁਹਾਡੇ ਵਾਲਾਂ ਤੋਂ ਚੰਗੀ ਖੁਸ਼ਬੂ ਆਵੇਗੀ ਸਗੋਂ ਵਾਲਾਂ ਨੂੰ ਪੋਸ਼ਣ ਵੀ ਮਿਲੇਗਾ।
ਗਰਮੀਆਂ ਵਿਚ ਅਕਸਰ ਖੁਸ਼ਕ ਚਮੜੀ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਕਿ ਚਮਚ ਸ਼ੁੱਧ ਗਲਿਸਰੀਨ ਨੂੰ 100 ਮਿਲੀਲੀਟਰ ਗੁਲਾਬ ਜਲ ਵਿਚ ਮਿਲਾ ਕੇ ਬੋਤਲ ਨੂੰ ਫਰਿੱਜ ਵਿਚ ਰੱਖ ਦਿਓ। ਇਸ ਲੋਸ਼ਣ ਨੂੰ ਰੋਜ਼ਾਨਾ ਚਮੜੀ ਦੇ ਰੁੱਖੇਪਣ ਨੂੰ ਦੂਰ ਕਰਨ ਲਈ ਵਰਤੋਂ ਕਰੋ।
ਗੁਲਾਬ ਜਲ ਦੇ ਫ਼ਾਇਦੇ
ਅਜੀਤ ਡੈਸਕ
16-04-2026