ਪਾਣੀ : ਜਦੋਂ ਤੁਹਾਨੂੰ ਪਿਆਸ ਲੱਗੇ ਤਾਂ ਸਮਝੋ ਕਿ ਸਰੀਰ ਵਿਚ ਪਾਣੀ ਦੀ ਕਮੀ ਪਹਿਲਾਂ ਹੀ ਹੋ ਚੁੱਕੀ ਹੈ। ਗਰਮੀਆਂ ਵਿਚ ਜਦੋਂ ਵੀ ਤੁਹਾਡਾ ਸਰੀਰ ਡੀਹਾਈਡ੍ਰੇਟ ਹੋਣਾ ਸ਼ੁਰੂ ਕਰਦਾ ਹੈ ਤਾਂ ਤੁਸੀਂ ਆਲਸੀ ਅਤੇ ਸੁਸਤ ਮਹਿਸੂਸ ਕਰਨ ਲਗਦੇ ਹੋ। ਸਰੀਰ ਵਿਚ ਤਰਲ ਪਦਾਰਥਾਂ ਦੀ ਹਲਕੀ ਜਿਹੀ ਕਮੀ ਵੀ ਤੁਹਾਡਾ ਮੂਡ ਖ਼ਰਾਬ ਕਰ ਸਕਦੀ ਹੈ। ਇਕ ਦਿਨ ਵਿਚ ਕਿੰਨਾ ਪਾਣੀ ਪੀਣਾ ਚਾਹੀਦਾ ਇਸ ਦਾ ਕੋਈ ਪੈਮਾਨਾ ਨਹੀਂ ਹੈ। ਇਹ ਤੁਹਾਡੀ ਉਚਾਈ, ਵਜ਼ਨ, ਜੈਂਡਰ, ਸਰਗਰਮਤਾ ਅਤੇ ਸਿਹਤ 'ਤੇ ਨਿਰਭਰ ਕਰਦਾ ਹੈ। ਸਿਹਤ ਮਾਹਿਰਾਂ ਦੀ ਮੰਨੀਏ ਤਾਂ ਇਕ ਆਦਮੀ ਨੂੰ ਔਸਤਨ 8 ਤੋਂ 10 ਗਿਲਾਸ ਪਾਣੀ ਪੀਣਾ ਚਾਹੀਦਾ। ਗਰਭਵਤੀ ਔਰਤਾਂ ਨੂੰ 10 ਗਿਲਾਸ ਪਾਣੀ ਪੀਣਾ ਚਾਹੀਦਾ, ਜਦ ਕਿ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਘੱਟ ਤੋਂ ਘੱਟ 12 ਗਿਲਾਸ ਪਾਣੀ ਪੀਣਾ ਚਾਹੀਦਾ। ਦਿਨ ਵਿਚ ਹਰ ਦੋ ਘੰਟਿਆਂ ਵਿਚ ਇਕ ਗਿਲਾਸ ਪਾਣੀ ਪੀਣਾ ਚਾਹੀਦਾ। ਤੁਹਾਨੂੰ ਸਪੋਰਟਸ ਡ੍ਰਿੰਕ ਤੋਂ ਪਰਹੇਜ਼ ਕਰਨਾ ਚਾਹੀਦਾ, ਕਿਉਂਕਿ ਇਸ ਵਿਚ ਮੌਜੂਦ ਤੱਤ ਤੁਹਾਡਾ ਸ਼ੂਗਰ ਦਾ ਪੱਧਰ ਵਧਾ ਸਕਦੇ ਹਨ ਅਤੇ ਤੁਹਾਨੂੰ ਨੁਕਸਾਨ ਚੁੱਕਣਾ ਪੈ ਸਕਦਾ ਹੈ।
ਪਾਣੀ ਵਿਚ ਕੋਈ ਵੀ ਸ਼ੂਗਰ ਜਾਂ ਕੈਲੋਰੀ ਆਦਿ ਨਹੀਂ ਮਿਲਾਈ ਜਾਂਦੀ, ਜਿਸ ਦੀ ਵਜ੍ਹਾ ਨਾਲ ਤੁਸੀਂ ਦਿਨ ਭਰ ਪਾਣੀ ਪੀ ਸਕਦੇ ਹੋ। ਸਾਦੇ ਪਾਣੀ ਵਿਚ ਖੀਰਾ, ਨਿੰਬੂ, ਪੁਦੀਨਾ ਆਦਿ ਮਿਲਾ ਕੇ ਇਸ ਦਾ ਸਵਾਦ ਵਧਾਇਆ ਜਾ ਸਕਦਾ ਹੈ, ਜਿਸ ਨਾਲ ਇਸ ਨੂੰ ਪੀਣਾ ਸਹਿਜ ਹੋ ਸਕਦਾ ਹੈ। ਇਨ੍ਹਾਂ ਦੇ ਮਿਲਾਉਣ ਨਾਲ ਪਾਣੀ ਵਿਚ ਸਹੀ ਪੋਸ਼ਣ ਅਤੇ ਕੁਦਰਤੀ ਸੁਗੰਧ ਦਾ ਅਹਿਸਾਸ ਹੁੰਦਾ ਹੈ ਅਤੇ ਸਰੀਰ ਨੂੰ ਡੀਹਾਈਡ੍ਰੇਸ਼ਨ ਕਰਨ ਦਾ ਇਹ ਸਵਾਦੀ ਤਰੀਕਾ ਵੀ ਹੈ।
ਪਾਣੀ ਵਾਲੇ ਫਲ : ਗਰਮੀਆਂ ਵਿਚ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਪਾਣੀ ਵਾਲੇ ਫਲਾਂ ਦੀ ਵਰਤੋਂ ਹੁੰਦੀ ਹੈ, ਕਿਉਂਕਿ ਇਨ੍ਹਾਂ ਵਿਚ ਕੁਦਰਤੀ ਸ਼ੂਗਰ, ਫਾਈਬਰ ਅਤੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ। ਇਹ ਹਾਈਡ੍ਰੇਸ਼ਨ ਦੇ ਨਾਲ-ਨਾਲ ਸਰੀਰ ਨੂੰ ਗਰਮੀ ਅਤੇ ਸੂਰਜ ਦੀ ਧੁੱਪ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਸੁਰੱਖਿਆ ਪ੍ਰਦਾਨ ਕਰਦੇ ਹਨ। ਜ਼ਿਆਦਾਤਰ ਫਲਾਂ ਵਿਚ ਪਾਣੀ ਦੀ ਜ਼ਿਆਦਾ ਮਾਤਰਾ ਹੋਣ ਦੇ ਨਾਲ ਹੀ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟਸ ਵੀ ਮੌਜੂਦ ਹੁੰਦੇ ਹਨ। ਹਦਵਾਣੇ ਵਿਚ 92 ਫ਼ੀਸਦੀ ਪਾਣੀ ਹੁੰਦਾ ਹੈ, ਜਦ ਕਿ ਸਟ੍ਰਾਬੇਰੀ ਵਿਚ 91 ਫ਼ੀਸਦੀ, ਖਰਬੂਜ਼ੇ ਵਿਚ 90 ਫ਼ੀਸਦੀ ਅਤੇ ਆੜੂ ਵਿਚ 89 ਫ਼ੀਸਦੀ ਪਾਣੀ ਹੁੰਦਾ ਹੈ। ਇਹ ਫਲ ਹਾਈਡ੍ਰੇਸ਼ਨ ਦੇ ਨਾਲ ਹੀ ਸਰੀਰ ਨੂੰ ਵਿਟਾਮਿਨ ਸੀ, ਵਿਟਾਮਿਨ ਏ, ਪੋਟਾਸ਼ੀਅਮ ਆਦਿ ਵੀ ਪ੍ਰਦਾਨ ਕਰਦੇ ਹਨ, ਜਿਸ ਨਾਲ ਸਰੀਰ ਵਿਚ ਊਰਜਾ ਮਿਲਦੀ ਹੈ ਅਤੇ ਰੋਗ ਪ੍ਰਤੀਰੋਧੀ ਤਾਕਤ ਵਿਕਸਿਤ ਹੁੰਦੀ ਹੈ। ਤੁਸੀਂ ਆਪਣੀ ਰੋਜ਼ਮਰ੍ਹਾ ਵਿਚ ਹਲਕਾ ਜਿਹਾ ਬਦਲਾਅ ਕਰਕੇ ਇਨ੍ਹਾਂ ਪਲਾਂ ਦੀ ਰੋਜ਼ ਆਪਣੇ ਭੋਜਨ ਵਿਚ ਸ਼ਮਿਲ ਕਰ ਸਕਦੇ ਹੋ। ਤੁਸੀਂ ਫਲਾਂ ਦਾ ਸਲਾਦ ਜਾਂ ਸਨੈਕਸ ਬਣਾ ਕੇ ਸਵੇਰ ਦੇ ਨਾਸ਼ਤੇ ਵਿਚ ਲੈ ਸਕਦੇ ਹੋ। ਇਨ੍ਹਾਂ ਫਲਾਂ ਨੂੰ ਦਹੀਂ, ਦੁੱਧ, ਸਬਜ਼ੀਆਂ ਆਦਿ ਵਿਚ ਬਲੈਂਡਰ ਵਿਚ ਪੀਹ ਕੇ ਸਮੂਦੀ ਬਣਾ ਕੇ ਵਰਤੋਂ ਕਰ ਸਕਦੇ ਹੋ, ਜਿਸ ਨਾਲ ਇਹ ਜ਼ਿਆਦਾ ਸਿਹਤ ਵਰਧਕ ਅਤੇ ਪੌਸ਼ਟਿਕ ਬਣਦਾ ਹੈ। ਦੁਪਹਿਰ ਵਿਚ ਇਨ੍ਹਾਂ ਫਲਾਂ ਦੇ ਸਲਾਈਸ ਭੋਜਨ ਦੌਰਾਨ ਲੈ ਸਕਦੇ ਹੋ।
ਨਾਰੀਅਲ ਦਾ ਪਾਣੀ : ਨਾਰੀਅਲ ਪਾਣੀ ਕੁਦਰਤੀ ਅਤੇ ਸਿਹਤਮੰਦ ਪੀਣ ਵਾਲਾ ਪਦਾਰਥ ਹੈ, ਜੋ ਕਿ ਸਰੀਰ ਨੂੰ ਹਾਈਡ੍ਰੇਟ ਕਰਦਾ ਹੈ, ਜਿਸ ਨਾਲ ਤੁਸੀਂ ਊਰਜਾਵਾਨ ਅਤੇ ਸਰਗਰਮ ਮਹਿਸੂਸ ਕਰਦੇ ਹੋ। ਇਹ ਨਾ ਸਿਰਫ਼ ਸਰੀਰ ਨੂੰ ਠੰਢਕ ਦਿੰਦਾ ਹੈ, ਸਗੋਂ ਇਲੈਕਟ੍ਰੋਲਾਈਟਸ ਨਾਲ ਭਰਪੂਰ ਹੁੰਦਾ ਹੈ, ਜੋ ਤਾਜ਼ਗੀ ਅਤੇ ਊਰਜਾ ਪ੍ਰਦਾਨ ਕਰਦੇ ਹਨ। ਨਾਰੀਅਲ ਪਾਣੀ ਪੀਣ ਨਾਲ ਥਕਾਵਟ ਅਤੇ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਇਹ ਹਾਜ਼ਮਾ ਕਿਰਿਆ ਨੂੰ ਵੀ ਸੁਧਾਰਦਾ ਹੈ।
