08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਵਿਆਹੁਤਾ ਜੀਵਨ 'ਚ ਕੀ ਹੈ ਜ਼ਰੂਰੀ?

Ad Position 21
No active advertisement
ਅਜੀਤ ਡੈਸਕ 23-04-2026

ਕੁਝ ਸਾਲ ਪਹਿਲਾਂ ਤੱਕ ਇਹ ਵੇਖਿਆ ਜਾਂਦਾ ਸੀ ਕਿ ਵਿਆਹ ਰੂਪੀ ਪਵਿੱਤਰ ਬੰਧਨ ਵਿਚ ਬੰਨ੍ਹੇ ਜਾਣ ਤੋਂ ਬਾਅਦ ਸਿਰਫ਼ ਲੜਕੀ ਨੂੰ ਹੀ ਕਈ ਤਰੀਕਿਆਂ ਨਾਲ ਸਮਝੌਤਾ ਕਰਨਾ ਪੈਂਦਾ ਸੀ ਅਤੇ ਲੜਕੇ ਨੂੰ ਕਿਸੇ ਵੀ ਕਿਸਮ ਦੀ ਮਜ਼ਬੂਰੀ ਤੋਂ ਦੂਰ ਰੱਖਿਆ ਜਾਂਦਾ ਸੀ। ਇਸੇ ਤਰ੍ਹਾਂ ਘਰੇਲੂ ਮਾਹੌਲ 'ਚ ਵੀ ਜ਼ਿਆਦਾਤਰ ਲੜਕੀਆਂ ਨੂੰ ਹੀ ਸਮਝੌਤਾ ਕਰਨਾ ਪੈਂਦਾ ਸੀ। ਘਰਾਂ ਵਿਚ ਉਨ੍ਹਾਂ ਨੂੰ 'ਨਿਰਨਾ ਲਊ' ਨਹੀਂ ਸਗੋਂ 'ਨਿਰਨਾ ਕਬੂਲਣ ਵਾਲੀ' ਮੰਨ ਲਿਆ ਜਾਂਦਾ ਸੀ। ਜੇਕਰ ਕਦੀ ਕਿਤੇ ਉਹ ਫ਼ੈਸਲਾ ਲੈ ਕੇ ਕਿਸੇ ਕੰਮ ਨੂੰ ਮੁਕੰਮਲ ਕਰ ਵੀ ਲਵੇ, ਤਾਂ ਉਸ ਨੂੰ 'ਆਪ ਹੁਦਰੀ' ਕਹਿ ਕੇ ਨਿੰਦਿਆ ਜਾਂਦਾ ਸੀ। ਪਰਿਵਾਰ ਵਿਚ ਬੱਚਿਆਂ ਨੂੰ ਪਾਲਣ-ਪੋਸ਼ਣ ਦੀ ਸਮੁੱਚੀ ਜ਼ਿੰਮੇਵਾਰੀ ਲੜਕੀ ਉੱਤੇ ਹੀ ਸੁੱਟ ਦਿੱਤੀ ਜਾਂਦੀ ਸੀ। ਘਰ ਦੇ ਸਾਰੇ ਕੰਮ ਕਰ ਕੇ ਬੱਚਿਆਂ ਦੀ ਦੇਖ ਭਾਲ ਵੀ ਉਹੀ ਕਰੇ, ਇਹ ਗੱਲ ਤਹਿ ਮੰਨ ਲਈ ਜਾਂਦੀ ਸੀ। ਬੱਚਿਆਂ ਦੇੇ ਪੇਪਰਾਂ ਵਿਚੋਂ ਜੇਕਰ ਨੰਬਰ ਘੱਟ ਆਉਣ ਤਾਂ ਵੀ ਭਾਂਡਾ ਬੱਚਿਆਂ ਦੀ ਮਾਂ ਦੇ ਸਿਰ 'ਤੇ ਹੀ ਭੰਨ੍ਹ ਦਿੱਤਾ ਜਾਂਦਾ ਸੀ। ਅਨੇਕਾਂ ਉਦਾਹਰਨਾਂ ਅਜਿਹੀਆਂ ਮਿਲ ਜਾਂਦੀਆਂ ਹਨ ਜਦੋਂ ਪਤੀ-ਪਤਨੀ ਦੋਵਂੇ ਨੌਕਰੀ ਕਰਦੇ ਹਨ ਤਾਂ ਸਮਝੌਤਾ ਕਿਤੇ ਨਾ ਕਿਤੇ ਲੜਕੀ ਨੂੰ ਹੀ ਕਰਨਾ ਪੈਂਦਾ ਸੀ। ਲੜਕੀ ਨੌਕਰੀ ਵੀ ਕਰੇ, ਘਰ ਦੇ ਕੰਮ ਵੀ ਕਰੇ, ਬੱਚਿਆਂ ਨੂੰ ਵੀ ਸੰਭਾਲੇ, ਬੱਚਿਆਂ ਦੀ ਪੜ੍ਹਾਈ ਦੀ ਫ਼ਿਕਰ ਵੀ ਉਹੀ ਕਰੇ ਅਤੇ ਇੱਧਰ-ਉੱਧਰ ਦੇ ਸਾਰੇ ਕੰਮ ਉਹੀ ਸੰਭਾਲੇ। ਹੁਣ ਇਕ ਨਵੀਂ ਬਿਮਾਰੀ ਜਿਸ ਨੇ ਤਕਰੀਬਨ ਸਾਰੇ ਸਮਾਜ ਨੂੰ ਹੀ ਆਪਣੇ ਕਲਾਵੇ 'ਚ ਲਿਆ ਹੋਇਆ ਹੈ ਉਹ ਹੈ ਕਿ ਮੋਬਾਈਲ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਉੱਤੇ ਚੈਟਿੰਗ ਕਰਦਿਆਂ, ਗੇਮਾਂ ਖੇਡਦਿਆਂ ਅਤੇ ਵੀਡੀਓ ਰੀਲਾਂ ਵੇਖਦਿਆਂ ਲੋਕ ਆਪਣਾ ਜ਼ਿਆਦਾਤਰ ਸਮਾਂ ਵਿਅਰਥ ਹੀ ਬਤੀਤ ਕਰ ਦਿੰਦੇ ਹਨ। ਜੇਕਰ ਪਤੀ-ਪਤਨੀ ਦੋਵਂੇ ਹੀ ਮੋਬਾਈਲ 'ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ, ਤਾਂ ਉੱਥੇ ਵੀ ਬਹੁਤੀ ਵਾਰ ਸਮਝੌਤਾ ਲੜਕੀਆਂ ਨੂੰ ਹੀ ਕਰਨ ਲਈ ਕਿਹਾ ਜਾਂਦਾ ਹੈ। ਜੇਕਰ ਕੁਝ ਪਰਿਵਾਰਾਂ ਨੂੰ ਛੱਡ ਦਈਏ ਜਿੱਥੇ ਕਿ ਘਰ ਦੀ ਨੂੰਹ ਨੂੰ ਧੀ ਦੇ ਬਰਾਬਰ ਸਤਿਕਾਰ ਦਿੱਤਾ ਜਾਂਦਾ ਹੈ, ਤਾਂ ਹਾਲੇ ਵੀ ਬਹੁਤੇ ਥਾਂਵਾਂ 'ਤੇ ਲੜਕੀ ਨੂੰ ਆਪਣੇ ਪੇਕੇ ਜਾਣ ਲਈ ਕਈ ਕਈ ਵਾਰ ਮਨਜ਼ੂਰੀ ਲੈਣੀ ਪੈਂਦੀ ਹੈ। ਪਰ ਹੁਣ ਇਹ ਗੱਲ ਸਾਰਿਆਂ 'ਤੇ ਲਾਗੂ ਨਹੀਂ ਹੁੰਦੀ। ਅਜੋਕੇ ਸਮੇਂ ਵਿਚ ਲੜਕੇ ਤੇ ਲੜਕੀਆਂ ਦੋਵੇਂ ਸਮਝਦਾਰ ਹੋ ਗਏ ਹਨ ਅਤੇ ਇਕ ਦੂਜੇ ਦੀਆਂ ਭਾਵਨਾਵਾਂ ਅਤੇ ਸਮਾਜਕ ਜ਼ਿੰਮੇਵਾਰੀਆਂ ਨੂੰ ਸਮਝਦੇ ਹਨ। ਪੜ੍ਹੇ ਲਿਖੇ ਲੜਕੇ ਲੜਕੀਆਂ ਲਈ ਇਹ ਸਮਝਣਾ ਜ਼ਰੂਰੀ ਵੀ ਹੈ ਕਿ ਕਾਮਯਾਬ ਵਿਆਹੁਤਾ ਜੀਵਨ ਦੀ ਨੀਂਹ ਆਪਸੀ ਸਤਿਕਾਰ, ਆਪਸੀ ਵਿਸ਼ਵਾਸ, ਗੱਲਾਂ-ਬਾਤਾਂ ਦੀ ਸਪੱਸ਼ਟਤਾ, ਵਿਚਾਰਾਂ ਦਾ ਆਦਾਨ ਪ੍ਰਦਾਨ ਅਤੇ ਹਮਦਰਦੀ ਆਦਿ ਜਿਹੇ ਜੀਵਨ ਮੁੱਲਾਂ ਦੇ ਆਧਾਰ ਉੱਤੇ ਹੀ ਬੱਝਦੀ ਹੈ। ਗੱਲ ਕਰੀਏ ਜੇਕਰ ਨਵੀਂ ਵਿਆਹੀ ਲੜਕੀ ਦੇ ਸਹੁਰੇ ਪਰਿਵਾਰ ਨਾਲ ਰਿਸ਼ਤੇ ਦੀ ਤਾਂ ਘਰ ਦੇ ਜੀਆਂ ਨੂੰ ਚਾਹੀਦਾ ਹੈ ਕਿ ਆਪਣੀ ਨੂੰਹ ਨੂੰ ਬਣਦਾ ਪਿਆਰ ਅਤੇ ਸਤਿਕਾਰ ਦੇਣ। ਇਸ ਦੇ ਨਾਲ ਹੀ ਨੂੰਹ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਸਹੁਰੇ ਘਰ ਨੂੰ ਆਪਣਾ ਘਰ ਸਮਝ ਕੇ ਘਰ ਦੇ ਵਡੇਰਿਆਂ ਨੂੰ ਸਤਿਕਾਰ ਅਤੇ ਨਿੱਕਿਆਂ ਨੂੰ ਪਿਆਰ ਦੇਵੇ ਅਤੇ ਸਮਾਜਿਕ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਧਾਰਨ ਕਰੇ।

-ਸੇਵਾ ਮੁਕਤ ਲੈਕਚਰਾਰ,
ਚੰਦਰ ਨਗਰ, ਬਟਾਲਾ।
ਮੋਬਾਈਲ : 62842-20595

Ad Position 22
No active advertisement
ਪਿਛਲੀ ਖ਼ਬਰ ਇਸਤਰੀ ਸਿੱਖਿਆ ਦਾ ਮਹੱਤਵ ਅਗਲੀ ਖ਼ਬਰ ਅਜੀਤ' ਖ਼ਬਰਾਂ, 23 ਅਪੑੈਲ 2026
Ad Position 24