08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਇਸਤਰੀ ਸਿੱਖਿਆ ਦਾ ਮਹੱਤਵ

Ad Position 21
No active advertisement
ਅਜੀਤ ਡੈਸਕ 23-04-2026

ਦੁਨੀਆ ਦੇ ਵੱਡੇ ਅਤੇ ਪ੍ਰਸਿੱਧ ਆਦਮੀਆਂ ਵਿਚੋਂ ਬਹੁਤਿਆਂ ਦੀ ਤਰੱਕੀ ਦਾ ਕਾਰਨ ਉਨ੍ਹਾਂ ਦੀਆਂ ਸੁਘੜ ਮਾਂਵਾਂ ਹੀ ਹੋਈਆਂ ਸਨ। ਕਈ ਲੋਕ ਔਰਤਾਂ ਨੂੰ ਚਾਰਦੀਵਾਰੀ ਅੰਦਰ ਰੱਖ ਕੇ ਘਰੇਲੂ ਕੰਮਾਂ ਤੱਕ ਹੀ ਸੀਮਤ ਰੱਖਣਾ ਚਾਹੁੰਦੇ ਹਨ। ਉਹ ਇਸ ਦੇ ਵਿਰੋਧ ਵਿਚ ਦਲੀਲਾਂ ਦਿੰਦੇ ਹਨ। ਔਰਤਾਂ ਦੀ ਸਿੱਖਿਆ ਦੇ ਸਮਾਜਿਕ, ਆਰਥਿਕ, ਬੌਧਾਤਮਕ ਲਾਭ ਵੀ ਹਨ। ਬੋਧਾਤਮਕ ਯੋਗਤਾਵਾਂ ਔਰਤਾਂ ਲਈ ਜੀਵਨ ਦੀ ਗੁਣਵੱਤਾ ਵਧਾਉਂਦੀਆਂ ਹਨ। ਪੜ੍ਹੀਆਂ-ਲਿਖੀਆਂ ਔਰਤਾਂ ਆਪਣੇ ਤੇ ਆਪਣੇ ਬੱਚਿਆਂ ਦੋਵਾਂ ਲਈ ਸਿਹਤ ਨਾਲ ਸੰਬੰਧਿਤ ਫ਼ੈਸਲੇ ਲੈਣ ਦੇ ਵਧੇਰੇ ਸਮਰੱਥ ਹੋ ਜਾਂਦੀਆਂ ਹਨ। ਉਹ ਨਾਗਰਿਕ ਭਾਗੀਦਾਰੀ, ਰਾਜਨੀਤਕ ਮੀਟਿੰਗਾਂ, ਰਾਜਨੀਤਕ ਅੰਦੋਲਨਾਂ ਵਿਚ ਸ਼ਾਮਿਲ ਹੋਣ ਦੀ ਜ਼ਿਆਦਾ ਸੰਭਾਵਨਾ ਰੱਖਦੀਆਂ ਹਨ।
ਸਿੱਖਿਅਤ ਇਸਤਰੀ ਵਿਚ ਆਪ ਫ਼ੈਸਲੇ ਲੈਣ ਦੀ ਸਮਰੱਥਾ ਪੈਦਾ ਹੁੰਦੀ ਹੈ। ਉਹ ਆਰਥਿਕ ਤੌਰ 'ਤੇ ਆਤਮ ਨਿਰਭਰ ਹੋ ਜਾਂਦੀ ਹੈ। ਪਰਿਵਾਰ 'ਤੇ ਜੇ ਕੋਈ ਮੁਸੀਬਤ ਆਵੇ ਤਾਂ ਉਸ ਦਾ ਹੌਸਲੇ ਨਾਲ ਸਾਹਮਣਾ ਕਰ ਸਕਦੀ ਹੈ। ਸਿੱਖਿਅਤ ਔਰਤਾਂ ਨੂੰ ਘੱਟ ਘਰੇਲੂ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਘਰ ਵਿਚ ਮਾਂ ਪੜ੍ਹੀ-ਲਿਖੀ ਹੁੰਦੀ ਹੈ, ਉੱਥੇ ਬੱਚੇ ਅਤੇ ਖ਼ਾਸ ਕਰਕੇ ਕੁੜੀਆਂ ਦੀ ਸਕੂਲ ਜਾਣ ਦੀ ਸੰਭਾਵਨਾ ਵੱਧ ਹੁੰਦੀ ਹੈ। ਇੱਕ ਪੜ੍ਹੇ-ਲਿਖੇ ਪਿਤਾ ਦੀ ਬਜਾਏ ਇਕ ਪੜ੍ਹੀ-ਲਿਖੀ ਮਾਂ ਹੋਣ ਨਾਲ ਜੁੜੇ ਬੱਚਿਆਂ ਲਈ ਬਹੁਤ ਸਾਰੇ ਹੋਰ ਲਾਭ ਵੀ ਹਨ, ਜਿਸ ਵਿਚ ਬਿਹਤਰ ਪੋਸ਼ਣ ਵੀ ਸ਼ਾਮਿਲ ਹੈ। ਪਰਿਵਾਰ ਨੂੰ ਪੌਸ਼ਟਿਕ ਭੋਜਨ ਤਦੇ ਦਿੱਤਾ ਜਾ ਸਕਦਾ ਹੈ ਜੇ ਸੁਆਣੀ ਨੂੰ ਇਸ ਬਾਰੇ ਜਾਣਕਾਰੀ ਹੋਵੇ ਤੇ ਇਹ ਜਾਣਕਾਰੀ ਪੜ੍ਹ- ਲਿਖ ਕੇ ਹੀ ਪ੍ਰਾਪਤ ਹੋ ਸਕਦੀ ਹੈ। ਬੱਚਿਆਂ ਵਿਚ ਸ਼ੁਰੂ ਤੋਂ ਹੀ ਸੋਹਣੇ ਵਿਚਾਰਾਂ ਦੀ ਜਾਗ ਲਾਉਣੀ, ਚੰਗੀਆਂ ਆਦਤਾਂ ਦੇ ਬੀਜ ਬੀਜਣੇ, ਸਦਾ ਕੰਮ ਆਉਣ ਵਾਲੇ ਸੰਸਕਾਰ ਦੇਣੇ, ਉਹਨਾਂ ਦਾ ਵਧੀਆ ਪਾਲਣ- ਪੋਸ਼ਣ ਕਰਨਾ - ਇਹ ਵੱਡੇ ਕੰਮ ਹਨ ਜੋ ਪੜ੍ਹੀ-ਲਿਖੀ ਸੁਆਣੀ ਸਹਿਜ ਨਾਲ ਕਰ ਸਕਦੀ ਹੈ। ਪੜ੍ਹੀ-ਲਿਖੀ ਇਸਤਰੀ ਪਰਿਵਾਰ ਦੀ ਆਮਦਨ ਵਧਾਉਣ ਵਿਚ ਆਪਣਾ ਯੋਗਦਾਨ ਪਾਉਣ ਦੇ ਸਮਰੱਥ ਹੁੰਦੀ ਹੈ। ਉਹ ਆਪਣੀ ਮਾਨਸਿਕ ਅਤੇ ਸਰੀਰਕ ਸਿਹਤ ਚੰਗੀ ਰੱਖ ਸਕਦੀ ਹੈ। ਅੱਜ-ਕੱਲ ਪੜ੍ਹੀਆਂ-ਲਿਖੀਆਂ ਔਰਤਾਂ ਹਰ ਖੇਤਰ ਵਿਚ ਮਰਦਾਂ ਵਾਂਗ ਹੀ ਕਾਮਯਾਬ ਹੋ ਰਹੀਆਂ ਹਨ। ਜਿਹੜੀਆਂ ਇਸਤਰੀਆਂ ਅੱਜ ਜੱਜ, ਵਕੀਲ, ਡਾਕਟਰ, ਪ੍ਰੋਫ਼ੈਸਰ ਅਤੇ ਹੋਰ ਅਹਿਮ ਅਹੁਦਿਆਂ ਤੇ ਤਾਇਨਾਤ ਹਨ ਉਨ੍ਹਾਂ ਦੇ ਮਾਪਿਆਂ ਦੁਆਰਾ ਦੂਰ ਦ੍ਰਿਸ਼ਟੀ ਵਰਤ ਕੇ ਉਨ੍ਹਾਂ ਨੂੰ ਚੰਗੀ ਵਿੱਦਿਆ ਦੇ ਸਕਣ ਕਰਕੇ ਹੀ ਸੰਭਵ ਹੋਇਆ ਹੈ। ਇੰਦਰਾ ਗਾਂਧੀ, ਸਰੋਜਨੀ ਨਾਇਡੂ, ਰਾਣੀ ਝਾਂਸੀ ਜਿਹੀਆਂ ਨਾਰੀਆਂ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਹਨ। ਸਪੱਸ਼ਟ ਹੈ ਕਿ ਨਾਰੀ ਦੇ ਗੁਣਾਂ ਨੂੰ ਇਸਤਰੀ ਵਿੱਦਿਆ ਨਾਲ ਹੀ ਨਿਖਾਰਿਆ ਜਾ ਸਕਦਾ ਹੈ। ਇਸਤਰੀਆਂ ਦੀ ਸਿੱਖਿਆ ਲਈ ਸਰਕਾਰਾਂ ਨੇ ਕਈ ਉਪਰਾਲੇ ਕੀਤੇ ਹਨ। ਬਹੁਤੀ ਥਾਈਂ ਕੁੜੀਆਂ ਦੀ ਪੜ੍ਹਾਈ ਬਿਨਾਂ ਫ਼ੀਸ ਤੋਂ ਹੈ। ਕਈ ਰਾਜਾਂ ਵਿਚ ਉਨ੍ਹਾਂ ਨੂੰ ਪੜ੍ਹਨ ਸਮੱਗਰੀ ਵੀ ਮੁਫ਼ਤ ਦਿੱਤੀ ਜਾਂਦੀ ਹੈ। ਪੜ੍ਹਾਈ ਲਈ ਕੁੜੀਆਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਵਜ਼ੀਫੇ ਦਿੱਤੇ ਜਾਂਦੇ ਹਨ। ਦੂਰ-ਦੁਰਾਡੇ ਤੋਂ ਆਉਣ ਵਾਲੀਆਂ ਕੁੜੀਆਂ ਨੂੰ ਮੁਫ਼ਤ ਸਾਈਕਲ ਵੰਡੇ ਜਾਂਦੇ ਹਨ। ਇਸਤਰੀ ਸਿੱਖਿਆ ਇੱਕ ਅਜਿਹਾ ਕਾਰਜ ਹੈ ਜਿਸ ਲਈ ਭਰਵੇਂ ਸਹਿਯੋਗ ਦੀ ਲੋੜ ਹੈ। ਇਸ ਰਾਹੀਂ ਪਰਿਵਾਰਕ ਹਿੰਸਾ ਤੇ ਹੋਰ ਸਮਾਜਿਕ ਬੁਰਾਈਆਂ ਨੂੰ ਜੜੋਂ ਖ਼ਤਮ ਕੀਤਾ ਜਾ ਸਕਦਾ ਹੈ। ਇਸਤਰੀ ਸਿੱਖਿਆ ਰਾਹੀਂ ਮੁੰਡੇ ਤੇ ਕੁੜੀਆਂ ਵਿਚਕਾਰ ਕੀਤੇ ਜਾਣ ਵਾਲੇ ਵਿਤਕਰੇ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਜਿਸ ਸੋਹਣੇ ਭਾਰਤ ਦਾ ਸੁਪਨਾ ਸਾਡੇ ਸਭ ਦੇ ਮਨਾਂ ਵਿਚ ਹੈ ਉਹ ਇਸਤਰੀ ਸਿੱਖਿਆ ਰਾਹੀਂ ਹੀ ਪੂਰਾ ਹੋ ਸਕੇਗਾ।

-ਪੰਜਾਬੀ ਮਿਸਟ੍ਰੈੱਸ,
ਸਰਕਾਰੀ ਹਾਈ ਸਕੂਲ ਕਾਲੇਕੇ।

Ad Position 22
No active advertisement
ਪਿਛਲੀ ਖ਼ਬਰ ਸੇਵਾ, ਸੱਭਿਆਚਾਰ, ਸੰਸਕਾਰਾਂ ਤੇ ਮਾਂ-ਬੋਲੀ ਦਾ ਸੁਮੇਲ ਜੱਸ ਢਿੱਲੋਂ ਅਗਲੀ ਖ਼ਬਰ ਵਿਆਹੁਤਾ ਜੀਵਨ 'ਚ ਕੀ ਹੈ ਜ਼ਰੂਰੀ?
Ad Position 24