ਨਾਰੀਅਲ ਪਾਣੀ ਦਿਨ ਦੇ ਕਿਸੇ ਵੀ ਸਮੇਂ ਪੀਤਾ ਜਾ ਸਕਦਾ ਹੈ ਪਰ ਆਯੁਰਵੈਦ ਇਸ ਨੂੰ ਸਵੇਰੇ ਖਾਲੀ ਪੇਟ ਪੀਣ ਦੀ ਸਲਾਹ ਦਿੰਦੇ ਹਨ, ਤਾਂ ਕਿ ਤੁਹਾਨੂੰ ਇਸ ਦਾ ਜ਼ਿਆਦਾ ਲਾਭ ਮਿਲ ਸਕੇ।
ਨਾਰੀਅਲ ਪਾਣੀ ਵਿਚ ਐਂਟੀਆਕਸੀਡੈਂਟ ਅਤੇ ਵਿਟਾਮਿਨ 'ਸੀ' ਹੁੰਦੇ ਹਨ, ਜੋ ਚਮੜੀ ਨੂੰ ਅੰਦਰ ਤੋਂ ਚਮਕਦਾਰ ਬਣਾਉਣ ਵਿਚ ਮਦਦਗਾਰ ਹੈ। ਸਵੇਰੇ ਖਾਲੀ ਪੇਟ ਇਕ ਗਿਲਾਸ ਨਾਰੀਅਲ ਪਾਣੀ ਪੀਣ ਨਾਲ ਚਮੜੀ ਸਿਹਤਮੰਦ ਅਤੇ ਆਕਰਸ਼ਕ ਬਣਦੀ ਹੈ। ਨਾਰੀਅਲ ਪਾਣੀ ਵਿਚ ਫਾਈਬਰ ਹੁੰਦਾ ਹੈ, ਜੋ ਹਾਜ਼ਮਾ ਕਿਰਿਆ ਨੂੰ ਬਿਹਤਰ ਬਣਾਉਣ ਵਿਚ ਮਦਦ ਕਰ ਸਕਦਾ ਹੈ। ਰੋਜ਼ਾਨਾ ਇਕ ਗਿਲਾਸ ਨਾਰੀਅਲ ਪਾਣੀ ਪੀਣ ਨਾਲ ਪੇਟ ਨੂੰ ਸਿਹਤਮੰਦ ਰੱਖਣ ਵਿਚ ਮਦਦ ਮਿਲ ਸਕਦੀ ਹੈ।
ਲੱਸੀ : ਗਰਮੀਆਂ ਵਿਚ ਪੁਦੀਨੇ ਵਾਲੀ ਲੱਸੀ ਪੀਣ ਨਾਲ ਪੇਟ ਸ਼ਾਂਤ ਰਹਿੰਦਾ ਹੈ ਅਤੇ ਹਾਜ਼ਮਾ ਕਿਰਿਆ ਸਹੀ ਰਹਿੰਦੀ ਹੈ। ਇਹ ਸਰੀਰ ਨੂੰ ਠੰਢਕ ਅਤੇ ਹਾਈਡ੍ਰੇਸ਼ਨ ਦੋਵੇਂ ਪ੍ਰਦਾਨ ਕਰਦਾ ਹੈ। ਇਸ ਵਿਚ ਪ੍ਰੋਟੀਨ, ਕੈਲਸ਼ੀਅਮ ਅਤੇ ਵਿਟਾਮਿਨ 'ਬੀ-12' ਵਰਗੇ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਨੂੰ ਊਰਜਾ ਦੇਣ ਦੇ ਨਾਲ-ਨਾਲ ਕਮਜ਼ੋਰੀ ਅਤੇ ਥਕਾਵਟ ਨੂੰ ਵੀ ਦੂਰ ਕਰਦੇ ਹਨ। ਲੱਸੀ ਵਿਚ ਇਲੈਕਟ੍ਰੋਲਾਈਟਸ ਤੱਤ ਮੌਜੂਦ ਹੁੰਦੇ ਹਨ, ਜੋ ਕਿ ਸਰੀਰ ਦੇ ਪਾਣੀ ਨੂੰ ਸੰਤੁਲਿਤ ਬਣਾਈ ਰੱਖਣ ਵਿਚ ਮਦਦ ਕਰਦੇ ਹਨ।
-੦-