ਬਹੁਪੱਖੀ ਸ਼ਖ਼ਸੀਅਤ ਜਸਪ੍ਰੀਤ ਕੌਰ (ਜੱਸ ਢਿੱਲੋਂ) ਪਿੰਡਾਂ ਦੇ ਖੁੱਲ੍ਹੇ ਮਾਹੌਲ 'ਚ ਜੰਮੀ ਪਲੀ ਪਿਤਾ ਰਣਧੀਰ ਸਿੰਘ ਢਿੱਲੋਂ ਤੇ ਮਾਤਾ ਬਲਵੀਰ ਕੌਰ ਜੱਸ ਦੀ ਕੁੱਖੋਂ ਪੈਦਾ ਹੋਈ ਜਿਸ ਦੀ ਬਿਰਤੀ ਸਮਾਜ ਸੇਵਾ ਵਾਲੇ ਪਾਸੇ ਰਹੀ ਅਤੇ ਜੱਸ ਦਾ ਡੂੰਘਾ ਅਸਰ ਆਪਣੇ ਮਾਤਾ-ਪਿਤਾ ਵਲੋਂ ਮਿਲੇ ਸੰਸਕਾਰਾਂ ਤੋਂ ਪਿਆ ਤੇ ਸਮਾਜ ਸੇਵਾ ਉਸ ਦਾ ਸੁਭਾਅ ਹੋ ਨਿੱਬੜਿਆ। ਗ਼ਦਰੀ ਬਾਬੇ ਤੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੇ ਪਿੰਡ ਚੂਹੜਚੱਕ ਜ਼ਿਲ੍ਹਾ ਮੋਗਾ ਨਾਲ ਸੰਬੰਧ ਰੱਖਦੀ ਜੱਸ ਢਿੱਲੋਂ ਨੇ ਛੋਟੀ ਉਮਰੇ ਵੱਡੀਆਂ ਪਲਾਂਘਾ ਪੁੱਟੀਆਂ। ਪੜ੍ਹਾਈ ਦੀ ਜੇਕਰ ਗੱਲ ਕਰੀਏ ਤਾਂ ਉਸ ਨੇ ਐਮ.ਸੀ.ਏ., ਐਮ.ਏ. ਸਮਾਜਿਕ ਸ਼ਾਸਤਰ, ਐਮ.ਐਸ.ਸੀ. ਆਈ.ਟੀ. ਤੇ ਬੀ.ਸੀ.ਏ. ਕੀਤੀ ਹੋਈ ਹੈ। ਪੜ੍ਹਾਈ ਦੇ ਲਗਾਵ ਨਾਲ ਉਸ ਨੇ ਪੰਜਾਬੀ ਭਾਸ਼ਾ ਪ੍ਰਤੀ ਆਪਣੀ ਦਿਲਚਸਪੀ ਵਧਾਈ। ਸਕੂਲ ਵਿਚ ਸਟੇਜਾਂ 'ਤੇ ਬੋਲਦੇ-ਬੋਲਦੇ ਆਤਮ-ਵਿਸ਼ਵਾਸ ਵਿਚ ਵਾਧਾ ਕੀਤਾ ਜਿਸ ਦਾ ਨਤੀਜਾ ਇਹ ਹੋਇਆ ਕਿ ਸੰਨ 2014 ਵਿਚ ਵਿਆਹੁਤਾ ਮੁਟਿਆਰਾਂ ਦੇ ਹੋਏ ਸੂਰਤ ਤੇ ਸੀਰਤ ਦੇ ਮੁਕਾਬਲੇ ਵਿਚ ਉਸ ਨੇ ਸੂਬੇ ਭਰ ਦੀਆਂ ਮੁਟਿਆਰਾਂ ਨੂੰ ਪਛਾੜ ਕੇ ਮਿਸ ਪੰਜਾਬ ਦਾ ਖ਼ਿਤਾਬ ਆਪਣੇ ਨਾਂਅ ਕੀਤਾ। ਅਧਿਆਪਕ ਹਰਜੀਤ ਸਿੰਘ ਨਾਲ ਵਿਆਹੀ ਜੱਸ ਢਿੱਲੋਂ ਆਪਣਾ ਵਧੀਆ ਜੀਵਨ ਬਸਰ ਕਰ ਰਹੀ ਹੈ। 