ਪਹਿਰਾਵਾ ਇਨਸਾਨ ਦੀ ਸ਼ਖ਼ਸੀਅਤ ਨੂੰ ਪ੍ਰਤੱਖ ਰੂਪ ਵਿਚ ਪ੍ਰਭਾਵਿਤ ਕਰਦਾ ਹੈ। ਪਹਿਰਾਵੇ ਵਿਚੋਂ ਵਿਅਕਤੀ ਦੇ ਵਿਅਕਤੀਤਵ ਦੀ ਝਲਕ ਨਜ਼ਰ ਪੈਂਦੀ ਹੈ। ਕਿਸ ਤਰ੍ਹਾਂ ਦਾ ਪਹਿਰਾਵਾ ਚੰਗਾ ਹੈ ਅਤੇ ਕਿਸ ਤਰ੍ਹਾਂ ਦਾ ਪਹਿਰਾਵਾ ਮਾੜਾ ਹੈ? ਇਹ ਦੱਸਣ ਲਈ ਕੋਈ ਪੈਮਾਨਾ ਨਹੀਂ ਹੈ। ਪਹਿਰਾਵੇ ਦੀ ਪਰਿਭਾਸ਼ਾ ਸਮਾਜ ਤੈਅ ਕਰਦਾ ਹੈ। ਕਿਸੇ ਸਮਾਜ 'ਚ ਕਿਹੋ ਜਿਹੋ ਪਹਿਰਾਵਾ ਪ੍ਰਵਾਨਿਤ ਹੁੰਦਾ ਹੈ ਅਤੇ ਕਿਸੇ ਸਮਾਜ ਵਿਚ ਕੋਈ ਹੋਰ ਤਰ੍ਹਾਂ ਦਾ ਪਹਿਰਾਵਾ ਪ੍ਰਵਾਨਿਤ ਹੁੰਦਾ ਹੈ।
ਸਾਡੇ ਗੁਰੂਆਂ, ਪੀਰਾਂ ਅਤੇ ਹੋਰ ਮਹਾਨ ਸ਼ਖ਼ਸੀਅਤਾਂ ਵਲੋਂ ਸਾਦਾ ਪਹਿਰਾਵਾ ਪਹਿਨਣ 'ਤੇੇ ਜ਼ੋਰ ਦਿੱਤਾ ਗਿਆ ਹੈ। ਸਾਦਗੀ ਭਰਪੂਰ ਅਤੇ ਦੂਜਿਆਂ ਦੀਆਂ ਨਜ਼ਰਾਂ ਨੂੰ ਭਾਉਣ ਵਾਲਾ ਪਹਿਰਾਵਾ ਸਾਡੇ ਸੱਭਿਆਚਾਰ ਦੀ ਵਿਸ਼ੇਸ਼ਤਾ ਹੈ। ਮਨੋਵਿਗਿਆਨ ਅਨੁਸਾਰ ਕਿਸੇ ਵੀ ਵਿਅਕਤੀ ਦੇ ਪਹਿਰਾਵੇ ਤੋਂ ਉਸ ਦੀ ਸ਼ਖ਼ਸੀਅਤ ਬਾਰੇ ਬਾਖ਼ੂਬੀ ਜਾਣਿਆ ਜਾ ਸਕਦਾ ਹੈ। ਇਨਸਾਨ ਦਾ ਪਹਿਰਾਵਾ ਸਿਰਫ਼ ਉਸ ਦੀ ਸ਼ਖ਼ਸੀਅਤ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ, ਬਲਕਿ ਇਸ ਦੇ ਬਹੁਤ ਸਾਰੇ ਸਮਾਜਿਕ ਪ੍ਰਭਾਵ ਵੀ ਹਨ। ਇਕ ਵਿਅਕਤੀ ਦਾ ਪਹਿਰਾਵਾ ਦੂਜਿਆਂ ਨੂੰ ਸਿੱਧੇ ਰੂਪ ਵਿਚ ਪ੍ਰਭਾਵਿਤ ਕਰਦਾ ਹੈ। ਇਸ ਨੂੰ ਸਮੇਂ ਦੀ ਤਬਦੀਲੀ ਕਹੋ ਜਾਂ ਕੁਝ ਹੋਰ ਪਹਿਰਾਵੇ ਦੌਰਾਨ ਸਮਾਜਿਕ ਮਾਨਤਾਵਾਂ ਲਗਾਤਾਰ ਦਰਕਿਨਾਰ ਹੋ ਰਹੀਆਂ ਹਨ। ਕੁੜੀਆਂ ਅਤੇ ਔਰਤਾਂ ਦਾ ਪੂਰੀ ਤਰ੍ਹਾਂ ਤਨ ਢਕਣ ਵਾਲਾ ਪਹਿਰਾਵਾ ਸਾਡੇ ਸੱਭਿਆਚਾਰ ਦੀ ਅਮੀਰੀ ਹੈ। ਪਰ ਪੱਛਮੀ ਮੁਲਕਾਂ ਦੇ ਪ੍ਰਭਾਵ ਹੇਠ ਅਜੋਕੇ ਸਮੇਂ 'ਚ ਕੁੜੀਆਂ ਅਤੇ ਔਰਤਾਂ ਵਲੋਂ ਜੀਨ ਪੈਂਟਾਂ ਅਤੇ ਸਕਰਟਾਂ ਪਹਿਨਣ ਦਾ ਪ੍ਰਚਲਣ ਆਮ ਹੋ ਰਿਹਾ ਹੈ।
ਫੈਸ਼ਨ ਦੇ ਅਜੋਕੇ ਦੌਰ ਵਿਚ ਸਾਦਗੀ ਭਰਪੂਰ ਪਹਿਰਾਵਾ ਲਗਾਤਾਰ ਹਾਸ਼ੀਏ 'ਤੇੇ ਜਾ ਰਿਹਾ ਹੈ। ਨੌਜਵਾਨ ਪੀੜ੍ਹੀ ਊਟ-ਪਟਾਂਗ ਪਹਿਰਾਵਾ ਪਹਿਨਣ ਦੀ ਸ਼ੌਕੀਨ ਹੋ ਰਹੀ ਹੈ। ਕਿਸੇ ਸਮੇਂ ਗ਼ਰੀਬੀ ਦਾ ਸੂਚਕ ਰਿਹਾ ਫਟਿਆ ਪਹਿਰਾਵਾ ਅੱਜਕੱਲ੍ਹ ਫ਼ੈਸ਼ਨ ਬਣ ਗਿਆ ਹੈ। ਮੁੰਡੇ ਕੁੜੀਆਂ ਗੋਡਿਆਂ ਤੋਂ ਪਾਟੀਆਂ ਪੈਂਟਾਂ ਪਹਿਨਣ ਵਿਚ ਟੌਹਰ ਸਮਝਣ ਲੱਗੇ ਹਨ। ਨੰਗੇਜ਼ ਭਰਪੂਰ ਪਹਿਰਾਵਾ ਆਮ ਹੋ ਰਿਹਾ ਹੈ। ਪਾਰਦਰਸ਼ੀ ਪਹਿਰਾਵਾ ਅੰਗ ਪ੍ਰਦਰਸ਼ਨ ਦੀ ਅੱਤ ਹੀ ਹੈ।
ਫ਼ਿਲਮੀ ਸਿਤਾਰਿਆਂ ਅਤੇ ਗਾਇਕਾਂ ਵਲੋਂ ਪਹਿਨੇ ਜਾਣ ਵਾਲੇ ਪਹਿਰਾਵੇ ਨੂੰ ਸਾਡੀ ਨੌਜਵਾਨ ਪੀੜ੍ਹੀ ਬੜੀ ਜਲਦੀ ਅਪਣਾਉਂਦੀ ਹੈ। ਇਸ ਲਈ ਫ਼ਿਲਮੀ ਸਿਤਾਰਿਆਂ ਅਤੇ ਗਾਇਕਾਂ ਨੂੰ ਚਾਹੀਦਾ ਹੈ ਕਿ ਉਹ ਸਮਾਜ ਵੱਲੋਂ ਪ੍ਰਵਾਨਿਤ ਪਹਿਰਾਵਾ ਪਹਿਨਣ।
-ਮੋਬਾਈਲ : 98786-05965