ਹਰਾ ਧਨੀਆ : ਹਰ ਘਰ ਦੀ ਰਸੋਈ ਵਿਚ ਵਰਤੋਂ ਹੋਣ ਵਾਲਾ ਹਰਾ ਧਨੀਆ, ਸਾਡੀ ਸਿਹਤ ਲਈ ਤਾਂ ਫ਼ਾਇਦੇਮੰਦ ਹੈ ਹੀ, ਇਹ ਸਾਡੇ ਭੋਜਨ ਦੇ ਸੁਆਦ ਨੂੰ ਵੀ ਵਧਾਉਂਦਾ ਹੈ। ਜੇਕਰ ਘਰ ਵਿਚ ਘੱਟ ਥਾਂ ਹੈ, ਗਮਲੇ ਵਿਚ ਵੀ ਅਸੀਂ ਸੌਖਿਆਂ ਧਨੀਆ ਉਗਾ ਸਕਦੇ ਹਾਂ। ਧਨੀਏ ਦੇ ਬੀਜਾਂ ਨੂੰ ਅੱਧਾ ਇੰਚ ਡੂੰਘਾਈ 'ਤੇ ਦਬਾਉਣ ਤੋਂ ਬਾਅਦ ਮਿੱਟੀ ਦੀ ਪਰਤ ਬਿਛਾਓ। 6 ਤੋਂ 12 ਦਿਨਾਂ ਬਾਅਦ ਧਨੀਆ ਪੁੰਗਰਨਾ ਸ਼ੁਰੂ ਹੋ ਜਾਂਦਾ ਹੈ। 40 ਤੋਂ 50 ਦਿਨਾਂ ਅੰਦਰ ਤੁਸੀਂ ਆਪਣੇ ਘਰ ਦਾ ਉੱਗਿਆ ਧਨੀਆ ਵਰਤ ਸਕਦੇ ਹੋ। ਇਸ ਨੂੰ ਜੜ੍ਹੋਂ ਤੋੜਨ ਦੀ ਬਜਾਏ ਤੁਸੀਂ ਉੱਪਰ ਤੋਂ ਹੀ ਥੋੜ੍ਹਾ-ਥੋੜ੍ਹਾ ਕਰਕੇ ਤੋੜੋ, ਕਿਉਂਕਿ ਉੱਪਰ ਤੋਂ ਕੱਟਣ 'ਤੇ ਇਹ ਹੇਠਾਂ ਤੋਂ ਦੁਬਾਰਾ ਵਧਦਾ ਰਹਿੰਦਾ ਹੈ।
ਭਿੰਡੀ : ਇਸ ਮਹੀਨੇ ਭਿੰਡੀ ਬੀਜ ਕੇ ਅਗਲੇ 6-7 ਮਹੀਨੇ ਤੱਕ ਇਸ ਦੇ ਬੂਟਿਆਂ ਤੋਂ ਭਿੰਡੀ ਹਾਸਿਲ ਕੀਤੀ ਜਾ ਸਕਦੀ ਹੈ। ਭਿੰਡੀ ਦੇ ਬੀਜਾਂ ਨੂੰ ਮਿੱਟੀ ਤਿਆਰ ਕਰਨ ਤੋਂ ਬਾਅਦ ਇਕ ਤੋਂ ਡੇਢ ਇੰਚ ਦੀ ਡੂੰਘਾਈ 'ਤੇ ਬੀਜੋ। 5 ਤੋਂ 10 ਦਿਨ ਅੰਦਰ ਬੀਜ ਪੁੰਗਰਨੇ ਸ਼ੁਰੂ ਹੋ ਜਾਂਦੇ ਹਨ ਅਤੇ 60 ਤੋਂ 65 ਦਿਨਾਂ ਬਾਅਦ ਫੁੱਲ ਆਉਣ ਬਾਅਦ ਭਿੰਡੀ ਲੱਗਣ ਲਗਦੀ ਹੈ।
ਬੈਂਗਣ (ਬਤਾਊਂ) : ਅਪ੍ਰੈਲ ਮਹੀਨੇ ਵਿਚ ਆਪਣੀ ਬਗ਼ੀਚੀ ਵਿਚ ਬੈਂਗਣ ਬਹੁਤ ਸੌਖਿਆਂ ਉਗਾਏ ਜਾ ਸਕਦੇ ਹਨ। ਇਸ ਵਿਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਅਤੇ ਵਿਟਾਮਿਨ ਪਾਏ ਜਾਂਦੇ ਹਨ, ਜੋ ਸਾਡੀ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਬੈਂਗਣ ਦੇ ਬੀਜਾਂ ਨੂੰ ਅੱਧਾ ਸੈਂਟੀਮੀਟਰ ਜਾਂ 1/4 ਇੰਚ ਦੀ ਡੂੰਘਾਈ 'ਤੇ ਬੀਜੋ। 5 ਤੋਂ 14 ਦਿਨਾਂ ਅੰਦਰ ਇਸ ਦੇ ਬੀਜ ਪੁੰਗਰਨੇ ਹੋਣ ਲਗਦੇ ਹਨ ਅਤੇ 60 ਤੋਂ 70 ਦਿਨ ਵਿਚ ਬੈਂਗਣ ਲੱਗਣ ਲਗਦੇ ਹਨ। ਬੈਂਗਣ ਦੇ ਇਕ ਬੂਟੇ 'ਤੇ ਇਕੱਠੇ ਕਈ ਬੈਂਗਣ ਲਗਦੇ ਹਨ। ਇਨ੍ਹਾਂ ਨੂੰ ਇਕ ਵਾਰ ਉਗਾ ਕੇ ਲੰਮੇ ਸਮੇਂ ਤੱਕ ਲਗਾਤਾਰ ਇਸ ਦੀ ਸਬਜ਼ੀ ਦਾ ਅਨੰਦ ਲਿਆ ਜਾ ਸਕਦਾ ਹੈ।
-੦-
ਇਸ ਮਹੀਨੇ ਲਗਾ ਲਓ ਇਹ ਸਬਜ਼ੀਆਂ...
ਅਜੀਤ ਡੈਸਕ
23-04-2026