2012 ਤੋਂ ਸਰਕਾਰੀ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਲਈ ਮੁਫ਼ਤ ਸਿੱਖਿਆ ਦੇ ਰਹੀ ਹੈ ਜਿਨ੍ਹਾਂ 'ਚੋਂ 12 ਬੱਚੇ ਉਸ ਨੇ ਅਡਾਪਟ ਕੀਤੇ ਹਨ। 2024 ਲੋਕ ਸਭਾ ਚੋਣਾਂ ਵਿਚ ਜ਼ਿਲ੍ਹੇ ਦੇ ਪ੍ਰਸ਼ਾਸਨ ਵਲੋਂ ਸੋਸ਼ਲ ਗਤੀਵਿਧੀਆਂ ਨੂੰ ਵੇਖਦੇ ਹੋਏ ਉਸ ਨੂੰ ਜ਼ਿਲ੍ਹਾ ਯੂਥ ਆਇਕਨ ਬਣਾਇਆ ਗਿਆ। ਪੰਜਾਬੀ ਭਾਸ਼ਾ ਵਿਚ ਮੁਹਾਰਤ ਹਾਸਲ ਹੋਣ ਕਰ ਕੇ ਜੱਸ ਢਿੱਲੋਂ ਅਨੇਕਾਂ ਵੱਡੀਆਂ ਸਟੇਜਾਂ ਦਾ ਸ਼ਿੰਗਾਰ ਬਣੀ ਹੈ। ਇੱਥੇ ਹੀ ਬਸ ਨਹੀਂ ਉਸ ਨੇ ਮਰਨ ਉਪਰੰਤ ਮਨੁੱਖਤਾ ਦੀ ਸੇਵਾ ਵਿਚ ਅੱਖਾਂ ਤੇ ਆਪਣਾ ਸਰੀਰ ਦਾਨ ਕਰਨ ਦਾ ਤਹੱਈਆ ਕੀਤਾ ਹੈ। ਇਸੇ ਸਾਲ ਹੀ ਆਪਣੇ ਸਮਾਜ ਸੇਵੀ ਕੰਮਾਂ ਨੂੰ ਅੱਗੇ ਤੋਰਦਿਆਂ ਉਸ ਨੇ 11 ਸਾਲ ਪਹਿਲਾਂ ਅਡਾਪਟ ਕੀਤੀ ਬੱਚੀ ਜਿਸ ਦਾ ਮਾਂ-ਬਾਪ ਇਸ ਦੁਨੀਆ 'ਤੇ ਨਹੀਂ ਸੀ ਤੇ ਉਸ ਅਨਾਥ ਬੱਚੀ ਦਾ ਵਿਆਹ ਆਪਣੇ ਵਲੋਂ ਬੜੀ ਧੂਮਧਾਮ ਨਾਲ ਕੀਤਾ। ਇਸ ਸਭ ਦਾ ਸਿਹਰਾ ਜੱਸ ਆਪਣੇ ਪਿਤਾ ਨੂੰ ਦਿੰਦੀ ਹੈ ਕਿਉਂਕਿ ਇਹ ਗੁਣ ਉਸ ਨੇ ਆਪਣੇ ਪਿਤਾ ਤੋਂ ਲਿਆ ਤੇ ਉਸ ਦੇ ਪਿਤਾ ਵੀ ਨਿਰਸਵਾਰਥ ਭਾਵਨਾ ਨਾਲ ਆਪਣੇ ਪਿੰਡ ਵਿਚ ਬਿਨਾਂ ਕੋਈ ਫ਼ੰਡ ਲਏ ਆਪਣੇ ਪੱਧਰ 'ਤੇ ਹਜ਼ਾਰਾਂ ਬੂਟੇ ਲਾ ਕੇ ਉਨ੍ਹਾਂ ਦੀ ਦੇਖ-ਭਾਲ ਕਰ ਰਹੇ ਹਨ। ਮਾਂ ਬੋਲੀ, ਮਿੱਟੀ ਤੇ ਮਿਠਾਸ ਦੀ ਰਾਖੀ ਲਈ ਅੱਗੇ ਆਈ ਮਹਿਲਾ ਤਾਕਤ ਜੱਸ ਢਿੱਲੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਮਿਸਾਲ ਹੈ ਜਿਸ ਨੇ ਬਚਪਨ ਤੋਂ ਹੀ ਮਾਪਿਆਂ ਵਲੋਂ ਮਿਲੀ ਸੰਸਕਾਰਾਂ ਭਰੀ ਸਿੱਖਿਆ ਨਾਲ ਆਪਣੀ ਮਾਂ ਬੋਲੀ ਨਾਲ ਅਤੁੱਟ ਨਾਤਾ ਜੋੜ ਲਿਆ। ਉਸ ਨੇ ਨਾ ਸਿਰਫ਼ ਖ਼ੁਦ ਪੰਜਾਬੀਅਤ ਨੂੰ ਆਪਣੀ ਜੀਵਨ-ਰੇਖਾ ਬਣਾਇਆ ਸਗੋਂ ਸਮਾਜ ਨੂੰ ਵੀ ਇਸ ਨਾਲ ਜੋੜਨ ਦਾ ਬੀੜਾ ਚੁੱਕਿਆ। ਉਹ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਉਣ, ਗ਼ਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ, ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ, ਖ਼ੂਨਦਾਨ ਕੈਂਪ ਲਗਾਉਣ ਵਰਗੀਆਂ ਸੇਵਾਵਾਂ ਕਰਦਿਆਂ ਮਨੁੱਖਤਾ ਦੀ ਸੱਚੀ ਮਿਸਾਲ ਪੇਸ਼ ਕਰ ਰਹੀ ਹੈ। ਜੱਸ ਢਿੱਲੋਂ ਸਿਰਫ਼ ਸਮਾਜ ਸੇਵਿਕਾ ਹੀ ਨਹੀਂ ਸੱਭਿਆਚਾਰ ਦੀ ਸੰਚਾਲਕ ਵੀ ਹੈ। ਉਸ ਦਾ ਸਪੱਸ਼ਟ ਸੰਦੇਸ਼ ਹੈ ਕਿ ਆਪਣੀ ਮਿੱਟੀ ਨੂੰ ਨਾ ਭੁੱਲੋ। ਉਹ ਕਹਿੰਦੀ ਹੈ ਕਿ ਹਰ ਪੰਜਾਬੀ ਨੂੰ ਆਪਣੀ ਪਛਾਣ 'ਤੇ ਮਾਣ ਹੋਣਾ ਚਾਹੀਦਾ ਹੈ। ਮਿਸ ਪੰਜਾਬਣ ਦਾ ਮਾਣ ਪ੍ਰਾਪਤ ਕਰ ਚੁੱਕੀ ਇਹ ਸ਼ਖ਼ਸੀਅਤ ਅੱਜ ਕਈਆਂ ਮਹਿਲਾਵਾਂ ਲਈ ਪ੍ਰੇਰਨਾ ਦਾ ਸਰੋਤ ਹੈ। ਵਾਹਿਗੁਰੂ ਕਿਰਪਾ ਕਰੇ, ਜੱਸ ਢਿੱਲੋਂ ਇਸੇ ਤਰ੍ਹਾਂ ਸਮਾਜ ਵਿਚ ਵਿਚਰਦਿਆਂ ਨਿੱਤ ਨਵੀਆਂ ਪਲਾਂਘਾ ਪੁੱਟਦੀ ਰਹੇ।
-ਜ਼ਿਲ੍ਹਾ ਇੰਚਾਰਜ 'ਅਜੀਤ' ਉਪ ਦਫ਼ਤਰ ਮੋਗਾ
ਮੋਬਾ: 98147-75510